Home Punjabi News ਵੱਖ-ਵੱਖ ਵਿਭਾਗਾਂ ਦੀਆਂ ਸਲਾਹਕਾਰ ਕਮੇਟੀਆਂ ਦੀਆਂ ਮੀਟਿੰਗਾਂ ‘ਚ ਕਈ ਮੁੱਦੇ ਵਿਚਾਰੇ

ਵੱਖ-ਵੱਖ ਵਿਭਾਗਾਂ ਦੀਆਂ ਸਲਾਹਕਾਰ ਕਮੇਟੀਆਂ ਦੀਆਂ ਮੀਟਿੰਗਾਂ ‘ਚ ਕਈ ਮੁੱਦੇ ਵਿਚਾਰੇ

0

ਪਟਿਆਲਾ,: ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਮੋਹਿੰਦਰਪਾਲ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਮਰੀਜ਼ਾਂ ਨੂੰ ਲੈ ਕੇ ਜਾਣ ਵਾਲੀਆਂ ਐਬੂਲੈਂਸਾਂ ਨੂੰ ਸੜਕ, ਚੁਰਾਹੇ, ਭੀੜ ਭੜੱਕੇ ਵਾਲੀਆਂ ਥਾਵਾਂ ਜਾਂ ਟਰੈਫਿਕ ਲਾਈਟਾਂ ‘ਤੇ ਤੁਰੰਤ ਰਸਤਾ ਮੁਹੱਈਆ ਕਰਵਾਇਆ ਜਾਵੇ ਕਿਉਂਕਿ ਟਰੈਫਿਕ ਜਾਮ ਵਿੱਚ ਫਸਣ ਕਾਰਨ ਕਈ ਵਾਰ ਮੁਢਲੀ ਸਹਾਇਤਾ ਜਾਂ ਇਲਾਜ ਵਿੱਚ ਥੋੜ੍ਹੀ ਜਿਹੀ ਹੋਈ ਦੇਰੀ ਵੀ ਮਰੀਜ਼ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ। ਏ.ਡੀ.ਸੀ. ਜਨਰਲ ਅੱਜ ਮਿੰਨੀ ਸਕੱਤਰੇਤ ਵਿਖੇ ਜ਼ਿਲ੍ਹੇ ਦੀਆਂ ਵੱਖ-ਵੱਖ ਵਿਭਾਗਾਂ ਦੀਆਂ ਸਲਾਹਕਾਰ ਕਮੇਟੀਆਂ ਨਾਲ ਮੀਟਿੰਗ ਕਰ ਰਹੇ ਸਨ।
ਪੁਲਿਸ ਵਿਭਾਗ ਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੌਰਾਨ ਕਮੇਟੀ ਦੇ ਮੈਂਬਰ ਐਡਵੋਕੇਟ ਹਰਦੀਪ ਸਿੰਘ ਵੱਲੋਂ ਐਬੂਲੈਸਾਂ ਨੂੰ ਰਸਤਾ ਦਿਵਾਉਣ ਸਬੰਧੀ ਉਠਾਏ ਮੁੱਦੇ ਉਪਰੰਤ ਏ.ਡੀ.ਸੀ. ਨੇ ਪੁਲਿਸ ਵਿਭਾਗ ਨੂੰ ਕਿਹਾ ਕਿ ਟਰੈਫਿਕ ਲਾਈਟਾਂ ਚੁਰਾਹਿਆਂ ਜਾਂ ਭੀੜ ਭੜੱਕੇ ਵਾਲੇ ਸਥਾਨਾਂ ‘ਤੇ ਟਰੈਫਿਕ ਮੁਲਾਜ਼ਮ ਵੀ ਐਬੂਲੈਂਸਾਂ ਨੂੰ ਛੇਤੀ ਰਸਤਾ ਦਿਵਾਉਣ ਦੀ ਜਿੰਮੇਵਾਰੀ ਨਿਭਾਉਣ। ਉਹਨਾਂ ਪੁਲਿਸ ਵਿਭਾਗ ਨੂੰ ਕਿਹਾ ਕਿ ਟਰੈਫਿਕ ਲਾਈਟਾਂ ‘ਤੇ ਲਾਲ ਬੱਤੀ ਹੋਣ ਮੌਕੇ ਐਬੂਲੈਂਸ ਨੂੰ ਰਸਤਾ ਦੇਣ ਵਾਲੇ ਵਾਹਨ ਚਾਲਕਾਂ ਨੂੰ ਸਹਿਯੋਗ ਦਿੱਤਾ ਜਾਵੇ।
