Home Crime News ਪਟਿਆਲਾ ਪੁਲਿਸ ਵੱਲੋਂ ਨਵੇਂ ਬੱਸ ਅੱਡੇ ‘ਤੇ ਫਾਇਰਿੰਗ ਕਰਨ ਵਾਲੇ ਗੈਂਗਸਟਰਾਂ ਨਾਲ...

ਪਟਿਆਲਾ ਪੁਲਿਸ ਵੱਲੋਂ ਨਵੇਂ ਬੱਸ ਅੱਡੇ ‘ਤੇ ਫਾਇਰਿੰਗ ਕਰਨ ਵਾਲੇ ਗੈਂਗਸਟਰਾਂ ਨਾਲ ਸੰਬੰਧਤ ਤਿੰਨ ਦੋਸ਼ੀ ਹਥਿਆਰਾਂ ਸਮੇਤ ਗਿਰਫ਼ਤਾਰ

0

ਪਟਿਆਲਾ, ,: – ਬੀਤੇ ਮੰਗਲਵਾਰ ਦੁਪਹਿਰ 2 ਵਜੇ ਦੇ ਲਗਭਗ ਪਟਿਆਲਾ ਦੇ ਨਵੇਂ ਬੱਸ ਅੱਡੇ ਵਿੱਚ ਗੋਲੀਆਂ ਚਲਾਉਣ ਵਾਲੇ ਦੋਸ਼ੀਆਂ ਵਿੱਚੋਂ ਪਟਿਆਲਾ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਕੋਲੋਂ ਦੋ ਪਿਸਤੋਲਾਂ ਅਤੇ ਛੇ ਕਾਰਤੂਸ ਬਰਾਮਦ ਕੀਤੇ ਹਨ।
ਐਸਐਸਪੀ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਨੇ ਅੱਜ ਇੱਥੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਉਕਤ ਤਿੰਨੇਂ ਦੋਸ਼ੀ ਅਰਸ਼ ਡਲਾ ਅਤੇ ਪਰਮਜੀਤ ਸਿੰਘ ਉਰਫ ਪੰਮਾ (ਬਠਿੰਡਾ) ਗੈਂਗ ਨਾਲ ਸੰਬੰਧਤ ਹਨ। ਐਸਐਸਪੀ ਨੇ ਦੱਸਿਆ ਕਿ ਪਟਿਆਲਾ ਦੇ ਨਵੇਂ ਬੱਸ ਅੱਡੇ ਵਿੱਚ ਨੌਜਵਾਨਾਂ ਦੇ ਦੋ ਗਰੁੱਪਾਂ ਦੀ ਆਪਸ ਵਿੱਚ ਪਹਿਲਾਂ ਥੋੜੀ ਬਹੁਤ ਤਕਰਾਰਬਾਜ਼ੀ ਹੋਈ ਤੇ ਫਿਰ ਧੱਕਾ ਮੁੱਕੀ ਤੋਂ ਬਾਅਦ ਇੱਕ ਗਰੁੱਪ ਵੱਲੋਂ ਅੰਨੇਵਾਹ ਫਾਇਰਿੰਗ ਕੀਤੀ ਗਈ ਤੇ ਦੋਸ਼ੀ ਫਰਾਰ ਹੋ ਗਏ। ਇਸ ਫਾਇਰਿੰਗ ਦੇ ਕੇਸ ਨੂੰ ਟਰੇਸ ਕਰਨ ਲਈ ਹਰਵੀਰ ਸਿੰਘ ਅਟਵਾਲ ਐਸਪੀ ਹੈਡਕੁਆਟਰ ਸੁਖਅੰਮ੍ਰਿਤ ਸਿੰਘ ਰੰਧਾਵਾ ਡੀਐਸਪੀ (ਡੀ), ਜਸਵਿੰਦਰ ਸਿੰਘ ਟਿਵਾਣਾ ਡੀਐਸਪੀ ਸਿਟੀ-2 ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਵਿੰਦਰ ਸਿੰਘ ਇੰਚਾਰਜ ਸੀਆਈਏ ਪਟਿਆਲਾ ਅਤੇ ਇੰਸਪੈਕਟਰ ਅਮਨਦੀਪ ਸਿੰਘ ਮੁੱਖ ਅਫਸਰ ਥਾਣਾ ਅਰਬਨ ਅਸਟੇਟ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ, ਜਿੰਨ੍ਹਾ ਨੇ 24 ਘੰਟੇ ਦੇ ਅੰਦਰ ਇਸ ਵਾਰਦਾਤ ਵਿੱਚ ਸ਼ਾਮਿਲ ਤਿੰਨ ਦੋਸ਼ੀਆਂ ਬਲਜਿੰਦਰ ਸਿੰਘ ਉਰਫ ਬੱਲੀ ਪੁੱਤਰ ਮਲਕੀਤ ਸਿੰਘ ਵਾਸੀ ਅਲੀਸ਼ੇਰ ਕਲਾਂ ਥਾਣਾ ਜੋਗਾ ਜਿਲ੍ਹਾ ਮਾਨਸਾ, ਜਗਜੀਤ ਸਿੰਘ ਉਰਫ ਵਿੱਕੀ ਪੁੱਤਰ ਤਰਸੇਮ ਸਿੰਘ ਵਾਸੀ ਭਰੂਰ ਥਾਣਾ ਸਦਰ ਸੁਨਾਮ ਜਿਲਾ ਸੰਗਰੂਰ ਅਤੇ ਸਰਬਜੀਤ ਸਿੰਘ ਉਰਫ ਸਰਬੀ ਪੁੱਤਰ ਨਾਥ ਸਿੰਘ ਵਾਸੀ ਮਕਾਨ ਨੰਬਰ 809 ਵਾਰਡ ਨੰਬਰ ਸੱਤ, ਭਿਖੀ ਜਿਲ੍ਹਾ ਮਾਨਸਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਵਾਰਦਾਤ ਵਿੱਚ ਵਰਤੇ ਦੋ ਪਿਸਟਲ ਅਤੇ ਛੇ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਇਸ ਸਬੰਧੀ ਥਾਣਾ ਅਰਬਨ ਅਸਟੇਟ ਵਿਖੇ ਧਾਰਾ 307 ਅਤੇ ਆਰਮਜ਼ ਐਕਟ ਅਧੀਨ ਐਫ ਆਈ ਆਰ ਵੀ ਦਰਜ਼ ਹੈ। ਐਸਐਸ ਪੀ ਪਟਿਆਲਾ ਨੇ ਦੱਸਿਆ ਕਿ ਮੰਗਲਵਾਰ ਨੂੰ ਨਵਾਂ ਬੱਸ ਅੱਡਾ ਵਿਖੇ ਦੋ ਗਰੁੱਪਾਂ ਵਿੱਚ ਮਾਮੂਲੀ ਝਗੜੇ ਨੂੰ ਲੈ ਕੇ ਤਕਰਾਰਬਾਜ਼ੀ ਹੋਈ ਸੀ ਜਿਸ ਦੌਰਾਨ ਇੱਕ ਗਰੁੱਪ ਵੱਲੋਂ ਅੰਨਾਧੁੰਦ ਫਾਇਰਿੰਗ ਕੀਤੀ ਗਈ ਜਿਸ ਨਾਲ ਆਮ ਲੋਕਾਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਇਆ ਗਿਆ ਸੀ ਅਤੇ ਮੌਕੇ ‘ਤੇ ਚੱਲੀਆਂ ਹੋਈਆਂ ਗੋਲੀਆਂ ਦੇ ਖੋਲ ਵੀ ਬਰਾਮਦ ਹੋਏ ਸਨ।
ਐਸਐਸ ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਪੁਲਿਸ ਵੱਲੋਂ ਦੋਸ਼ੀਆਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਬਾਕੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਜਾਵੇਗੀ। ਉਹਨਾਂ ਨੇ ਦੱਸਿਆ ਕਿ ਇਹ ਤਿੰਨੋਂ ਦੋਸ਼ੀ ਇੱਕ ਗੈਂਗ ਨਾਲ ਸੰਬੰਧਤ ਹਨ।
ਜ਼ਿਕਰਯੋਗ ਹੈ ਕਿ ਬਲਜਿੰਦਰ ਸਿੰਘ ਉਰਫ ਬੱਲੀ ਪੁੱਤਰ ਮਲਕੀਤ ਸਿੰਘ ਵਾਸੀ ਅਲੀਸ਼ੇਰ ਕਲਾ ਥਾਣਾ ਜੋਗਾ ਜਿਲਾ ਮਾਨਸਾ ਦੀ ਉਮਰ 25 ਸਾਲ ਹੈ ਜੋ ਕਿ ਬਾਰ੍ਹਵੀਂ ਪਾਸ ਹੈ ਅਤੇ ਟੈਕਸੀ ਡਰਾਈਵਰ ਹੈ, ਦੂਜਾ ਦੋਸ਼ੀ ਸਰਬਜੀਤ ਸਿੰਘ ਉਰਫ ਸਰਬੀ ਪੁੱਤਰ ਨਾਥ ਸਿੰਘ ਵਾਸੀ ਵਾਰਡ ਨੰਬਰ ਸੱਤ ਭਿੱਖੀ ਨੇੜੇ ਸਿਵਲ ਲਾਈਨ ਭਿੱਖੀ ਜਿਲਾ ਮਾਨਸਾ, ਉਮਰ 25 ਸਾਲ, ਇਹ ਵੀ ਬਾਰ੍ਹਵੀਂ ਪਾਸ ਹੈ ਅਤੇ ਸਿਕਿਉਰਟੀ ਗਾਰਡ ਦਾ ਕੰਮ ਕਰਦਾ ਹੈ ਜਦਕਿ ਤੀਸਰਾ ਦੋਸ਼ੀ ਜਗਜੀਤ ਸਿੰਘ ਉਰਫ ਵਿੱਕੀ ਪੁੱਤਰ ਤਰਸੇਮ ਸਿੰਘ ਵਾਸੀ ਭਰੂਰ ਥਾਣਾ ਸਦਰ ਸੁਨਾਮ ਜਿਲ੍ਹਾ ਸੰਗਰੂਰ, ਉਮਰ 23 ਸਾਲ ਦਸਵੀਂ ਪਾਸ ਹੈ।

Exit mobile version