Home Punjabi News ਪੰਜਾਬ ਹਮੇਸ਼ਾਂ ਦੇਸ਼ ਦੀ ਖੜਗ ਭੁਜਾ ਰਿਹਾ-ਦੇਸ਼ ਦੀ ਹਰੀ ਕ੍ਰਾਂਤੀ ਪੰਜਾਬ ਦੀ...

ਪੰਜਾਬ ਹਮੇਸ਼ਾਂ ਦੇਸ਼ ਦੀ ਖੜਗ ਭੁਜਾ ਰਿਹਾ-ਦੇਸ਼ ਦੀ ਹਰੀ ਕ੍ਰਾਂਤੀ ਪੰਜਾਬ ਦੀ ਹੀ ਦੇਣ-ਰਾਜਪਾਲ

0

ਪਟਿਆਲਾ, :ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਪੰਜਾਬ ਦੇ ਲੋਕਾਂ ਖਾਸਕਰ ਨੌਜਵਾਨ ਵਰਗ ਨੂੰ ਸੱਦਾ ਦਿੱਤਾ ਹੈ ਕਿ ਉਹ ਸਮਾਜਿਕ ਬੁਰਾਈਆਂ ਨੂੰ ਜੜੋਂ ਪੁੱਟਣ ਲਈ ਇੱਕ ਮੁਠ ਹੋ ਕੇ ਕੰਮ ਕਰਨ ਅਤੇ ਭਾਰਤ ਨੂੰ ਸਹੀ ਮਾਅਨਿਆਂ ਵਿੱਚ ਧਰਮ ਨਿਰਪੱਖ, ਸਮਾਜਿਕ ‘ਤੇ ਲੋਕਤੰਤਰਿਕ ਤੌਰ ‘ਤੇ ਮਜੂਬਤ ਕਰਨ ਲਈ ਅੱਗੇ ਆਉਣ।
ਪੰਜਾਬ ਦੇ ਰਾਜਪਾਲ ਜੋ ਅੱਜ 68 ਵੇਂ ਗਣਤੰਤਰ ਦਿਵਸ ਦੇ ਅਵਸਰ ‘ਤੇ ਵਾਈ.ਪੀ.ਐਸ. ਸਟੇਡੀਅਮ ਵਿਖੇ ਹੋਏ ਰਾਜ ਪੱਧਰੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਸਨ ਨੇ ਕੌਮੀ ਝੰਡਾਂ ਲਹਿਰਾਉਣ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਦੇਸ਼ ਦੀ ਆਜ਼ਾਦੀ ਦਾ ਸੁਪਨਾ ਹਜਾਰਾਂ ਕੁਰਬਾਨੀਆਂ ਉਪਰੰਤ ਸਾਕਾਰ ਹੋਇਆ ਹੈ ਅਤੇ ਦੇਸ਼ ਵਿੱਚ ਅਮਨ ਬਹਾਲੀ ਤੇ ਭਾਈਚਾਰਕ ਸਾਂਝ ਲਈ ਸੁਰੱਖਿਆ ਦਸਤਿਆਂ ਦੇ ਅਨੇਕਾਂ ਜਵਾਨਾਂ ਨੇ ਸਹਾਦਤਾਂ ਦਿੱਤੀਆਂ ਹਨ। ਰਾਜਪਾਲ ਨੇ ਕਿਹਾ ਕਿ ਦੇਸ਼ ਦੇ ਆਜਾਦੀ ਸੰਗਰਾਮ ਵਿੱਚ ਸ਼ਹਾਦਤਾਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਅਸਲ ਸ਼ਰਧਾਂਜਲੀ ਉਦੋਂ ਹੋਵੇਗੀ ਜਦੋਂ ਉਹਨਾਂ ਵੱਲੋਂ ਦੇਸ਼ ਨੂੰ ਮਜਬੂਤ ਤੇ ਬੁਲੰਦੀਆਂ ‘ਤੇ ਲੈ ਜਾਣ ਦੇ ਸੁਪਨੇ ਸਾਕਰ ਹੋਣਗੇ।
