Home Bulletin ਪਟਿਆਲਾ ਹਿੰਸਾ ਦੌਰਾਨ ਗੋਲੀ ਚਲਾ ਕੇ ਇਕ ਵਿਅਕਤੀ ਨੂੰ ਜ਼ਖ਼ਮੀ ਕਰਨ ਦੇ...

ਪਟਿਆਲਾ ਹਿੰਸਾ ਦੌਰਾਨ ਗੋਲੀ ਚਲਾ ਕੇ ਇਕ ਵਿਅਕਤੀ ਨੂੰ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਚਾਰ ਗ੍ਰਿਫ਼ਤਾਰ : ਐਸਐਸਪੀ

0

ਪਟਿਆਲਾ, ਪੰਜਾਬ ਪੁਲਿਸ ਨੇ ਪਿਛਲੇ ਦਿਨੀਂ ਪਟਿਆਲਾ ਵਿਖੇ ਹੋਈ ਹਿੰਸਾ ਦੇ ਮਾਮਲੇ ਵਿੱਚ ਗੋਲੀ ਚਲਾ ਕੇ ਇਕ ਵਿਅਕਤੀ ਨੂੰ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਸੀਨੀਅਰ ਕਪਤਾਨ ਪੁਲਿਸ ਸ੍ਰੀ ਦੀਪਕ ਪਾਰੀਕ ਨੇ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਕੈਮਰਿਆਂ ਦੀ ਫੁਟੇਜ ਦੇ ਆਧਾਰ ‘ਤੇ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਹੁਸਨਪ੍ਰੀਤ ਸਿੰਘ ਉਰਫ ਹੁਸਨ, ਨਿਮੇਸ਼ ਉਰਫ ਨਿਸ਼ੂ, ਯਸ਼ਦੇਵ ਉਰਫ ਯਾਦਾ ਅਤੇ ਕੁਸ਼ਲ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ 29 ਅਪ੍ਰੈਲ, 2022 ਨੂੰ ਮਾਤਾ ਸ੍ਰੀ ਕਾਲੀ ਦੇਵੀ ਮੰਦਿਰ ਕੰਪਲੈਕਸ ਪਟਿਆਲਾ ਵਿੱਚ ਵਾਪਰੀ ਘਟਨਾ ਸਬੰਧੀ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਅਤੇ ਬਾਕੀ ਸਬੂਤਾਂ ਨੂੰ ਵਾਚਦੇ ਹੋਏ ਬਲਵਿੰਦਰ ਸਿੰਘ ‘ਤੇ ਗੋਲੀ ਚਲਾਉਣ ਸਬੰਧੀ ਮੁਕੱਦਮਾ ਨੰਬਰ 72 ਮਿਤੀ 29 ਅਪ੍ਰੈਲ, 2022 ਅ/ਧ 307, 323, 506, 148, 149 ਹਿੰ : ਦੰ : 25, 27/ 54/59 ਅਸਲਾ ਐਕਟ ਥਾਣਾ ਕੋਤਵਾਲੀ ਪਟਿਆਲਾ ਵਿਖੇ ਦਰਜ ਕੀਤਾ ਗਿਆ ਸੀ।
ਐਸ.ਐਸ.ਪੀ. ਨੇ ਦੱਸਿਆ ਕਿ ਫੁਟੇਜ ਵਿੱਚ ਪਛਾਣੇ ਗਏ ਚਾਰੋ ਵਿਅਕਤੀਆਂ ਹੁਸਨਪ੍ਰੀਤ ਸਿੰਘ ਉਰਫ ਹੁਸਨ, ਨਿਮੇਸ਼ ਉਰਫ ਨਿਸ਼ੂ, ਯਸ਼ਦੇਵ ਉਰਫ ਯਾਦਾ ਅਤੇ ਕੁਸ਼ਲ ਨੂੰ ਗ੍ਰਿਫਤਾਰ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ। ਸ੍ਰੀ ਦੀਪਕ ਪਾਰੀਕ ਨੇ ਦੱਸਿਆ ਕਿ ਦੋਸ਼ੀਆਂ ਪਾਸੋਂ ਵਾਰਦਾਤ ਵਿੱਚ ਵਰਤਿਆ ਗਿਆ ਪਿਸਤੌਲ ਸਮੇਤ 1 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਵੀ ਸਬੂਤ ਵਜੋਂ ਕਬਜ਼ੇ ਵਿੱਚ ਲਿਆ ਗਿਆ ਹੈ। ਸਾਰੇ ਪੁਖਤਾ ਸਬੂਤਾਂ ਦੇ ਅਧਾਰ ‘ਤੇ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਬਲਵਿੰਦਰ ਸਿੰਘ ਵਿਰੁੱਧ ਮੁਕੱਦਮਾ ਨੰਬਰ 76 ਮਿਤੀ 30.04 2022 ਅ/ਧ 295-ਏ, 153-ਏ, 452, 380, 427, 504, 147, 148, 149 , ਹਿੰ : ਦੰ : 3 ਪ੍ਰੀਵੈਨਸ਼ਨ ਆਫ ਡੈਮੇਜ ਟੂ ਪਬਲਿਕ ਪ੍ਰਾਪਰਟੀ ਐਕਟ 1984 ਥਾਣਾ ਕੋਤਵਾਲੀ ਪਟਿਆਲਾ ਵਿਖੇ ਦਰਜ ਕੀਤਾ ਗਿਆ ਹੈ ਜਿਸ ਵਿੱਚ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਉਹ ਇਲਾਜ ਲਈ ਹਸਪਤਾਲ ਵਿੱਚ ਹੀ ਦਾਖਲ ਹੈ। ਵਿਸ਼ੇਸ਼ ਜਾਂਚ ਟੀਮ ਵੱਲੋਂ ਤਫਤੀਸ ਦੌਰਾਨ ਸਾਹਮਣੇ ਆਏ ਤੱਥਾਂ ਦੇ ਅਧਾਰ ‘ਤੇ ਮੁਕੱਦਮਾ ਨੰਬਰ 76 ਵਿੱਚ ਦੋਸ਼ੀ ਪ੍ਰਿੰਸਪਾਲ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਂਚ ਟੀਮ ਵੱਲੋਂ ਮਾਮਲੇ ਦੀ ਨਿਰਪੱਖ ਅਤੇ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।

Exit mobile version