ਮੀਟਿੰਗ ਦੌਰਾਨ ਪੁਲਿਸ ਵਿਭਾਗਾਂ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਸ: ਰਣਧੀਰ ਸਿੰਘ ਕਾਲੇਕਾ ਨੇ ਪਾਤੜਾ ਵਿਖੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਕੀਤੇ ਨਜਾੲਜ਼ ਕਬਜ਼ੇ, ਨਜਾਇਜ ਪਾਰਕਿੰਗ ਅਤੇ ਆਵਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦਾ ਮੁੱਦਾ ਉਠਾਇਆ। ਇਸ ‘ਤੇ ਏ.ਡੀ.ਸੀ. ਨੇ ਪੁਲਿਸ, ਮਿਊਂਸੀਪਲ ਕੌਂਸਲ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।
ਸਿੱਖਿਆ ਵਿਭਾਗ ਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਵਿੱਚ ਮੈਂਬਰ ਸ: ਸੰਤੋਖ ਸਿੰਘ ਖਿੰਡਾ ਨੇ ਬਲਾਕ ਪਾਤੜਾਂ ‘ਚ ਪਿੰਡ ਹੀਰਾ ਨਗਰ ਡਰੌਲੀ ਦੇ ਕਾਫ਼ੀ ਲੰਮੇ ਸਮੇਂ ਤੋਂ ਬੰਦ ਕੀਤੇ ਗਏ ਪ੍ਰਾਇਮਰੀ ਸਕੂਲ ਨੂੰ ਚਾਲੂ ਕਰਨ ਦੀ ਮੰਗ ਕੀਤੀ ਜਿਸ ‘ਤੇ ਸ਼੍ਰੀ ਮੋਹਿੰਦਰਪਾਲ ਨੇ ਮੀਟਿੰਗ ਵਿੱਚ ਹਾਜ਼ਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਡਾ: ਜਸਵਿੰਦਰ ਕੌਰ ਨੂੰ ਇਸ ਮਾਮਲੇ ‘ਤੇ ਤੁਰੰਤ ਕਾਰਵਾਈ ਅਮਲ ਵਿੱਚ ਲਿਆਉਣ ਦੇ ਨਿਰਦੇਸ਼ ਦਿੱਤੇ। ਕਮੇਟੀ ਮੈਂਬਰ ਹਰਮੀਤ ਸਿੰਘ ਵੱਲੋਂ ਅਨੁਸੂਚਿਤ ਜਾਤੀ ਦੇ ਬੱਚਿਆਂ ਦੇ ਬਕਾਇਆ ਪਏ ਵਜ਼ੀਫੇ, ਪਟਿਆਲੇ ਦੇ ਸਰਕਾਰੀ ਸਿਵਲ ਲਾਈਨਜ਼ ਸਕੂਲ ਦੇ ਕੁਝ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਟਿਊਸ਼ਨ ਲਈ ਮਜਬੂਰ ਕਰਨ ਅਤੇ ਪੜ੍ਹਾਈ ਪੱਖੋਂ ਕਮਜ਼ੋਰ ਬੱਚਿਆਂ ਦੇ ਮਾਪਿਆਂ ਨਾਲ ਮਹੀਨਾਵਾਰ ਮੀਟਿੰਗਾਂ ਦਾ ਪ੍ਰਬੰਧ ਕਰਨ ਦੇ ਮੁੱਦੇ ਉਠਾਏ। ਜਿਸ ਬਾਰੇ ਏ.ਡੀ.