ਚੰਡੀਗੜ੍ਹ – ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਸੂਬੇ ਨੇ ਵਿੱਤੀ ਸਾਲ 2022-23 ਦੇ ਮੁਕਾਬਲੇ ਚਾਲੂ ਵਿੱਤੀ ਸਾਲ ਦੌਰਾਨ ਦਸੰਬਰ ਤੱਕ ਵਸਤੂਆਂ ਅਤੇ ਸੇਵਾਵਾਂ ਕਰ (ਜੀ.ਐਸ.ਟੀ) ਤੋਂ ਮਾਲੀਏ ਵਿੱਚ ਸ਼ੁੱਧ 16.52 ਪ੍ਰਤੀਸ਼ਤ ਦੀ ਵਾਧਾ ਦਰ ਅਤੇ ਆਬਕਾਰੀ ਤੋਂ ਮਾਲੀਏ ਵਿੱਚ 10.4 ਪ੍ਰਤੀਸ਼ਤ ਵਾਧਾ ਹਾਸਿਲ ਕੀਤਾ ਹੈ।
ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਇਹ ਪ੍ਰਗਟਾਵਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਵਿੱਤੀ ਸਾਲ 2023-24 ਵਿੱਚ ਦਸੰਬਰ ਤੱਕ ਸ਼ੁੱਧ ਜੀ.ਐਸ.ਟੀ. 15523.74 ਕਰੋੜ ਰੁਪਏ ਰਿਹਾ, ਜਦੋਂਕਿ ਵਿੱਤੀ ਸਾਲ 2022-23 ਦੀ ਇਸੇ ਮਿਆਦ ਦੌਰਾਨ 13322.59 ਕਰੋੜ ਰੁਪਏ ਸੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਇਸ ਵਿੱਤੀ ਵਰ੍ਹੇ ਦੌਰਾਨ ਹੁਣ ਤੱਕ ਜੀ.ਐਸ.ਟੀ ਪ੍ਰਾਪਤੀ ਵਿੱਚ 2201.15 ਕਰੋੜ ਰੁਪਏ ਦਾ ਸ਼ੁੱਧ ਵਾਧਾ ਦਰਜ਼ ਕੀਤਾ ਗਿਆ।
ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਵਿੱਤੀ ਸਾਲ 2022-23 ਵਿੱਚ ਦਸੰਬਰ ਤੱਕ ਆਬਕਾਰੀ ਤੋਂ ਮਾਲੀਆ 6050.7 ਕਰੋੜ ਰੁਪਏ ਸੀ, ਜਦੋਂ ਕਿ ਚਾਲੂ ਵਿੱਤੀ ਸਾਲ ਦੌਰਾਨ ਇਹ ਵੱਧ ਕੇ 6679.84 ਕਰੋੜ ਰੁਪਏ ਹੋ ਗਿਆ। ਉਨ੍ਹਾਂ ਕਿਹਾ ਕਿ ਬੀਤੇ ਵਿੱਤੀ ਵਰ੍ਹੇ ਦੇ ਮੁਕਾਬਲੇ ਇਸ ਸਾਲ ਦੇ ਆਬਕਾਰੀ ਤੋਂ ਪ੍ਰਾਪਤ ਮਾਲੀਏ ਵਿੱਚ 629.14 ਕਰੋੜ ਰੁਪਏ ਦਾ ਵਾਧਾ ਦਰਜ਼ ਕੀਤਾ ਗਿਆ।
ਰਾਜ ਦੇ ਆਪਣੇ ਕਰ ਮਾਲੀਏ ਦੇ ਅੰਕੜਿਆਂ ਦਾ ਖੁਲਾਸਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਨੇ ਵਿੱਤੀ ਸਾਲ 2022-23 ਦੇ ਮੁਕਾਬਲੇ ਚਾਲੂ ਵਿੱਤੀ ਸਾਲ ਦੌਰਾਨ ਦਸੰਬਰ ਤੱਕ ਵੈਟ, ਸੀ.ਐਸ.ਟੀ, ਜੀ.ਐਸ.ਟੀ, ਪੀ.ਐਸ.ਡੀ.ਟੀ ਅਤੇ ਆਬਕਾਰੀ ਤੋਂ ਪ੍ਰਾਪਤ ਕੁੱਲ ਮਾਲੀਏ ਵਿੱਚ 14.15 ਫੀਸਦੀ ਦੀ ਵਾਧਾ ਦਰ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਵੈਟ, ਸੀ.ਐਸ.ਟੀ ਅਤੇ ਪੀ.ਐਸ.ਡੀ.ਟੀ ਤੋਂ ਮਾਲੀਆ ਪ੍ਰਾਪਤੀ ਵਿੱਚ ਕ੍ਰਮਵਾਰ 12 ਪ੍ਰਤੀਸ਼ਤ, 26.8 ਪ੍ਰਤੀਸ਼ਤ ਅਤੇ 5.24 ਪ੍ਰਤੀਸ਼ਤ ਦੀ ਵਿਕਾਸ ਦਰ ਹਾਸਿਲ ਕੀਤੀ ਗਈ। ਉਨ੍ਹਾਂ ਕਿਹਾ ਕਿ ਪਿਛਲੇ 9 ਮਹੀਨਿਆਂ ਦੌਰਾਨ ਰਾਜ ਦਾ ਕੁੱਲ ਆਪਣਾ ਕਰ ਮਾਲੀਆ 27931. 16 ਕਰੋੜ ਰੁਪਏ ਰਿਹਾ ਜੋ ਸਾਲ 2022 ਦੀ ਇਸੇ ਮਿਆਦ ਦੌਰਾਨ 24468.14 ਕਰੋੜ ਰੁਪਏ ਸੀ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਵਿਕਾਸ ਅਤੇ ਖੁਸ਼ਹਾਲੀ ਦੇ ਉੱਚੇ ਪੰਧ ਵੱਲ ਲਿਜਾਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਾਜ ਸਰਕਾਰ ਦੁਆਰਾ ਅਪਣਾਏ ਗਏ ਵੱਡੇ ਸੁਧਾਰ ਸੂਬੇ ਨੇ ਵਿੱਤੀ ਸਾਲ 2022-23 ਦੌਰਾਨ ਆਪਣੇ ਕਰ ਮਾਲੀਏ ਵਿੱਚ ਸ਼ਾਨਦਾਰ ਵਾਧਾ ਦਰਜ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਵਿੱਤੀ ਸਾਲ 2023-24 ਵਿੱਚ ਵਿਕਾਸ ਦਰ ਨੂੰ ਬਰਕਰਾਰ ਰੱਖਣ ਲਈ ਇਮਾਨਦਾਰ ਕਰਦਾਤਾ ਦੀ ਹਰ ਸੰਭਵ ਮਦਦ ਕਰਦਿਆਂ ਅਤੇ ਕਰ ਚੋਰਾਂ ਅਤੇ ਗੈਰ-ਕਾਨੂੰਨੀ ਸ਼ਰਾਬ ਦੇ ਧੰਦੇ ਨੂੰ ਨੱਥ ਪਾਉਣ ਲਈ ਕਈ ਹੋਰ ਸੁਧਾਰ ਅਪਣਾਏ ਜਾ ਰਹੇ ਹਨ।