Home Political News ਤਿੰਨ ਕਾਲੇ ਖੇਤੀਬਾੜੀ ਕਾਨੂੰਨ ਮਨਸੂਖ ਕਰਵਾਉਣ ਲਈ ਲੋਕ ਸਭਾ ‘ਚ ਪ੍ਰਾਈਵੇਟ ਮੈਂਬਰਜ਼...

ਤਿੰਨ ਕਾਲੇ ਖੇਤੀਬਾੜੀ ਕਾਨੂੰਨ ਮਨਸੂਖ ਕਰਵਾਉਣ ਲਈ ਲੋਕ ਸਭਾ ‘ਚ ਪ੍ਰਾਈਵੇਟ ਮੈਂਬਰਜ਼ ਬਿਲ ਲਿਆਂਦਾ ਜਾਵੇਗਾ – ਪ੍ਰਨੀਤ ਕੌਰ

0

ਪਟਿਆਲਾ : ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਅੱਜ ਕਿਹਾ ਕਿ ਤਿੰਨ ਕਾਲੇ ਖੇਤੀਬਾੜੀ ਕਾਨੂੰਨ ਮਨਸੂਖ ਕਰਵਾਉਣ ਲਈ ਲੋਕ ਸਭਾ ‘ਚ ਪ੍ਰਾਈਵੇਟ ਮੈਂਬਰਜ਼ ਬਿਲ ਲਿਆਂਦਾ ਜਾਵੇਗਾ। ਉਹ ਅੱਜ ਪੰਜਾਬ ਭਵਨ ਦਿੱਲੀ ਵਿਖੇ ਪੰਜਾਬ ਤੋਂ ਕਾਂਗਰਸ ਪਾਰਟੀ ਦੇ ਬਾਕੀ ਸੰਸਦ ਮੈਂਬਰਾਂ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਪੰਜਾਬ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਕੇਂਦਰ ਸਰਕਾਰ ਦੇ ਕਿਸਾਨਾਂ ਤੇ ਆਮ ਲੋਕਾਂ ਲਈ ਲਈ ਮਾਰੂ ਕਾਨੂੰਨਾਂ ਵਿਰੁੱਧ ਨਿਜੀ ਤੇ ਸਾਂਝੇ ਤੌਰ ‘ਤੇ ਇੱਕ ਬਿਲ ਲਿਆਂਦੇ ਜਾਣ ਦੀ ਤਜਵੀਜ ਹੈ।
ਸ੍ਰੀਮਤੀ ਪ੍ਰਨੀਤ ਕੌਰ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਦੇ ਪੰਜਾਬ ਤੋਂ ਸੰਸਦ ਮੈਂਬਰ ਲੋਕ ਸਭਾ ਦੇ ਸਪੀਕਰ ਨੂੰ ਵੀ ਮਿਲਕੇ ਇਸ ਸਬੰਧੀਂ ਬੇਨਤੀ ਕਰਨਗੇ ਕਿ ਉਨ੍ਹਾਂ ਨੂੰ ਇਸ ਇਹ ਬਿਲ ‘ਰਿਪਲੀਲਿੰਗ ਐਂਡ ਅਮੈਂਡਿੰਗ ਐਕਟ 2021’ ਲਿਆਉਣ ਅਤੇ ਇਸ ਉਪਰ ਚਰਚਾ ਕਰਨ ਦੀ ਪਹਿਲ ਦੇ ਅਧਾਰ ‘ਤੇ ਆਗਿਆ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿਧਾਨ ਸਭਾ ਨੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਲਈ ਐਕਟ ਪਾਸ ਕੀਤਾ ਹੈ, ਉਨ੍ਹਾਂ ਨੂੰ ਉਮੀਦ ਹੈ ਕਿ ਇਸ ਬਿਲ ਨੂੰ ਸਹਿਯੋਗ ਮਿਲੇਗਾ ਅਤੇ ਇਹ ਸੰਸਦ ‘ਚ ਪਾਸ ਹੋ ਜਾਵੇਗਾ।
ਪਟਿਆਲਾ ਤੋਂ ਸੰਸਦ ਮੈਂਬਰ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਸੰਵਿਧਾਨਿਕ ਕਦਰਾਂ ਕੀਮਤਾਂ ਤੇ ਮਾਨਤਾਵਾਂ ਨੂੰ ਖ਼ਤਮ ਕਰਨ ਲਈ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਸਾਡਾ ਸੰਵਿਧਾਨ ਆਪਣੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਲਈ ਬਣਾਇਆ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਉਹ ਇਹ ਬਿਲ ਇਸ ਲਈ ਲੈ ਕੇ ਆ ਰਹੇ ਹਨ ਤਾਂ ਕਿ ਸਾਡੇ ਸੰਵਿਧਾਨ ਨੂੰ ਕੁਚਲਿਆ ਨਹੀਂ ਜਾ ਸਕੇ ਅਤੇ ਅੰਦੋਲਨ ਕਰ ਰਹੇ ਸਾਡੇ ਕਿਸਾਨਾਂ ਨੂੰ ਆਪਣੀ ਹਮਾਇਤ ਦਿੱਤੀ ਜਾ ਸਕੇ, ਜਿਹੜੇ ਕਿ ਆਪਣੇ ਹੀ ਚੁਣੀ ਹੋਈ ਸਰਕਾਰ ਤੋਂ ਆਪਣੇ ਹੱਕ ਲੈਣ ਲਈ ਆਪਣੀ ਆਵਾਜ ਬੁਲੰਦ ਕਰਨ ਲਈ ਸੜਕਾਂ ‘ਤੇ ਉਤਰਨ ਲਈ ਮਜ਼ਬੂਰ ਹੋਏ ਹਨ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਹਮਾਇਤ ਦੇਣ ਅਤੇ ਉਨ੍ਹਾਂ ਦੇ ਹੱਕ ‘ਚ ਆਪਣੀ ਆਵਾਜ ਉਠਾਉਣ ਲਈ ਸਾਡੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੇ ਵੀ ਦਿੱਲੀ ਵਿਖੇ ਕਰੀਬ ਮਹੀਨੇ ਤੋਂ ਜਿਆਦਾ ਸਮੇਂ ਤੋਂ ਧਰਨਾ ਲਗਾਇਆ ਹੋਇਆ ਹੈ ਪਰੰਤੂ ਕੇਂਦਰ ਸਰਕਾਰ, ਕਿਸਾਨਾਂ ਨੂੰ ਅਣਦੇਖਿਆ ਕਰਨ ਦੀ ਤਰਜ ‘ਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਪ੍ਰਤੀ ਵੀ ਅੰਨ੍ਹੀਂ ਤੇ ਬੋਲੀ ਬਣੀ ਹੋਈ ਹੈ। ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਉਹ ਆਪਣੇ ਕਿਸਾਨਾਂ ਅਤੇ ਅਗਲੀਆਂ ਪੀੜ੍ਹੀਆਂ ਦਾ ਭਵਿੱਖ ਬਚਾਉਣ ਲਈ ਇਹ ਨਿਜੀ ਮੈਂਬਰਜ਼ ਬਿਲ ਲਿਆ ਰਹੇ ਹਨ।

Exit mobile version