Home Punjabi News ਹੁਣ ਅਯੁੱਧਿਆ ਮੁੱਦੇ ‘ਤੇ ਸ਼੍ਰੋਮਣੀ ਕਮੇਟੀ ਨੇ ਪਾ ਲਿਆ ਪੰਗਾ, ਸੁਪ੍ਰੀਮ ਕੋਰਟ...

ਹੁਣ ਅਯੁੱਧਿਆ ਮੁੱਦੇ ‘ਤੇ ਸ਼੍ਰੋਮਣੀ ਕਮੇਟੀ ਨੇ ਪਾ ਲਿਆ ਪੰਗਾ, ਸੁਪ੍ਰੀਮ ਕੋਰਟ ਦੇ ਫੈਸਲੇ ਨੂੰ ਦਿੱਤੀ ਜਾਵੇਗੀ ਚੁਣੌਤੀ ? ਸ਼੍ਰੋਮਣੀ ਕਮੇਟੀ ਇਜਲਾਸ ਦੌਰਾਨ ਸਦਨ ‘ਚ ਪਾਸ ਕਰਤਾ ਮਤਾ

0

ਅੰਮ੍ਰਿਤਸਰ : ਅਯੁੱਧਿਆ ਰਾਮ ਮੰਦਰ ਮੁੱਦੇ ‘ਤੇ ਕੁਝ ਦਿਨ ਪਹਿਲਾਂ ਆਇਆ ਫੈਸਲਾ, ਬੀਤੀ ਕੱਲ੍ਹ ਸੱਦੇ ਗਏ ਸ਼੍ਰੋਮਣੀ ਕਮੇਟੀ ਇਜਲਾਸ ਦੌਰਾਨ ਵੀ ਛਾਇਆ ਰਿਹਾ। ਕਾਰਨ ਸੀ ਸ਼੍ਰੋਮਣੀ ਕਮੇਟੀ ‘ਚ ਵਿਰੋਧੀ ਧਿਰ ਦੇ ਆਗੂ ਸੁਖਦੇਵ ਸਿੰਘ ਭੌਰ ਵੱਲੋਂ ਅਦਾਲਤ ਦੇ ਉਸ ਫੈਸਲੇ ਖਿਲਾਫ ਹਾਊਸ ‘ਚ ਮਤਾ ਪੇਸ਼ ਕਰਨਾ। ਹਾਲਾਂ ਕਿ ਚੁੱਕੇ ਗਏ ਇਸ ਮਤੇ ਸਬੰਧੀ ਨਾ ਤਾਂ ਪਹਿਲਾਂ ਲਿਖਤੀ ਤੌਰ ਤੇ ਕੁਝ ਤੈਅ ਨਹੀਂ ਸੀ, ਤੇ ਨਾ ਹੀ ਭੌਰ ਵੱਲੋਂ ਹਾਊਸ ‘ਚ ਇਹ ਮਤਾ ਚੁੱਕਣ ਦੀ ਕੋਈ ਅਗਾਊਂ ਲਿਖਤੀ ਪ੍ਰਵਾਨਗੀ ਲਈ ਗਈ ਸੀ, ਪਰ ਇਸ ਦੇ ਬਾਵਜੂਦ ਜਦੋਂ ਭੌਰ ਨੇ ਇਸ ਬਾਰੇ ਆਵਾਜ਼ ਚੁੱਕੀ ਤਾਂ ਸ਼੍ਰੋਮਣੀ ਕਮੇਟੀ ਦੇ ਤੀਜੀ ਵਾਰ ਤਾਜੇ ਤਾਜੇ ਪ੍ਰਧਾਨ ਬਣੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇਹਾਊਸ ਨੂੰ ਇਹ ਮਤਾ ਇੱਕ ਲਾਈਨ ਵਿਚ ਪਾਸ ਕਰਨ ਲਈ ਕਹਿ ਦਿੱਤਾ।
ਚੁੱਕੇ ਗਏ ਇਸ ਮਤੇ ਵਿੱਚ ਭੌਰ ਨੇ ਕਿਹਾ ਕਿ ਉਨ੍ਹਾਂ ਨੂੰ ਅਯੁੱਧਿਆ ਬਾਰੇ ਸੁਪ੍ਰੀਮ ਕੋਰਟ ਵਲੋਂ ਕੀਤੀਆਂ ਗਈਆਂ ਉਨ੍ਹਾਂ ਟਿੱਪਣੀਆਂ ‘ਤੇ ਸਖਤ ਇਤਰਾਜ਼ ਹੈ, ਜਿਹੜੀਆਂ ਅਦਾਲਤ ਨੇ ਫੈਸਲਾ ਦੇਣ ਵਕਤ ਗੁਰੂ ਨਾਨਕ ਦੇਵ ਜੀ ਦੀ ਅਯੁੱਧਿਆ ਫੇਰੀ ਦਾ ਹਵਾਲਾ ਦੇ ਕੇ ਕੀਤੀਆਂ ਗਈਆਂ ਨੇ। ਉਨ੍ਹਾਂ ਕਿਹਾ ਕਿ ਇਹ ਹਵਾਲੇ ਆਰਐਸਐਸ ਦੇ ਸ਼ਬਦਾਂ ‘ਤੇ ਅਧਾਰਿਤ ਹਨ। ਭੌਰ ਦਾ ਇਤਰਾਜ਼ ਸੀ ਕਿ ਅਦਾਲਤ ਨੇ ਅਜਿਹੇ ਹਵਾਲੇ ਦੇਣ ਤੋਂ ਪਹਿਲਾਂ ਐਸਜੀਪੀਸੀ ਤੋਂ ਅਯੁਧਿਆ ‘ਚ ਗ਼ੁਰੂ ਸਾਹਿਬ ਦੀ ਅਜਿਹੀ ਕਿਸੇ ਫੇਰੀ ਬਾਰੇ ਕਿਉਂ ਨਹੀਂ ਪੁੱਛਿਆ? ਉਨ੍ਹਾਂ ਅੱਗੇ ਸਵਾਲ ਕੀਤਾ ਕਿ ਆਰਐਸਐਸ ਦੇ ਸ਼ਬਦਾਂ ਨੂੰ ਸਿੱਖ ਇਤਿਹਾਸ ਨਾਲ ਜੁੜੀ ਜਾਣਕਾਰੀ ਸਾਬਤ ਕਰਨ ਲਈ ਅਦਾਲਤ ਵਿੱਚ ਕਿਵੇਂ ਮਨਜ਼ੂਰ ਕੀਤਾ ਜਾ ਸਕਦਾ ਹੈ ? ਉਨ੍ਹਾਂ ਦਾਅਵਾ ਕੀਤਾ ਕਿ ਇਹ ਗੁਰੂ ਸਾਹਿਬ ਨਾਲ ਜੁੜੇ ਤੱਥਾਂ ਅਤੇ ਸਿੱਖ ਇਤਿਹਾਸ ਦੀ ਗ਼ਲਤ ਵਿਆਖਿਆ ਕੀਤੀ ਗਈ ਹੈ। ਜਿਸ ਦੀ ਘੋਰ ਨਿੰਦਾ ਕਰਨ ਦੇ ਨਾਲ ਨਾਲ ਅਦਾਲਤ ਨੂੰ ਇਨ੍ਹਾਂ ਟਿੱਪਣੀਆਂ ਬਾਰੇ ਮੁੜ ਵਿਚਾਰ ਕਰਨ ਲਈ ਕਿਹਾ ਜਾਣਾ ਚਾਹੀਦਾ ਹੈ।

ਸੁਖਦੇਵ ਸਿੰਘ ਭੌਰ ਵੱਲੋਂ ਇਹ ਕਹਿਣ ਦੀ ਦੇਰ ਹੀ ਸੀ ਕਿ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਨਾਲ ਦੀ ਨਾਲ ਹੀ ਇਹ ਕਹਿ ਦਿੱਤਾ ਕਿ ਅਸੀਂ ਮੈਂਬਰ ਸੁਖਦੇਵ ਸਿੰਘ ਭੌਰ ਵਲੋਂ ਚੁੱਕੇ ਗਏ ਇਤਰਾਜ਼ ਮਤੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਤੇ ਲਿਖਤੀ ਮਾਤੇ ਰਾਂਹੀ ਇਸ ਦੀ ਨਿੰਦਾ ਕਰਦੇ ਹਾਂ। ਇਸ ਉਪਰੰਤ ਪੂਰੇ ਸਦਨ ਨੇ ਇਸ ਮਤੇ ਨੂੰ ਪ੍ਰਵਾਨਗੀ ਦੇ ਦਿੱਤੀ।

Exit mobile version