Home Punjabi News ਖੇਤੀਬਾੜੀ ਵਿਭਾਗ ਵੱਲੋਂ ਪਿੰਡ ਪਿੰਡ ਕੈਂਪ ਲਗਾ ਕੇ ਚਿੱਟੀ ਮੁੱਖੀ ਦੀ ਰੋਕਥਾਮ...

ਖੇਤੀਬਾੜੀ ਵਿਭਾਗ ਵੱਲੋਂ ਪਿੰਡ ਪਿੰਡ ਕੈਂਪ ਲਗਾ ਕੇ ਚਿੱਟੀ ਮੁੱਖੀ ਦੀ ਰੋਕਥਾਮ ਲਈ ਜਾਣਕਾਰੀ ਦੇਣ ਦਾ ਸਿਲਸਿਲਾ ਜਾਰੀ

0

ਬਠਿੰਡਾ,:ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ ਰਾਕੇਸ਼ ਕੁਮਾਰ ਸਿੰਗਲਾ ਦੀ ਯੋਗ ਅਗਵਾਈ ਹੇਠ, ਜਿਲਾ ਬਠਿੰਡਾ ਵਿੱਚ ਚਿੱਟੀ ਮੱਖੀ ਦੇ ਹੋਏ ਭਿਆਨਕ ਹਮਲੇ ਨਾਲ ਨਜਿੱਠਣ ਲਈ ਅਤੇ ਕਿਸਾਨਾਂ ਨੂੰ ਹੌਸਲਾ ਤੇ ਸੇਧ ਦੇਣ ਲਈ ਜਿਲਾ ਵਿੱਚ ਬਲਾਕਵਾਰ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਅਲੱਗ-ਅਲੱਗ ਮਾਹਿਰ ਸ਼ਾਮਿਲ ਹਨ। ਇਹ ਟੀਮਾਂ ਨਰਮੇ ਦੀ ਕਾਸ਼ਤ ਕਰਨ ਵਾਲੇ ਸਾਰੇ ਪਿੰਡਾਂ ਦਾ ਦੌਰਾ ਕਰ ਰਹੀਆਂ ਹਨ ਅਤੇ ਜਾਗਰੁਕਤਾ ਕੈਂਪ ਲਗਾ ਕੇ ਕਿਸਾਨਾਂ ਨੂੰ ਚਿੱਟੀ ਮੱਖੀ ਦੇ ਹਮਲੇ ਨੂੰ ਕਾਬੂ ਕਰਨ ਲਈ ਸੇਧਾਂ ਦੇ ਰਹੀਆਂ ਹਨ।
ਇਸੇ ਮੁਹਿਮ ਦੇ ਤਹਿਤ ਜ਼ਿਲਾ ਪੱਧਰ ਤੋ ਡਾ: ਗੁਰਤੇਜ ਸਿੰਘ ਖੇਤੀਬਾੜੀ ਸੂਚਨਾ ਅਫ਼ਸਰ, ਬਠਿੰਡਾ, ਸੁਰੇਸ਼ ਕੁਮਾਰ ਖੇਤੀਬਾੜੀ ਵਿਕਾਸ ਅਫ਼ਸਰ, ਬਠਿੰਡਾ ਤੋ ਇਲਾਵਾ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਅਤੇ ਉਨਾਂ ਦੇ ਸਮੁੱਚੇ ਸਟਾਫ਼ ਦੀ ਸਹਾਇਤਾ ਨਾਲ ਜ਼ਿਲਾ ਦੇ ਕਪਾਹ ਪੱਟੀ ਵਾਲੇ ਸਾਰੇ ਪਿੰਡਾਂ ਵਿਖੇ ਕਿਸਾਨ ਜਾਗਰੁਕਤਾ ਕੈਂਪ ਲਗਾਏ ਗਏ ਹਨ। ਵਿਭਾਗ ਵੱਲੋ ਕਿਸਾਨਾਂ ਨੂੰ ਚਿੱਟੀ ਮੱਖੀ ਦੇ ਹਮਲੇ ਨੂੰ ਰੋਕਣ ਹਿੱਤ ਲੀਫ-ਲੇਟ ਅਤੇ ਪੋਸਟਰ ਵੀ ਵੰਡੇ ਗਏ।
ਡਾ. ਗੁਰਤੇਜ ਸਿੰਘ ਨੇ ਕਿਸਾਨਾਂ ਨੂੰ ਕੈਂਪਾਂ ਰਾਹੀਂ ਅਪੀਲ ਕੀਤੀ ਕਿ ਉਹ ਚਿੱਟੀ ਮੱਖੀ ਦੇ ਹਮਲੇ ਨੂੰ ਰੋਕਣ ਲਈ ਸਿਰਫ਼ ਸਿਫਾਰਿਸ਼ ਕੀਤੀਆਂ ਦਵਾਈਆਂ ਹੀ ਵਰਤਣ ਅਤੇ ਜ਼ਹਿਰਾਂ ਦੇ ਮਿਸ਼ਰਨ ਆਪ ਬਣਾ ਕੇ ਵਰਤਣ ਤੋਂ ਗੁਰੇਜ਼ ਕਰਨ ਕਿਉਂਕਿ ਇਸ ਨਾਲ ਜਿੱਥੇ ਆਰਥਿਕ ਨੁਕਸਾਨ ਹੁੰਦਾ ਹੈ ਅਤੇ ਮੱਖੀ ਦੇ ਅੰਡੇ ਦੇਣ ਦੀ ਸਮਰੱਥਾ 20 ਪ੍ਰਤੀਸ਼ਤ ਵਧ ਜਾਂਦੀ ਹੈ। ਉਨਾਂ ਕਿਹਾ ਕਿ ਕਿਸਾਨ ਓਬਰਾਨ (ਸਪੈਰੋਮੈਸੀਫਿਨ)-200 ਮਿਲੀ, ਪੋਲੋ (ਡਾਇਆਫੇਨਥੂਯੂਰੋਨ)-200 ਗ੍ਰਾਮ, ਈਥੀਆਨ 50 ਈਸੀ-800 ਮਿਲੀ ਅਤੇ ਟਰਾਈਜੋਫਾਸ 40 ਈਸੀ-600 ਮਿਲੀ ਦਵਾਈਆਂ ਹੀ ਬਦਲ-ਬਦਲ ਕੇ ਵਰਤੋਂ ਕਰਨ ਅਤੇ ਐਸੀਫੇਟ 75 , ਅਸੀਟਮਪ੍ਰਾਈਡ ਦਵਾਈਆਂ ਨੂੰ ਚਿੱਟੀ ਮੱਖੀ ਦੀ ਰੋਕਥਾਮ ਲਈ ਬਿਲਕੁਲ ਨਾ ਵਰਤਣ। ਉਨਾਂ ਕਿਹਾ ਕਿ ਜੇਕਰ ਕਿਸਾਨ ਵੀਰ ਪਿੰਡ ਪੱਧਰ ‘ਤੇ ਇਕੱਠੇ ਹੋ ਕੇ ਸਪਰੇਅ ਕਰਨ ਤਾਂ ਇਸ ਦੀ ਰੋਕਥਾਮ ਜਲਦੀ ਅਤੇ ਪ੍ਭਾਵਸ਼ਾਲੀ ਢੰਗ ਨਾਲ ਹੋ ਸਕਦੀ ਹੈ ਅਤੇ ਸਪਰੇਅ ਹਮੇਸ਼ਾ ਸਵੇਰੇ 10 ਵਜੇ ਤੋਂ ਪਹਿਲਾਂ ਅਤੇ ਸ਼ਾਮ ਨੂੰ 4 ਵਜੇ ਤੋਂ ਬਾਅਦ ਕਰਨੀ ਚਾਹੀਦੀ ਹੈ ਕਿਉਂਕਿ ਦੁਪਹਿਰ ਸਮੇਂ ਚਿੱਟੀ ਮੱਖੀ ਪੱਤਿਆਂ ਹੇਠ ਛੁਪ ਜਾਂਦੀ ਹੈ। ਹਰੇਕ ਸਪਰੇਅ ਵਿੱਚ ਸਟਿੱਕਰ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਵਿਧੀ ਨਾਲ ਸਪਰੇਅ ਸਾਰੇ ਪੱਤੇ ਤੇ ਫੈਲ ਜਾਂਦੀ ਹੈ। ਚਿੱਟੀ ਮੱਖੀ ਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਹਮੇਸ਼ਾ ਫਿਕਸ ਟਾਈਪ ਕੋਨ ਨੋਜ਼ਲ ਹੀ ਵਰਤਨੀ ਚਾਹੀਦੀ ਹੈ ਅਤੇ ਬੂਟੇ ਦੇ ਉਪਰ ਤੋਂ ਹੇਠਾਂ ਤੱਕ ਸਾਰੇ ਪੱਤਿਆਂ ਤੇ ਛਿੜਕਾਅ ਹੋਣਾ ਬਹੁਤ ਜ਼ਰੂਰੀ ਹੈ।
ਉਨਾਂ ਇਹ ਵੀ ਦੱਸਿਆ ਕਿ ਜਿੱਥੇ ਪੱਤੇ ਸੂਟੀ ਮੋਲਡ ਨਾਮ ਦੀ ਉਲੀ ਕਾਰਨ ਕਾਲੇ ਹੋ ਗਏ ਹਨ ਉਥੇ 500 ਗ੍ਰਾਮ ਬਲਾਈਟੋਕਸ ਅਤੇ 3 ਗ੍ਰਾਮ ਸਟ੍ਰੈਪਟੋਸਾਇਕਲਿਨ ਦੀ ਸਪਰੇਅ ਕਰਨੀ ਚਾਹੀਦੀ ਹੈ। ਜਿੱਥੇ ਪੱਤੇ ਲਾਲ ਹੋ ਰਹੇ ਹਨ ਉਥੇ 1 ਕਿਲੋ ਮੈਗਨੀਸ਼ੀਅਮ ਸਲਫੇਟ 100 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰਨੀ ਚਾਹੀਦੀ ਹੈ। ਉਨਾਂ ਕਿਸਾਨਾਂ ਨੂੰ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਖੇਤੀਬਾੜੀ ਵਿਭਾਗ ਕਿਸਾਨਾਂ ਦੇ ਨਾਲ ਹੈ ਅਤੇ ਉਨਾਂ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ।

Exit mobile version