ਸੀ. ਨੇ ਮੀਟਿੰਗ ਵਿੱਚ ਹਾਜ਼ਰ ਜ਼ਿਲ੍ਹਾ ਸਿੱਖਆ ਅਫ਼ਸਰ (ਸੈਕੰਡਰੀ) ਸ਼੍ਰੀਮਤੀ ਹਰਿੰਦਰ ਕੌਰ ਨੂੰ ਤੁਰੰਤ ਇਹਨਾਂ ਮਾਮਲਿਆਂ ਦੇ ਨਿਪਟਾਰੇ ਦੇ ਆਦੇਸ਼ ਦਿੱਤੇ। ਸਿੱਖਿਆ ਵਿਭਾਗ ਦੀ ਸਲਾਹਕਾਰ ਕਮੇਟੀ ਦੇ ਹੀ ਮੈਂਬਰ ਮਾਸਟਰ ਕੇਸਰ ਸਿੰਘ ਭੜੀ ਪਨੈਚਾ ਨੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਸਿਖਾਉਣ ਦੀ ਮੰਗ ਉਠਾਈ ਜਦ ਕਿ ਅਮਰਜੀਤ ਸਿੰਘ ਨੇ ਅਜਰੋਰ ਦੇ ਪ੍ਰਾਇਮਰੀ ਸਕੂਲ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਮੁੱਦਾ ਉਠਾਇਆ। ਕਮੇਟੀ ਮੈਂਬਰ ਚੇਤੰਨ ਸਿੰਘ ਨੇ ਘਨੌਰ ਬਲਾਕ ਦੇ ਪਿੰਡ ਸਰਾਲਾ ਖ਼ੁਰਦ ਦੇ ਪ੍ਰਾਇਮਰੀ ਸਕੂਲ ਦੀ ਇਮਾਰਤ ਅਣ ਸੁਰੱਖਿਅਤ ਐਲਾਨੇ ਜਾਣ ਕਾਰਨ ਬੱਚਿਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਦੱਸਿਆ ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਏ.ਡੀ.ਸੀ. ਨੇ ਜ਼ਿਲ੍ਹਾ ਸਿੱਿਖਆ ਅਫ਼ਸਰ ਨੂੰ ਤੁਰੰਤ ਨਵੇਂ ਕਮਰੇ ਉਸਾਰਨ ਲਈ ਕਾਰਵਾਈ ਅਮਲ ਵਿੱਚ ਲਿਆਉਣ ਦੀ ਹਦਾਇਤ ਕੀਤੀ।
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਮੀਟਿੰਗ ਵਿੱਚ ਕਮੇਟੀ ਮੈਂਬਰ ਪ੍ਰੋ: ਭੁਪਿੰਦਰ ਸਿੰਘ ਵੱਲੋਂ ਘਨੌਰ ਹਲਕੇ ਦੇ ਪਿੰਡਾਂ ਵਿੱਚ ਬਰਸਾਤ ਦੇ ਮੌਸਮ ਵਿੱਚ ਦਵਾਈ ਸਪਰੇਅ ਕਰਨ ਦੀ ਮੰਗ ਕੀਤੀ ਜਦ ਕਿ ਕੁਝ ਮੈਬਰਾਂ ਵੱਲੋਂ ਪਾਣੀ ਦੇ ਬਿਲਾਂ ਨੂੰ ਬਿਜਲੀ ਦੇ ਬਿਲ ਨਾਲ ਜੋੜਨ ਦੀ ਸਲਾਹ ਦਿੱਤੀ ਗਈ।
ਮੀਟਿੰਗ ਦੌਰਾਨ ਇਹਨਾਂ ਮਹਿਕਮਿਆਂ ਨਾਲ ਸਬੰਧਤ ਮੁੱਦੇ ਵੀ ਉਠਾਏ ਗਏ। ਇਹਨਾਂ ਮੀਟਿੰਗਾਂ ਦੌਰਾਨ ਡੀ.ਐਸ.ਪੀ. (ਡੀ), ਸ਼੍ਰੀ ਦਵਿੰਦਰ ਅੱਤਰੀ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ਼੍ਰੀ ਰਾਕੇਸ਼ ਕੁਮਾਰ ਸਿੰਗਲਾ, ਈ.ਟੀ.ਓ ਸ਼੍ਰੀ ਉਪਿੰਦਰਜੀਤ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੀਆਂ ਸਲਾਹਕਾਰ ਕਮੇਟੀਆਂ ਦੇ ਮੈਂਬਰ ਵੀ ਹਾਜ਼ਰ ਸਨ।

Exit mobile version