Home Corruption News ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਫਗਵਾੜਾ ਦੇ ਇੰਸਪੈਕਟਰ ਨੂੰ ਇੱਕ ਲੱਖ ਰੁਪਏ...

ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਫਗਵਾੜਾ ਦੇ ਇੰਸਪੈਕਟਰ ਨੂੰ ਇੱਕ ਲੱਖ ਰੁਪਏ ਦੀ ਰਿਸ਼ਵਤ ਦੇ ਮਾਮਲੇ ਚ ਕੀਤਾ ਕਾਬੂ

0

 

ਚੰਡੀਗੜ੍ਹ, : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਨਗਰ ਨਿਗਮ, ਫਗਵਾੜਾ ਦੀ ਬਿਲਡਿੰਗ ਬ੍ਰਾਂਚ ਵਿਖੇ ਤਾਇਨਾਤ ਇਕ ਇੰਸਪੈਕਟਰ ਨੂੰ 1,00,000 ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਇਹ ਪ੍ਰਗਟਾਵਾ ਕਰਦਿਆਂ ਡੀਜੀਪੀ-ਕਮ-ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਬੀ.ਕੇ. ਉੱਪਲ ਨੇ ਦੱਸਿਆ ਕਿ ਨਗਰ ਨਿਗਮ ਫਗਵਾੜਾ ਦੇ ਇੰਸਪੈਕਟਰ ਪਲਪਰਨੀਤ ਸਿੰਘ ਨੂੰ ਵਿਜੀਲੈਂਸ ਟੀਮ ਵਲੋਂ ਸ਼ਿਕਾਇਤਕਰਤਾ ਸਤਿੰਦਰ ਸਿੰਘ ਨਿਵਾਸੀ ਫਗਵਾੜਾ, ਕਪੂਰਥਲਾ ਤੋਂ 1,00,000 ਰੁਪਏ ਦੀ ਰਿਸ਼ਵਤ ਹਾਸਲ ਕਰਨ ਦੇ ਕੇਸ ਵਿਚ ਗ੍ਰਿਫਤਾਰ ਕੀਤਾ ਹੈ। ਉਹਨਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਤੱਕ ਪਹੁੰਚ ਕੀਤੀ ਅਤੇ ਦੋਸ਼ ਲਾਇਆ ਕਿ ਉਪਰੋਕਤ ਇੰਸਪੈਕਟਰ ਨੇ ਉਸ (ਸ਼ਿਕਾਇਤਕਰਤਾ) ਦੀ ਮਾਂ ਦੇ ਨਾਮ ‘ਤੇ ਰਜਿਸਟਰਡ ਇੱਕ 20 ਮਰਲਾ ਪਲਾਟ ਦੀ ਚਾਰਦੁਆਰੀ ਦੀ ਉਸਾਰੀ ਕਰਨ ਅਤੇ ਨਕਸ਼ੇ ਨੂੰ ਮਨਜ਼ੂਰੀ ਦੇਣ ਲਈ ਰਿਸ਼ਵਤ ਵਜੋਂ 1,00,000 ਰੁਪਏ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇੰਸਪੈਕਟਰ ਪਲਪਰਨੀਤ ਸਿੰਘ ਨੇ ਉਸਦੇ ਪਲਾਟ ਦੇ ਨਕਸ਼ੇ ਨੂੰ ਮਨਜ਼ੂਰੀ ਲਈ ਸਰਕਾਰੀ ਫੀਸ ਵਜੋਂ 1,00,000 ਰੁਪਏ ਮੰਗੇ ਅਤੇ ਸ਼ਿਕਾਇਤਕਰਤਾ ਦੇ ਪਿਤਾ ਜਸਵਿੰਦਰ ਸਿੰਘ ਨੇ ਉਸਨੂੰ 50,000 ਰੁਪਏ ਦੀਆਂ ਦੋ ਕਿਸ਼ਤਾਂ ਵਿੱਚ ਦੇ ਦਿੱਤੇ।