ਦੇਸ਼ ਦੇ ਆਜਾਦੀ ਸੰਗਰਾਮ ਵਿੱਚ ਕੁਰਬਾਨੀਆਂ ਦੇਣ ਵਾਲੇ ਦੇਸ਼ ਵਾਸੀਆਂ ਖਾਸ ਕਰ ਪੰਜਾਬੀਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ਼੍ਰੀ ਬਦਨੌਰ ਨੇ ਕਿਹਾ ਕਿ ਪੰਜਾਬ ਹਮੇਸ਼ਾਂ ਦੇਸ਼ ਦੀ ਖੜਗ ਭੁਜਾ ਰਿਹਾ ਹੈ ਜਿਸ ਨੇ ਦੇਸ਼ ‘ਤੇ ਹੋਣ ਵਾਲੇ ਹਰ ਵਿਦੇਸ਼ੀ ਹਮਲਿਆਂ ਦਾ ਮੂੰਹ ਤੋੜ ਜਵਾਬ ਦਿੱਤਾ ਹੈ ਅਤੇ ਆਜ਼ਾਦੀ ਤੋਂ ਬਾਅਦ ਬਹਾਦਰ ਤੇ ਮਿਹਨਤੀ ਪੰਜਾਬੀਆਂ ਨੇ ਰਿਕਾਰਡ ਤੋੜ ਅੰਨ ਦੀ ਪੈਦਾਵਾਰ ਕਰਕੇ ਦੇਸ਼ ਦੀਆਂ ਅੰਨ ਜਰੂਰਤਾਂ ਨੂੰ ਪੂਰਾ ਕਰਦੇ ਹੋਏ ਦੇਸ਼ ਵਿੱਚ ਹਰੀ ਕ੍ਰਾਂਤੀ ਲਿਆਂਦੀ। ਰਾਜਪਾਲ ਨੇ ਪੰਜਾਬ ਦੇ ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਦੇਸ਼ ਦੀ ਹਰੀ ਕ੍ਰਾਂਤੀ ਪੰਜਾਬ ਦੇ ਕਿਸਾਨਾਂ ਦੀ ਹੀ ਦੇਣ ਹੈ। ਉਹਨਾਂ ਕਿਹਾ ਕਿ ਪੰਜਾਬ ਸੰਤਾ, ਮਹਾਤਮਾਂ ਤੇ ਗੁਰੂਆਂ ਪੀਰਾਂ ਦੀ ਧਰਤੀ ਹੈ ਉਹਨਾਂ ਦੀ ਵਿਚਾਰਧਾਰਾ ਪੂਰੇ ਵਿਸ਼ਵ ਵਿੱਚ ਫੈਲੀ ਹੈ ਅਤੇ ਵੈਦਿਕ ਕਾਲ ਤੋਂ ਇਸ ਪਵਿਤਰ ਧਰਤੀ ਤੇ ਵਿਸ਼ਵ ਨੂੰ ਨਵੀਂ ਸੋਚ ‘ਤੇ ਦਿਸ਼ਾ ਦਿੱਤੀ ਹੈ।
ਰਾਜਪਾਲ ਨੇ ਕਿਹਾ ਕਿ ਪੰਜਾਬ ਨੇ ਖੇਤੀਬਾੜੀ ਤੋਂ ਇਲਾਵਾ ਖੇਤੀਬਾੜੀ ਦੇ ਸੰਦਾਂ, ਖੇਡਾਂ ਦਾ ਸਮਾਨ ਆਦਿ ਬਣਾਉਣ ਵਿੱਚ ਵੀ ਮੱਲਾਂ ਮਾਰੀਆਂ ਹਨ। ਉਹਨਾਂ ਕਿਹਾ ਕਿ ਦੇਸ਼ ਦੀ ਤਰੱਕੀ ਲਈ ਸਾਨੂੰ ਈ ਬੈਕਿੰਗ ਤੇ ਡਿਜੀਟਲ ਪੇਮੈਂਟ ਵੱਲ ਕਦਮ ਪੁਟਣੇ ਪੈਣਗੇ। ਰਾਜਪਾਲ ਨੇ ਕਿਹਾ ਕਿ ਮੈਨੂੰ ਪੁਰੀ ਉਮੀਦ ਹੈ ਕਿ ਪੰਜਾਬ ਇਸ ਖੇਤਰ ਵਿੱਚ ਵੀ ਹਮੇਸ਼ਾਂ ਵਾਂਗ ਮੂਹਰਲੀ ਕਤਾਰ ਵਿੱਚ ਰਹੇਗਾ।
