Home Punjabi News ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪੀ.ਐਸ.ਪੀ.ਸੀ.ਐਲ ਨੂੰ ਗਰਮੀਆਂ ਦੀਆਂ ਚੁਣੌਤੀਆਂ ਲਈ...

ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪੀ.ਐਸ.ਪੀ.ਸੀ.ਐਲ ਨੂੰ ਗਰਮੀਆਂ ਦੀਆਂ ਚੁਣੌਤੀਆਂ ਲਈ ਅਗਾਊਂ ਪ੍ਰਬੰਧ ਕਰਨ ਦੇ ਨਿਰਦੇਸ਼

0

ਚੰਡੀਗੜ੍ਹ,:- ਪੰਜਾਬ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪੀ.ਐਸ.ਪੀ.ਸੀ.ਐਲ) ਨੂੰ ਆਦੇਸ਼ ਦਿੱਤੇ ਕਿ ਗਰਮੀਆਂ ਦੇ ਸੀਜਨ ਦੌਰਾਨ ਪੈਦਾ ਹੋਣ ਵਾਲੀਆਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਪਹਿਲਾਂ ਤੋਂ ਹੀ ਪ੍ਰਬੰਧ ਕਰ ਲਈ ਜਾਣ ਤਾਂ ਜੋ ਸੂਬੇ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਸਬੰਧੀ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਇਥੇ ਪੀ.ਐਸ.ਪੀ.ਸੀ.ਐਲ ਅਧਿਕਾਰੀਆਂ ਨਾਲ ਲੱਗਭਗ ਤਿੰਨ ਘੰਟੇ ਚੱਲੀ ਮੀਟਿੰਗ ਦੌਰਾਨ ਬਿਜਲੀ ਮੰਤਰੀ ਨੇ ਮੈਨੇਜਮੈਂਟ ਨੂੰ ਗਰਮੀਆਂ ਦੇ ਵਿੱਚ ਬਿਜਲੀ ਦੀ ਸੰਭਾਵਤ ਮੰਗ ਵਧਣ ਦੇ ਮੱਦੇਨਜ਼ਰ ਲੋੜੀਂਦੇ ਸਾਜੋ-ਸਮਾਨ ਅਤੇ ਮੁਢਲੇ ਢਾਂਚੇ ਦੀ ਖਰੀਦ ਲਈ ਟੈਂਡਰ ਪ੍ਰਕ੍ਰਿਆ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੀਆਂ ਰਸਮੀ ਕਾਰਵਾਈਆਂ ਸਮੇਂ-ਸਿਰ ਮੁਕੰਮਲ ਕਰ ਲਈਆਂ ਜਾਣ ਤਾਂ ਜੋ ਗਰਮੀਆਂ ਦੌਰਾਨ ਬਿਜਲੀ ਦੀ ਵਧੀ ਮੰਗ ਨੂੰ ਪੂਰਾ ਕਰਨ ਵਿੱਚ ਪੀ.ਐਸ.ਪੀ.ਸੀ.ਐਲ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਇਸੇ ਦੌਰਾਨ ਪੀ.ਐਸ.ਪੀ.ਸੀ.ਐਲ ਦੀ ਕਾਰਗੁਜਾਰੀ ਨਾਲ ਸਬੰਧਤ ਵੱਖ-ਵੱਖ ਮਾਪਦੰਡਾਂ ਦੀ ਸਮੀਖਿਆ ਕਰਦਿਆਂ, ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਸਬੰਧਤ ਅਧਿਕਾਰੀਆਂ ਨੂੰ ਲੋਕਾਂ ਨੂੰ ਸੇਵਾਵਾਂ ਪਹੁੰਚਾਉਣ ਦੀ ਗਤੀ ਨੂੰ ਤੇਜ ਕਰਨ ਅਤੇ ਜਿੰਨ੍ਹਾਂ ਖੇਤਰਾਂ ਵਿੱਚ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਨੁਕਸਾਨ ਘਟਾਉਣ ਲਈ ਵਿਸ਼ੇਸ਼ ਯਤਨ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪਹਿਲ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਖਰਾਬ ਮੀਟਰਾਂ ਨਾਲ ਸਬੰਧਤ ਔਸਤਨ ਬਿੱਲਾਂ ਦੇ ਕੇਸਾਂ ਦੇ ਨਿਪਟਾਰੇ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਯਕੀਨੀ ਬਣਾਇਆ ਜਾਵੇ।

ਬਿਜਲੀ ਮੰਤਰੀ ਨੇ ਵਿਭਾਗ ਦੇ ਮੁੱਖ ਇੰਜੀਨੀਅਰਾਂ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਸਬੰਧਤ ਡਿਵੀਜਨ ਅਧਿਕਾਰੀਆਂ ਨਾਲ ਮਹੀਨਾਵਾਰ ਪੜਚੋਲ ਮੀਟਿੰਗਾਂ ਕਰਨ ਤਾਂ ਜੋ ਵਿਭਾਗ ਦੀ ਕਾਰਗੁਜਾਰੀ ਵਿੱਚ ਹੋਰ ਸੁਧਾਰ ਲਿਆਂਦਾ ਜਾ ਸਕੇ। ਉਨ੍ਹਾਂ ਨਾਲ ਹੀ ਕਿਹਾ ਕਿ ਮੁੱਖ ਇੰਜੀਨੀਅਰਾਂ ਵੱਲੋਂ ਭਵਿੱਖ ਵਿੱਚ ਇਕ-ਦੂਸਰੇ ਨਾਲ ਸਬੰਧਤ ਦਫਤਰਾਂ ਦੇ ਕੰਮਕਾਰ ਦਾ ਵੀ ਨਿਰੀਖਣ ਕੀਤਾ ਜਾਇਆ ਕਰੇਗਾ।

ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਯਕੀਨ ਪ੍ਰਗਟ ਕੀਤਾ ਕਿ ਜਿਸ ਤਰ੍ਹਾਂ ਵਿਭਾਗ ਵੱਲੋਂ ਸਾਲ 2023 ਦੌਰਾਨ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਨਵੇਂ ਰਿਕਾਰਡ ਕਾਇਮ ਕੀਤੇ ਗਏ ਉਸੇ ਤਰ੍ਹਾਂ ਸਾਲ 2024 ਦੌਰਾਨ ਵੀ ਬਿਜਲੀ ਵਿਭਾਗ ਸੂਬੇ ਦੀਆਂ ਤਰੱਕੀ ਦੀਆਂ ਰਾਹਾਂ ਰੁਸ਼ਨਾਉਣ ਵਿੱਚ ਅਹਿਮ ਰੋਲ ਨਿਭਾਵੇਗਾ।

ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ (ਬਿਜਲੀ) ਸ੍ਰੀ ਤੇਜਵੀਰ ਸਿੰਘ, ਸੀ.ਐਮ.ਡੀ ਪੀ.ਐਸ.ਪੀ.ਸੀ.ਐਲ ਸ. ਬਲਦੇਵ ਸਿੰਘ ਸਰਾਂ, ਡਾਇਰੈਕਟਰ ਡਿਸਟ੍ਰੀਬਿਊਸ਼ਨ ਸ. ਡੀ.ਪੀ.ਐਸ ਗਰੇਵਾਲ, ਡਾਇਰੈਕਟਰ ਜਨਰੇਸ਼ਨ ਸ. ਪਰਮਜੀਤ ਸਿੰਘ ਅਤੇ ਚੀਫ ਇੰਜਨੀਅਰ ਹਾਜ਼ਰ ਸਨ।

Exit mobile version