Home Current Affairs ਮੁੱਖ ਮੰਤਰੀ ਵੱਲੋਂ ਪਟਿਆਲਾ ਦੇ ਨੌਜਵਾਨ ਫੋਟੋ ਪੱਤਰਕਾਰ ਜੈ ਦੀਪ ਦੇ ਦੇਹਾਂਤ...

ਮੁੱਖ ਮੰਤਰੀ ਵੱਲੋਂ ਪਟਿਆਲਾ ਦੇ ਨੌਜਵਾਨ ਫੋਟੋ ਪੱਤਰਕਾਰ ਜੈ ਦੀਪ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

0

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਦੇ ਨੌਜਵਾਨ ਫੋਟੋ ਪੱਤਰਕਾਰ ਜੈ ਦੀਪ ਦੀ ਬੇਵਕਤੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 28 ਵਰ੍ਹਿਆਂ ਦੇ ਜੈ ਦੀਪ ਦਾ ਕੱਲ੍ਹ ਪਟਿਆਲਾ ਵਿਖੇ ਦੇਹਾਂਤ ਹੋ ਗਿਆ ਸੀ। ਉਹ ਆਪਣੇ ਪਿੱਛੇ ਮਾਤਾ-ਪਿਤਾ ਤੇ ਇਕ ਭੈਣ ਛੱਡ ਗਿਆ।
ਜੈ ਦੀਪ ਜਿਸ ਨੇ ਪਹਿਲਾਂ ਦੈਨਿਕ ਭਾਸਕਰ ਤੇ ਦੈਨਿਕ ਸਵੇਰਾ ਗਰੁੱਪ ਲਈ ਸੇਵਾਵਾਂ ਨਿਭਾਈਆਂ, ਦਾ ਕੋਵਿਡ-19 ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਕੁਝ ਦਿਨਾਂ ਬਾਅਦ ਹੀ ਦੇਹਾਂਤ ਹੋ ਗਿਆ। ਉਸ ਦੀ ਰਿਪੋਰਟ 18 ਅਗਸਤ ਨੂੰ ਪਾਜ਼ੇਟਿਵ ਆਈ ਸੀ ਜਿਸ ਤੋਂ ਬਾਅਦ ਉਹ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਸੀ। ਕੱਲ੍ਹ ਸ਼ਾਮ ਉਸ ਨੇ ਆਖਰੀ ਸਾਹ ਲਿਆ।
ਮੁੱਖ ਮੰਤਰੀ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਜੈ ਦੀਪ ਨੂੰ ਸਮਰਪਿਤ ਪੱਤਰਕਾਰ ਦੱਸਦਿਆਂ ਕਿਹਾ ਕਿ ਉਹ ਇੱਕ ਵਧੀਆ ਫੋਟੋਗ੍ਰਾਫਰ ਸਨ ਜਿਨ੍ਹਾਂ ਨੂੰ ਫੋਟੋ ਪੱਤਰਕਾਰੀ ਦੀ ਡੂੰਘੀ ਸਮਝ ਸੀ। ਮੁੱਖ ਮੰਤਰੀ ਨੇ ਦੁਖੀ ਪਰਿਵਾਰ ਦੇ ਮੈਂਬਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ।
ਇਸੇ ਦੌਰਾਨ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਜੈ ਦੀਪ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਦੁਖੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈ।
ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਸੂਬਾ ਸਰਕਾਰ ਤਰਫੋਂ ਸੋਮਵਾਰ ਦੀ ਸਵੇਰ ਜੈ ਦੀਪ ਦੇ ਅੰਤਿਮ ਸੰਸਕਾਰ ਮੌਕੇ ਮ੍ਰਿਤਕ ਦੇਹ ਨੂੰ ਸ਼ਰਧਾਂਜਲੀ ਭੇਂਟ ਕੀਤੀ।

Exit mobile version