Home Punjabi News ਸਰਸ ਮੇਲੇ ਦੇ ਪਹਿਲੇ ਚਾਰ ਦਿਨਾਂ ‘ਚ 60 ਹਜ਼ਾਰ ਦੇ ਕਰੀਬ ਦਰਸ਼ਕ...

ਸਰਸ ਮੇਲੇ ਦੇ ਪਹਿਲੇ ਚਾਰ ਦਿਨਾਂ ‘ਚ 60 ਹਜ਼ਾਰ ਦੇ ਕਰੀਬ ਦਰਸ਼ਕ ਪੁੱਜੇ, 82 ਲੱਖ ਰੁਪਏ ਦੀ ਹੋਈ ਵਿਕਰੀ

0

ਪਟਿਆਲਾ,: – ਪਟਿਆਲਾ ਵਿਰਾਸਤੀ ਮੇਲੇ ਤਹਿਤਇੱਥੇ 14 ਫਰਵਰੀ ਨੂੰ ਸ਼ੁਰੂ ਹੋਏ ਵਿਰਾਸਤੀ ਇਮਾਰਤ ਸ਼ੀਸ਼ ਮਹਿਲ ਵਿਖੇ ਅੱਜ ਤੱਕ 60 ਹਜ਼ਾਰ ਦੇ ਕਰੀਬ ਦਰਸ਼ਕ ਪੁੱਜ ਚੁੱਕੇ ਹਨ। ਇਸ ਸਰਸ ਮੇਲੇ ‘ਚ ਵੱਖ-ਵੱਖ ਵਸਤੂਆਂ ਦੀ ਖਰੀਦੋ-ਫ਼ਰੋਖ਼ਤ ਲਈ ਵੱਖ-ਵੱਖ ਟੈਂਟਾਂ ‘ਚ 155 ਸਟਾਲਾਂ ਤੇ ਖੁੱਲ੍ਹੇ ਮੈਦਾਨ ‘ਚ 60 ਸਟਾਲਾਂ ਸਜੀਆਂ ਹੋਈਆਂ ਹਨ, ਜਿਨ੍ਹਾਂ ‘ਤੇ ਕਰੀਬ ਸਭ ‘ਤੇ ਹੀ ਗਾਹਕ ਪੁੱਜ ਕੇ ਖਰੀਦਦਾਰੀ ਕਰ ਰਹੇ ਹਨ। ਇਥੇ 82 ਲੱਖ ਰੁਪਏ ਤੋਂ ਵੱਧ ਰੁਪਏ ਦੀ ਵਿਕਰੀ ਦਰਜ ਹੋਈ ਹੈ।

ਇਸ ਮੇਲੇ ਦੇ ਨੋਡਲ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਲੱਗੇ ਇਸ ਸਰਸ (ਸੇਲ ਆਫ਼ ਆਰਟੀਕਲਜ਼ ਆਫ਼ ਰੂਰਲ ਆਰਟੀਸਨਸ) ਮੇਲੇ ‘ਚ ਜਿੱਥੇ ਦੇਸ਼ ਦੇ 20 ਰਾਜਾਂ ਤੋਂ ਦਸਤਕਾਰ ਪੁੱਜੇ ਹੋਏ ਹਨ, ਉਥੇ ਹੀ 6 ਸਟਾਲਾਂ ਥਾਈਲੈਂਡ, ਟੁਰਕੀ, ਇਜਿਪਟ, ਅਫ਼ਗਾਨਿਸਤਾਨ ਮੁਲਕਾਂ ਦੇ ਦਸਤਕਾਰਾਂ ਦੀਆਂ ਵੀ ਸਜੀਆਂ ਹੋਈਆਂ ਹਨ।

ਏ.ਡੀ.ਸੀ. ਜੌਹਲ ਨੇ ਦੱਸਿਆ ਕਿ ਹੁਣ ਤੱਕ ਔਰਤਾਂ ਦੇ ਸੂਟਾਂ ਤੋਂ ਇਲਾਵਾ ਸੂਤੀ ਕੱਪੜੇ (ਅਜਰਕ), ਖੁਜਰਾ ਦੀ ਕਰੌਕਰੀ

ਬੈਡ ਸ਼ੀਟ, ਹੈਂਡਲੂਮ, ਹੋਮ ਡੈਕੋਰ, ਟਸਲ ਸਿਲਕ, ਫ਼ਰਨੀਚਰ, ਕਾਲੀਨ ਆਦਿ ਦੀ ਵਿਕਰੀ ਵਧੀਆ ਦਰਜ ਕੀਤੀ ਗਈ ਹੈ। ਇਸ ਤੋਂ ਬਿਨ੍ਹਾਂ ਖਾਣ-ਪੀਣ ਦੀਆਂ ਸਟਾਲਾਂ ‘ਤੇ ਵੀ ਦਰਸ਼ਕਾਂ ਦੀ ਖਿੱਚ ਬਣੀ ਹੋਈ ਹੈ। ਲੱਕੜ ਦਾ ਫਰਨੀਚਰ, ਲੱਕੜ ‘ਤੇ ਕਢਾਈ, ਖੁਰਜਾ ਪੌਟਰੀ, ਥਾਈਲੈਂਡ ਤੋਂ ਆਇਆ ਔਰਤਾਂ ਲਈ ਸਜਾਵਟੀ ਸਮਾਨ ਤੇ ਹੌਜ਼ਰੀ ਵਸਤਾਂ, ਟਰਕੀ ਦੀਆਂ ਸਜਾਵਟੀ ਵਸਤਾਂ ਆਦਿ ਖਾਸ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ।

ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਅੱਜ 30 ਲੱਖ ਦੇ ਕਰੀਬ ਸੇਲ ਦਰਜ ਕੀਤੀ ਗਈ ਹੈ ਜਦਕਿ 16 ਫਰਵਰੀ ਨੂੰ 38 ਲੱਖ, 15 ਫਰਵਰੀ ਨੂੰ 13 ਲੱਖ ਅਤੇ ਪਹਿਲੇ ਦਿਨ 1 ਲੱਖ ਦੇ ਕਰੀਬ ਸੇਲ ਦਰਜ ਕੀਤੀ ਗਈ ਸੀ। ਇਸ ਤੋਂ ਬਿਨ੍ਹਾਂ ਲਜ਼ੀਜ਼ ਪਕਵਾਨਾਂ ਦਾ ਸਵਾਦ ਲੈਣ ਸਮੇਤ ਬੱਚਿਆਂ ਲਈ ਝੂਲਿਆਂ ‘ਤੇ ਵੀ ਦਰਸ਼ਕ ਵੱਡੀ ਗਿਣਤੀ ਪੁੱਜ ਕੇ ਮਨੋਰੰਜਨ ਕਰ ਰਹੇ ਹਨ।

ਇਸ ਸ਼ੀਸ਼ ਮੇਲੇ ‘ਚ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਦਰਸ਼ਕਾਂ ਦੇ ਮਨੋਰੰਜਨ ਲਈ ਪੁੱਜੇ ਡੇਢ ਦਰਜਨ ਤੋਂ ਵਧੇਰੇ ਰਾਜਾਂ ਦੇ ਕਲਾਕਾਰਾਂ ਨੇ ਵੱਖ-ਵੱਖ ਰਾਜਾਂ ਦੇ ਸੱਭਿਆਚਾਰ ਅਤੇ ਪ੍ਰੰਪਰਾਵਾਂ ਦੀ ਦਿਲਕਸ਼ ਪੇਸ਼ਕਾਰੀ ਨਾਲ ਵੱਖਰੇ ਤੌਰ ‘ਤੇ ਦਰਸ਼ਕਾਂ ਦਾ ਮਨ ਮੋਹਿਆ ਹੈ। ਇਸ ਦੌਰਾਨ ਬੀਨ ਵਾਜਾ, ਬਾਜੀਗਰ ਆਦਿ ਸਮੇਤ ਹੋਰ ਲੋਕ ਨਾਚ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ।

ਇਸ ਮੇਲੇ ਦੇ ਨੋਡਲ ਅਫ਼ਸਰ ਅਤੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਸ਼ੀਸ਼ ਮਹਿਲ ‘ਚ 24 ਫਰਵਰੀ ਤੱਕ ਚੱਲਣ ਵਾਲੇ ਸਰਸ ਮੇਲੇ ‘ਚ 60 ਹਜ਼ਾਰ ਤੱਕ ਦਰਸ਼ਕ ਪੁੱਜ ਚੁੱਕੇ ਹਨ ਅਤੇ ਇੱਥੇ ਲੱਗੀਆਂ ਵੱਖ-ਵੱਖ ਸਟਾਲਾਂ ‘ਤੇ ਵਿਕਰੀ ਆਉਣ ਵਾਲੇ ਇੱਕ ਦੋ ਦਿਨਾਂ ‘ਚ ਹੋਰ ਵੀ ਵਧਣ ਦੀ ਆਸ ਹੈ।

ਅਨੁਪ੍ਰਿਤਾ ਜੌਹਲ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਇੱਸ ਮੇਲੇ ਦਾ ਅਨੰਦ ਮਾਨਣ ਲਈ ਸ਼ੀਸ਼ ਮਹਿਲ ਪੁੱਜਣ, ਕਿਉਂਕਿ ਇਥੇ ਦੇਸ਼ ਭਰ ‘ਚੋਂ ਪੁੱਜੇ ਦਿਹਾਤੀ ਦਸਤਕਾਰਾਂ ਦੀ ਵਸਤਾਂ ਇੱਕ ਮੰਚ ‘ਤੇ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਤੋਂ ਬਿਨ੍ਹਾਂ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਲੋਕ ਕਲਾਵਾਂ ਦੇ ਕਲਾਕਾਰ ਇੱਥੇ ਆਪਣੀ ਦਿਲਕਸ਼ ਪੇਸ਼ਕਾਰੀ ਦਿਖਾ ਰਹੇ ਹਨ।

Exit mobile version