ਵਰਦੇ ਮੀਂਹ ਵਿੱਚ ਇਸ ਸਮਾਗਮ ਵਿੱਚ ਸ਼ਾਨਦਾਰ ਪਰੇਡ ਕਰਨ ‘ਤੇ ਸਮੂਹ ਟੁਕੜੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਰਾਜਪਾਲ ਨੇ ਪੰਜਾਬ ਦੇ ਨੌਜਾਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਆਪਣੀ ਵੋਟ ਦਾ ਅਧਿਕਾਰ ਬਿਨਾਂ ਕਿਸੇ ਡਰ ਤੇ ਲਾਲਚ ਤੋਂ ਕਰਕੇ ਸ਼ਾਂਤੀ ਪੂਰਵਕ ਚੋਣ ਪ੍ਰਕਿਆ ਵਿੱਚ ਆਪਣਾ ਹਿੱਸਾ ਪਾਉਣ।
ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਕੌਮੀ ਝੰਡਾ ਲਹਿਰਾਉਣ ਉਪਰੰਤ ਪਰੇਡ ਦਾ ਨਿਰੀਖਣ ਕੀਤਾ ਅਤੇ ਫਿਰ ਪੰਜਾਬ ਵਾਸੀਆਂ ਦੇ ਨਾ ਆਪਣਾ ਸੰਦੇਸ਼ ਦਿੱਤਾ ਇਸ ਉਪਰੰਤ ਉਹਨਾਂ ਮਾਰਚ ਪਾਸਟ ਤੋਂ ਸਲਾਮੀ ਲਈ ਅਤੇ ਆਜ਼ਾਦੀ ਘੁਲਾਟੀਆਂ ਤੇ ਉਹਨਾਂ ਦੇ ਪਰਿਵਾਰਾਂ , ਪਰੇਡ ਕਮਾਂਡਰ ਡੀ.ਐਸ.ਪੀ. ਸ਼੍ਰੀ ਮਨਪ੍ਰੀਤ ਸਿੰਘ ਥਿੰਦ, ਸਹਾਇਕ ਪਰੇਡ ਕਮਾਂਡਰ ਡੀ.ਐਸ.ਪੀ. ਸ਼੍ਰੀ ਸੁਖਵਿੰਦਰ ਸਿੰਘ ਗੁਰਾਇਆਂ, ਪਹਿਲੇ ਨੰਬਰ ‘ਤੇ ਆਉਣ ਵਾਲੀ ਰਾਜਸਥਾਨ ਆਰਮਡ ਪੁਲਿਸ ਤੇ ਦੂਸਰੇ ਨੰਬਰ ‘ਤੇ ਆਉਣ ਵਾਲੀ ਪੀ.ਏ.ਪੀ. ਜਲੰਧਰ ਦੀ ਟੁਕੜੀ ਨੂੰ ਸਨਮਾਨਿਤ ਕੀਤਾ ਅਤੇ ਜੂਨੀਅਰ ਵਿੰਗ ਵਿੱਚ ਪਹਿਲੇ ਸਥਾਨ ‘ਤੇ ਰਹੀ ਗਰਲਜ਼ ਗਾਈਡ ਤੇ ਦੂਜੇ ਸਥਾਨ ‘ਤੇ ਰਹੀ ਤੀਜੀ ਪੰਜਾਬ ਐਨ.ਸੀ.ਸੀ. ਏਅਰਵਿੰਗ, ਪਹਿਲੇ ਸਥਾਨ ‘ਤੇ ਆਈ ਸਰਕਾਰੀ ਪੋਲੀਟੈਕਨਿਕ ਲੜਕੀਆਂ ਦੀ ਸਵੀਪ ਦੀ ਝਾਕੀ ਅਤੇ ਦੂਸਰੇ ਸਥਾਨ ‘ਤੇ ਆਈ ਬਾਗਬਾਨੀ ਵਿਭਾਗ ਦੀ ਝਾਕੀ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਪੰਜਾਬ ਦੇ ਮੁੱਖ ਸਕੱਤਰ ਸਰਵੇਸ਼ ਕੌਸ਼ਲ, ਡਵੀਜਨਲ ਕਮਿਸ਼ਨਰ ਸੁਮੇਰ ਸਿੰਘ ਗੁਰਜਰ, ਡਿਪਟੀ ਕਮਿਸ਼ਨਰ ਰਾਮਵੀਰ ਸਿੰਘ ਨੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਸਮਾਗਮ ਮੌਕੇ ਮੁੱਖ ਸਕੱਤਰ ਸ਼੍ਰੀ ਸਰਵੇਸ਼ ਕੌਸ਼ਲ ਤੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੂੰ ਵੀ ਸਨਮਾਨਿਤ ਕੀਤਾ ਗਿਆ ਤੇ ਰਾਸ਼ਟਰੀ ਗੀਤ ਉਪਰੰਤ ਸਮਾਗਮ ਦੀ ਸਮਾਪਤੀ ਹੋਈ।
ਰਾਜਪਾਲ ਨੇ ਇਸ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਸਕੂਲਾਂ ਵਿੱਚ 27 ਜਨਵਰੀ ਨੂੰ ਛੁੱਟੀ ਦਾ ਐਲਾਨ ਵੀ ਕੀਤਾ। ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਪਰੇਡ ਵਿੱਚ ਹਿੱਸਾ ਲੈਣ ਵਾਲੀਆਂ ਪੰਜਾਬ ਪੁਲਿਸ ਦੀਆਂ ਟੁਕੜੀਆਂ ਨੂੰ ਡੀ.ਜੀ.ਪੀ. ਕਮੈਮੋਡੇਸ਼ਨ ਡਿਸਕ ਅਤੇ ਦੂਸਰੀਆਂ ਟੁਕੜੀਆਂ ਨੂੰ ਸੀ.ਸੀ.-1 ਸਰਟੀਫਿਕੇਟ ਤੇ 1000 ਰੁਪਏ ਪ੍ਰਤੀ ਜਵਾਨ/ਕੈਡਿਟ ਇਨਾਮ ਦੇਣ ਦਾ ਐਲਾਨ ਵੀ ਕੀਤਾ। ਅੱਜ ਦੇ ਰਾਜ ਪੱਧਰੀ ਸਮਾਰੋਹ ਦੀ ਪਰੇਡ ਵਿੱਚ 15 ਟੁਕੜੀਆਂ ਨੇ ਹਿੱਸਾ ਲਿਆ ਜਿਹਨਾਂ ਵਿੱਚ ਤਿੰਨ ਟੁਕੜੀਆ ਪੰਜਾਬ ਆਰਮਡ ਪੁਲਿਸ ਜਲੰਧਰ, ਇੱਕ ਟੁਕੜੀ ਰਾਜਸਥਾਨ ਆਰਮਡ ਪੁਲਿਸ, ਇੱਕ ਟੁਕੜੀ ਇੰਡੋਤਿਬਤੀਅਨ ਵਾਰਡਰ ਪੁਲਿਸ, ਦੋ ਟੁਕੜੀਆਂ ਪਟਿਆਲਾ ਪੁਲਿਸ, ਇੱਕ ਟੁਕੜੀ ਪੰਜਾਬ ਹੋਮ ਗਾਰਡਜ਼, ਤਿੰਨ ਟੁਕੜੀਆਂ ਐਨ.ਸੀ.ਸੀ., ਸਕਾਊਟਸ, ਗਰਲ ਗਾਈਡਜ਼, ਸੇਂਟਜੋਨ ਐਬੂਲੈਂਸ ਰੈਡ ਕਰਾਸ, ਇੱਕ ਟੁਕੜੀ ਪੰਜਾਬ ਆਰਮਡ ਪੁਲਿਸ ਜਲੰਧਰ ਦੇ ਬਰਾਸ ਬੈਂਡ ਦੀ ਸੀ। ਇਸ ਤੋਂ ਇਲਾਵਾ 7 ਵਿਭਾਗਾਂ ਵੱਲੋਂ ਝਾਕੀਆਂ ਵੀ ਕੱਢੀਆਂ ਗਈਆਂ। ਅੱਜ ਦੇ ਰਾਜ ਪੱਧਰੀ ਸਮਾਗਮ ਵਿੱਚ ਨਿਆਇਕ, ਸਿਵਲ ਫੌਜ ਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੱਚੇ ਤੇ ਅਧਿਆਪਕ ਵੀ ਹਾਜਰ ਸਨ।

Exit mobile version