Home Crime News ਪੰਜਾਬ ਏ.ਜੀ.ਟੀ.ਐਫ. ਵੱਲੋਂ ਯੂ.ਏ.ਪੀ.ਏ. ਕੇਸ ਵਿੱਚ ਲੋੜੀਂਦਾ ਰਿੰਦਾ ਦਾ ਮੁੱਖ ਸੰਚਾਲਕ ਕੈਲਾਸ਼...

ਪੰਜਾਬ ਏ.ਜੀ.ਟੀ.ਐਫ. ਵੱਲੋਂ ਯੂ.ਏ.ਪੀ.ਏ. ਕੇਸ ਵਿੱਚ ਲੋੜੀਂਦਾ ਰਿੰਦਾ ਦਾ ਮੁੱਖ ਸੰਚਾਲਕ ਕੈਲਾਸ਼ ਖਿਚਨ ਰਾਜਸਥਾਨ ਤੋਂ ਗ੍ਰਿਫ਼ਤਾਰ; ਪਿਸਤੌਲ ਬਰਾਮਦ

0

ਚੰਡੀਗੜ੍ਹ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਸੰਗਠਿਤ ਅਪਰਾਧਿਕ ਨੈੱਟਵਰਕ ਨੂੰ ਠੱਲ੍ਹ ਪਾਉਣ ਲਈ ਚਲਾਈ ਜਾ ਰਹੇ ਆਪ੍ਰੇਸ਼ਨ ਤਹਿਤ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੇ ਕੇਂਦਰੀ ਏਜੰਸੀਆਂ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਪਾਕਿ ਅਧਾਰਤ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਅਤੇ ਅਮਰੀਕਾ ਅਧਾਰਤ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਦੇ ਅਹਿਮ ਕਾਰਕੁਨ ਨੂੰ ਰਾਜਸਥਾਨ ਦੇ ਜ਼ਿਲ੍ਹਾ ਫਲੋਦੀ ਦੇ ਪਿੰਡ ਲੋਹਾਵਤ ਤੋਂ ਗ੍ਰਿਫ਼ਤਾਰ ਕੀਤਾ ਹੈ।

ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੀਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ, ਜਿਸ ਦੀ ਪਛਾਣ ਕੈਲਾਸ਼ ਖਿਚਨ ਵਜੋਂ ਹੋਈ ਹੈ, ਸਤੰਬਰ 2023 ‘ਚ ਫਾਜ਼ਿਲਕਾ ਵਿੱਚ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਕੇਸ ਵਿੱਚ ਲੋੜੀਂਦਾ ਸੀ। ਇਸ ਤੋਂ ਇਲਾਵਾ ਮੁਲਜ਼ਮ ਦਾ ਅਪਰਾਧਿਕ ਇਤਿਹਾਸ ਹੈ ਅਤੇ ਉਸ ਖ਼ਿਲਾਫ਼ ਪੰਜਾਬ ਅਤੇ ਰਾਜਸਥਾਨ ਵਿੱਚ ਜਬਰੀ ਵਸੂਲੀ, ਐਨਡੀਪੀਐਸ ਐਕਟ ਅਤੇ ਅਸਲਾ ਐਕਟ ਨਾਲ ਸਬੰਧਤ ਕਈ ਅਪਰਾਧਿਕ ਕੇਸ ਦਰਜ ਹਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਅੱਤਵਾਦੀ ਮੌਡਿਊਲਾਂ ਦਾ ਪਰਦਾਫਾਸ਼ ਕਰਦਿਆਂ ਮੁਲਜ਼ਮ ਖਿਚਨ ਦਾ ਨਾਮ ਸਾਹਮਣੇ ਆਉਣ ਉਪਰੰਤ ਏ.ਡੀ.ਜੀ.ਪੀ. ਪ੍ਰਮੋਦ ਬਾਨ ਦੀ ਅਗਵਾਈ ਵਾਲੀਆਂ ਏ.ਜੀ.ਟੀ.ਐਫ. ਟੀਮਾਂ ਨੇ ਏ.ਆਈ.ਜੀ. ਸੰਦੀਪ ਗੋਇਲ ਅਤੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਦੀ ਨਿਗਰਾਨੀ ਵਿੱਚ ਰਾਜਸਥਾਨ ਵਿੱਚ ਮੁਲਜ਼ਮ ਦੀ ਲੋਕੇਸ਼ਨ ਦਾ ਪਤਾ ਲਗਾਉਣ ਉਪਰੰਤ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਰਾਜਸਥਾਨ ਦੇ ਜ਼ਿਲ੍ਹਾ ਫਲੋਦੀ ਦੇ ਪਿੰਡ ਲੋਹਾਵਤ ਤੋਂ ਉਸ ਨੂੰ ਗ੍ਰਿਫ਼ਤਾਰ ਕੀਤਾ।

ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਮੁਲਜ਼ਮ ਖਿਚਨ ਦੇ ਕਬਜ਼ੇ ਵਿੱਚੋਂ ਇੱਕ .30 ਕੈਲੀਬਰ ਚੀਨੀ ਪਿਸਤੌਲ ਅਤੇ ਅੱਠ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।

ਡੀਜੀਪੀ ਨੇ ਕਿਹਾ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਖਿਚਨ ਅੱਤਵਾਦੀ ਰਿੰਦਾ ਦੇ ਨਿਰਦੇਸ਼ਾਂ ‘ਤੇ ਸੂਬੇ ‘ਚ ਸਨਸਨੀਖੇਜ਼ ਅਪਰਾਧਾਂ ਨੂੰ ਅੰਜਾਮ ਦੇਣ ਲਈ ਅੱਤਵਾਦੀ ਸੰਗਠਨ ਬੱਬਰ ਖਾਲਿਸਤਾਨ ਇੰਟਰਨੈਸ਼ਨਲ (ਬੀਕੇਆਈ) ਦੇ ਸਹਿਯੋਗੀਆਂ ਨੂੰ ਹਥਿਆਰ ਸਪਲਾਈ ਕਰਦਾ ਸੀ।

ਹੋਰ ਵੇਰਵੇ ਸਾਂਝੇ ਕਰਦਿਆਂ ਏਆਈਜੀ ਸੰਦੀਪ ਗੋਇਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪਿਛਲੇ ਅਤੇ ਅਗਲੇਰੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਤਫਤੀਸ਼ ਜਾਰੀ ਹੈ ਅਤੇ ਜਲਦ ਹੀ ਹੋਰ ਗ੍ਰਿਫਤਾਰੀਆਂ ਹੋਣ ਦੀ ਉਮੀਦ ਵੀ ਹੈ।

ਜ਼ਿਕਰਯੋਗ ਹੈ ਕਿ ਮੁਲਜ਼ਮ ਨੂੰ ਥਾਣਾ ਸਿਟੀ ਕ੍ਰਾਈਮ, ਐਸ.ਏ.ਐਸ.ਨਗਰ ਵਿਖੇ ਅਸਲਾ ਐਕਟ ਦੀ ਧਾਰਾ 25 ਅਧੀਨ ਦਰਜ ਐਫਆਈਆਰ ਨੰਬਰ 16 ਮਿਤੀ 27/12/23 ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।

Exit mobile version