Home Punjabi News ਪੰਜਾਬ ਸਰਕਾਰ ਵੱਲੋਂ 11700 ਰੈਗੂਲਰ ਅਧਿਆਪਕਾਂ ਦੀ ਭਰਤੀ ਜਲਦ-ਚੀਮਾ

ਪੰਜਾਬ ਸਰਕਾਰ ਵੱਲੋਂ 11700 ਰੈਗੂਲਰ ਅਧਿਆਪਕਾਂ ਦੀ ਭਰਤੀ ਜਲਦ-ਚੀਮਾ

0

ਲੁਧਿਆਣਾ, : ਪੰਜਾਬ ਵਿੱਚ ਸਿੱਖਿਆ ਦਾ ਪੱਧਰ ਹੋਰ ਉੱਚਾ ਚੁੱਕਣ ਦੇ ਮਕਸਦ ਨਾਲ ਪੰਜਾਬ ਸਿੱਖਿਆ ਵਿਭਾਗ ਵੱਲੋਂ 11700 ਅਧਿਆਪਕਾਂ ਦੀ ਪੱਕੀ ਭਰਤੀ ਜਲਦ ਹੀ ਕੀਤੀ ਜਾ ਰਹੀ ਹੈ। ਇਨਾ ਵਿੱਚੋਂ 4000 ਅਧਿਆਪਕ ਪ੍ਰਾਇਮਰੀ ਸਕੂਲਾਂ ਵਿੱਚ ਜਦਕਿ 7700 ਅਧਿਆਪਕ ਸੈਕੰਡਰੀ ਸਕੂਲਾਂ ਵਿੱਚ ਤਾਇਨਾਤ ਕੀਤੇ ਜਾਣਗੇ। ਇਸ ਸੰਬੰਧੀ ਬਕਾਇਦਾ ਮੀਟਿੰਗ ਹੋ ਚੁੱਕੀ ਹੈ ਅਤੇ ਫਾਈਲ ਮੁੱਖ ਮੰਤਰੀ ਪੰਜਾਬ ਦੀ ਪ੍ਵਾਨਗੀ ਲਈ ਭੇਜੀ ਜਾ ਚੁੱਕੀ ਹੈ।
ਇਹ ਜਾਣਕਾਰੀ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਸਥਾਨਕ ਗਿੱਲ ਸੜਕ ਸਥਿਤ ਸ਼ਹੀਦ ਕਰਨੈਲ ਸਿੰਘ ਨਗਰ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਦਾ ਉਦਘਾਟਨ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਤੀ। ਇਸ ਮੌਕੇ ਉਨਾ ਨਾਲ ਸਾਬਕਾ ਮੰਤਰੀ ਅਤੇ ਜ਼ਿਲਾਂ ਯੋਜਨਾ ਬੋਰਡ ਦੇ ਚੇਅਰਮੈਨ ਸ੍. ਹੀਰਾ ਸਿੰਘ ਗਾਬੜੀਆ ਵੀ ਹਾਜ਼ਰ ਸਨ। ਸ੍. ਚੀਮਾ ਨੇ ਦੱਸਿਆ ਕਿ ਇਹਨਾਂ ਅਧਿਆਪਕਾਂ ਦੀ ਪੱਕੀ ਭਰਤੀ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ। ਉਨਾ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (ਟੀ. ਈ. ਟੀ.) ਨੂੰ ਬੰਦ ਕਰਨ ਦਾ ਕੋਈ ਇਰਾਦਾ ਨਹੀਂ, ਬਲਕਿ ਈ. ਟੀ. ਟੀ. ਲਈ ਪ੍ਵੇਸ਼ ਪ੍ਰੀਖਿਆ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ।
ਐਸੋਸੀਏਟ ਸਕੂਲਾਂ ਬਾਰੇ ਪੁੱਛੇ ਜਾਣ ‘ਤੇ ਡਾ. ਚੀਮਾ ਨੇ ਭਰੋਸਾ ਦਿੱਤਾ ਕਿ ਇਨਾ ਸਕੂਲਾਂ ਨੂੰ ਬੰਦ ਨਹੀਂ ਹੋਣ ਦਿੱਤਾ ਜਾਵੇਗਾ। ਉਨਾ ਕਿਹਾ ਕਿ ਇਨਾ ਸਕੂਲਾਂ ਦੀ ਚੈਕਿੰਗ ਚੱਲ ਰਹੀ ਹੈ ਅਤੇ ਕਿਸੇ ਵੀ ਸਕੂਲ ਨੂੰ ਬੇਲੋੜਾ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਇਸ ਚੈਕਿੰਗ ਦਾ ਮਕਸਦ ਹੈ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਇਨਾ ਸਕੂਲਾਂ ਕੋਲ ਅਧਿਆਪਕ ਅਤੇ ਹੋਰ ਸਟਾਫ਼ ਬਕਾਇਦਾ ਯੋਗਤਾਵਾਂ ਪੂਰੀਆਂ ਕਰਦਾ ਹੈ ਅਤੇ ਵਿਦਿਆਰਥੀ ਚੰਗੀ ਵਿੱਦਿਆ ਹਾਸਿਲ ਕਰ ਰਹੇ ਹਨ। ਸਕੂਲਾਂ ਦੇ ਮਾੜੇ ਨਤੀਜਿਆਂ ਬਾਰੇ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਡਾ. ਚੀਮਾ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿੱਚ 10 ਟੀਮਾਂ ਅਜਿਹੇ ਸਕੂਲਾਂ ‘ਚ ਜਾ ਕੇ ਸਰਵੇ ਕਰ ਰਹੀਆਂ ਹਨ। ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਕੁਸ਼ਲਤਾ ਵਿੱਚ ਵਾਧਾ ਕਰਨ ਲਈ ਸਮੇਂ-ਸਮੇਂ ‘ਤੇ ਸਿਖ਼ਲਾਈ ਦਿੱਤੀ ਜਾਇਆ ਕਰੇਗੀ।

Exit mobile version