Home Current Affairs ਮੁੱਖ ਮੰਤਰੀ ਨੇ ਮਾਨਤਾ ਪ੍ਰਾਪਤ ਅਤੇ ਪੀਲੇ ਕਾਰਡ ਧਾਰਕ ਪੱਤਰਕਾਰਾਂ ਨੂੰ ਫਰੰਟਲਾਈਨ...

ਮੁੱਖ ਮੰਤਰੀ ਨੇ ਮਾਨਤਾ ਪ੍ਰਾਪਤ ਅਤੇ ਪੀਲੇ ਕਾਰਡ ਧਾਰਕ ਪੱਤਰਕਾਰਾਂ ਨੂੰ ਫਰੰਟਲਾਈਨ ਯੋਧੇ ਐਲਾਨਿਆ

0

ਚੰਡੀਗੜ, : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਸੂਬੇ ਵਿਚ ਮਾਨਤਾ ਪ੍ਰਾਪਤ (ਐਕਰੀਡੇਟਿਡ) ਅਤੇ ਪੀਲੇ ਕਾਰਡ ਧਾਰਕ ਸਾਰੇ ਪੱਤਰਕਾਰਾਂ ਨੂੰ ਕੋਵਿਡ ਵਿਰੁੱਧ ਲੜਾਈ ਵਿਚ ਫਰੰਟਲਾਈਨ ਯੋਧਿਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਜਾਵੇਗਾ।
ਸੂਬੇ ਵਿਚ ਬਿਜਲੀ ਨਿਗਮ ਦੇ ਸਾਰੇ ਮੁਲਾਜਮਾਂ ਨੂੰ ਵੀ ਫਰੰਟਲਾਈਨ ਵਰਕਰਾਂ ਦੇ ਦਾਇਰੇ ਹੇਠ ਲਿਆਂਦਾ ਗਿਆ ਹੈ।
ਕੋਵਿਡ ਸਮੀਖਿਆ ਲਈ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੱਤਰਕਾਰਾਂ ਸਮੇਤ ਇਹ ਮੁਲਾਜਮ ਪਹਿਲ ਦੇ ਆਧਾਰ ਉਤੇ ਟੀਕਾ ਲਵਾਉਣ ਸਣੇ ਉਨਾਂ ਸਾਰੇ ਲਾਭਾਂ ਲਈ ਯੋਗ ਹੋਣਗੇ, ਜੋ ਬਾਕੀ ਫਰੰਟਲਾਈਨ ਵਰਕਰ ਸੂਬਾ ਸਰਕਾਰ ਪਾਸੋਂ ਹਾਸਲ ਕਰਨ ਦੇ ਹੱਕਦਾਰ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਇਕ ਸਾਲ ਤੋਂ ਵੱਧ ਸਮੇਂ ਤੋਂ ਜਮੀਨੀ ਪੱਧਰ ਉਤੇ ਮਹਾਂਮਾਰੀ ਨਾਲ ਸਬੰਧਤ ਕਵਰੇਜ ਕਰਨ ਲਈ ਪੱਤਰਕਾਰ ਆਪਣੀ ਜਾਨ ਜੋਖਮ ਵਿਚ ਪਾ ਰਹੇ ਹਨ ਅਤੇ ਕੋਵਿਡ ਬਾਰੇ ਬਾਰੇ ਜਾਗਰੂਕਤਾ ਫੈਲਾਉਣ ਵਿਚ ਵੀ ਮਦਦ ਕਰ ਰਹੇ ਹਨ। ਉਨਾਂ ਨੇ ਅੱਗੇ ਕਿਹਾ ਕਿ ਭਾਵੇਂ ਬਹੁਤੇ ਸੂਬਿਆਂ ਨੇ ਪੱਤਰਕਾਰਾਂ ਨੂੰ ਫਰੰਟਲਾਈਨ ਵਰਕਰਾਂ ਦੀ ਕੈਟਾਗਰੀ ਵਿਚ ਸ਼ਾਮਲ ਕਰਨ ਲਈ ਮੰਗ ਉਠਾਈ ਪਰ ਭਾਰਤ ਸਰਕਾਰ ਨੇ ਅਜੇ ਤੱਕ ਕੋਈ ਹੁੰਗਾਰਾ ਨਹੀਂ ਭਰਿਆ।
ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਪੱਤਰਕਾਰਾਂ ਦੀ ਸੁਰੱਖਿਆ ਦੇ ਨਾਲ-ਨਾਲ ਬਿਜਲੀ ਨਿਗਮ ਦੇ ਮੁਲਾਜਮਾਂ ਨੂੰ ਵੀ ਫਰੰਟਲਾਈਨ ਵਰਕਰਾਂ ਵਾਲੀ ਸ਼੍ਰੇਣੀ ਵਿਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ ਕਿਉਂ ਜੋ ਬਿਜਲੀ ਮੁਲਾਜਮ ਵੀ ਹਸਪਤਾਲਾਂ ਅਤੇ ਹੋਰ ਪ੍ਰਮੁੱਖ ਸੰਸਥਾਵਾਂ ਵਿਚ ਅਤਿ ਜਰੂਰੀ ਨਾਜੁਕ ਬਿਜਲੀ ਸਬੰਧੀ ਸੇਵਾਵਾਂ ਮੁਹੱਈਆ ਕਰਵਾਉਣ ਮੌਕੇ ਆਪਣੀ ਜਾਨ ਖਤਰੇ ਵਿਚ ਪਾ ਰਹੇ ਹਨ।

Exit mobile version