ਉਹਨਾਂ ਕਿਹਾ ਕਿ ਜਦੋਂ ਸ਼ਿਕਾਇਤਕਰਤਾ ਦੇ ਪਿਤਾ ਜਸਵਿੰਦਰ ਸਿੰਘ ਦਫਤਰ ਗਏ ਤਾਂ ਉਸਨੂੰ ਪਤਾ ਲੱਗਿਆ ਕਿ ਮੁਲਜ਼ਮ ਇੰਸਪੈਕਟਰ ਨੂੰ ਮੁਅੱਤਲ ਕਰਨ ਤੋਂ ਬਾਅਦ ਟਰਾਂਸਫਰ ਕਰ ਦਿੱਤਾ ਗਿਆ ਹੈ। ਜਦੋਂ ਜਸਵਿੰਦਰ ਸਿੰਘ ਨੇ ਉੱਥੇ ਆਪਣੇ ਪਲਾਟ ਨਾਲ ਸਬੰਧਤ ਫਾਈਲ ਬਾਰੇ ਪੁੱਛਿਆ ਤਾਂ ਉਸ ਨੂੰ ਦੱਸਿਆ ਗਿਆ ਕਿ ਇਸ ਦਫਤਰ ਵਿੱਚ ਅਜਿਹੀ ਕੋਈ ਫਾਈਲ ਜਮ੍ਹਾ ਹੀ ਨਹੀਂ ਕੀਤੀ ਗਈ। ਇਸ ਤਰ੍ਹਾਂ ਇੰਸਪੈਕਟਰ ਪਲਪਰਨੀਤ ਸਿੰਘ ਨੇ ਜਸਵਿੰਦਰ ਸਿੰਘ ਨੂੰ ਧੋਖਾ ਦਿੱਤਾ ਅਤੇ ਸਰਕਾਰੀ ਫੀਸ ਦੇ ਨਾਮ ‘ਤੇ 1,00,000 ਰੁਪਏ ਠੱਗ ਲਏ। ਉਨ੍ਹਾਂ ਦੱਸਿਆ ਕਿ ਜਸਵਿੰਦਰ ਸਿੰਘ ਨੇ ਉੁਕਤ ਇੰਸਪੈਕਟਰ ਖ਼ਿਲਾਫ਼ ਥਾਣਾ ਸਤਨਾਮਪੁਰਾ, ਫਗਵਾੜਾ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ। ਜਾਂਚ ਅਧਿਕਾਰੀ ਨੇ ਦੋਵਾਂ ਧਿਰਾਂ ਨੂੰ ਥਾਣੇ ਵਿੱਚ ਬੁਲਾਇਆ ਅਤੇ ਜਾਂਚ ਦੌਰਾਨ ਉਕਤ ਇੰਸਪੈਕਟਰ ਨੇ ਸਵੀਕਾਰ ਕਰ ਲਿਆ ਕਿ ਉਸਨੇ ਜਸਵਿੰਦਰ ਸਿੰਘ ਤੋਂ 1,00,000 ਰੁਪਏ ਲਏ ਹਨ। ਇਸ ਤੋਂ ਇਲਾਵਾ ਇੰਸਪੈਕਟਰ ਪਾਲਪਰਨੀਤ ਸਿੰਘ ਨੇ ਦੱਸਿਆ ਕਿ ਉਸਨੇ ਜਸਵਿੰਦਰ ਸਿੰਘ ਨੂੰ 15,000 ਰੁਪਏ ਪਹਿਲਾਂ ਹੀ ਵਾਪਸ ਕਰ ਦਿੱਤੇ ਹਨ ਅਤੇ ਇੱਕ ਮਹੀਨੇ ਦੇ ਅੰਦਰ ਬਾਕੀ ਰਕਮ ਵਾਪਸ ਕਰ ਦੇਵੇਗਾ। ਇੰਸਪੈਕਟਰ ਪਾਲਪਰਨੀਤ ਸਿੰਘ ਨੇ ਜਸਵਿੰਦਰ ਸਿੰਘ ਨੂੰ ਕੋਟਕ ਮਹਿੰਦਰਾ ਬੈਂਕ ਦਾ 85000 ਰੁਪਏ ਦਾ ਇੱਕ ਚੈੱਕ ਦੇ ਦਿੱਤਾ ਪਰ ਜਦੋਂ ਉਸਨੇ ਪੈਸੇ ਕਢਵਾਉਣ ਲਈ ਚੈਕ ਲਗਾਇਆ ਤਾਂ ਬੈਂਕ ਵੱਲੋਂ ਚੈਕ ਬਾਊਂਸ ਕਰ ਦਿੱਤਾ ਗਿਆ। ਇਸ ਤਰ੍ਹਾਂ, ਇੰਸਪੈਕਟਰ ਪਾਲਪਰਨੀਤ ਸਿੰਘ ਨੇ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਦਿਆਂ ਗਲਤ ਢੰਗ ਨਾਲ ਇਸਦਾ ਲਾਹਾ ਲਿਆ ਅਤੇ ਰਿਸ਼ਵਤਖੋਰੀ ਦੇ ਕੇਸ ਵਿੱਚ ਉਸਦੀ ਸ਼ਮੂਲੀਅਤ ਸਾਬਤ ਹੋਈ। ਉਨ੍ਹਾਂ ਦੱਸਿਆ ਕਿ ਦੋਸ਼ੀ ਇੰਸਪੈਕਟਰ ਖ਼ਿਲਾਫ਼ ਵਿਜੀਲੈਂਸ ਦੇ ਪੁਲਿਸ ਥਾਣਾ, ਜਲੰਧਰ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਪੜਤਾਲ ਜਾਰੀ ਹੈ।

Exit mobile version