Home Punjabi News ਪਟਿਆਲਾ ਜ਼ਿਲ੍ਹੇ ਵਿੱਚ ਝੋਨੇ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ-ਡੀ.ਸੀ.

ਪਟਿਆਲਾ ਜ਼ਿਲ੍ਹੇ ਵਿੱਚ ਝੋਨੇ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ-ਡੀ.ਸੀ.

0

ਪਟਿਆਲਾ : ਪਟਿਆਲਾ ਜ਼ਿਲ੍ਹੇ ਵਿੱਚ ਝੋਨੇ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ 1 ਅਕਤੂਬਰ ਤੋਂ ਜ਼ਿਲ੍ਹੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਸਿੰਘ ਨੇ ਮਾਰਕੀਟ ਕਮੇਟੀ ਪਟਿਆਲਾ ਦੇ ਦਫ਼ਤਰ ਵਿਖੇ ਵੱਖ-ਵੱਖ ਸਰਕਾਰੀ ਖਰੀਦ ਏਜੰਸੀਆਂ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਸ: ਨਰਦੇਵ ਸਿੰਘ ਆਕੜੀ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 106 ਮੰਡੀਆਂ ਹਨ ਜਿਹਨਾਂ ਨੂੰ ਏਜੰਸੀ ਵਾਈਜ਼ ਅਲਾਟ ਕਰ ਦਿੱਤਾ ਗਿਆ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫ਼ਸਲ ਦਾ ਸਹੀ ਮੁੱਲ ਲੈਣ ਲਈ ਮੰਡੀਆਂ ਵਿੱਚ ਝੋਨਾ ਸੁਕਾ ਕੇ ਹੀ ਲਿਆਉਣ ਅਤੇ ਨਮੀ ਦੀ ਮਾਤਰਾ 17 ਫੀਸਦੀ ਤੋਂ ਵੱਧ ਨਾ ਹੋਵੇ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਕੰਬਾਇਨਾਂ ਨਾਲ ਝੋਨੇ ਦੀ ਕਟਾਈ ਸਵੇਰੇ 10.00 ਵਜੇ ਤੋਂ ਸ਼ਾਮ 7 ਵਜੇ ਤੱਕ ਹੀ ਕੀਤੀ ਜਾਵੇ। ਉਹਨਾਂ ਕਿਹਾ ਕਿ ਜੇ ਕੋਈ ਕੰਬਾਇਨ ਸ਼ਾਮੀ 7 ਵਜੇ ਤੋਂ ਸਵੇਰੇ 10 ਵਜੇ ਦਰਮਿਆਨ ਚਲਦੀ ਪਾਈ ਗਈ ਤਾਂ ਉਸ ਨੂੰ ਜਬਤ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਇਸ ਸਬੰਧੀ ਸਬੰਧਤ ਐਸ.ਡੀ.ਐਮਜ ਤੇ ਪੁਲਿਸ ਵਿਭਾਗ ਨੂੰ ਹਦਾਇਤਾਂ ਜਾਰੀ ਕਰ ਦਿੱਤੀਆ ਗਈਆਂ ਹਨ।
ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਸੀਜਨ ਦੌਰਾਨ ਜ਼ਿਲ੍ਹੇ ਵਿੱਚ ਕੁੱਲ 11,85, 383 ਮੀਟਰਕ ਟਨ ਝੋਨਾ ਮੰਡੀਆਂ ਵਿੱਚ ਆਇਆ ਸੀ। ਜਿਸ ਵਿੱਚ 11.63 ਫੀਸਦੀ ਦਾ ਵਾਧਾ ਕਰਕੇ ਇਸ ਸਾਲ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 13,23,242 ਮੀਟਰਕ ਟਨ ਝੋਨੇ ਦੀ ਖਰੀਦ ਹੋਣ ਦੀ ਸੰਭਾਵਨਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰੀ ਏਜੰਸੀਆਂ ਨੂੰ ਝੋਨੇ ਦੀ ਖਰੀਦ ਦੀ ਜੋ ਅਲਾਟਮੈਂਟ ਕੀਤੀ ਗਈ ਹੈ ਉਸ ਵਿੱਚ ਪਨਗਰੇਨ ਨੂੰ 318376 ਮੀਟਰਕ ਟਨ, ਮਾਰਕਫੈਡ ਨੂੰ 283726, ਪਨਸਪ ਨੂੰ 290772, ਵੇਅਰ ਹਾਊਸ ਨੂੰ 146237, ਪੰਜਾਬ ਐਗਰੋ ਨੂੰ 125151 ਅਤੇ ਐਫ.ਸੀ.ਆਈ. ਨੂੰ 158980 ਮੀਟਰਕ ਟਨ ਝੋਨੇ ਦੀ ਖਰੀਦ ਦੀ ਅਲਾਟਮੈਂਟ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਝੋਨੇ ਦੀ ਖਰੀਦ ਲਈ ਬਾਰਦਾਨਾ, ਮੰਡੀਆਂ ਦੀ ਸਾਫ ਸਫ਼ਾਈ, ਪੀਣ ਵਾਲਾ ਪਾਣੀ ਤੇ ਲਾਈਟਾਂ ਆਦਿ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਹਨਾਂ ਦੱਸਿਆ ਕਿ ਖਰੀਦ ਦੇ ਸੀਜਨ ਦੌਰਾਨ ਖਰੀਦ ਪ੍ਰਕ੍ਰਿਆ ਵਿੱਚ ਸ਼ਾਮਲ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਛੁੱਟੀ ਨਹੀਂ ਕਰੇਗਾ ਅਤੇ ਖਰੀਦ ਪ੍ਰਬੰਧਾਂ ਵਿੱਚ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰੀਦੇ ਗਏ ਝੋਨੇ ਦੀ ਲੀਫਟਿੰਗ ਦੇ ਸਾਰੇ ਪ੍ਰਬੰਧ ਵੀ ਮੁਕੰਮਲ ਕਰ ਲਏ ਗਏ ਹਨ ਅਤੇ ਕਿਸਾਨਾਂ ਨੂੰ ਵੇਚੀ ਗਈ ਫ਼ਸਲ ਦੀ ਅਦਾਇਗੀ ਵੀ ਬਿਨਾਂ ਕਿਸੇ ਦੇਰੀ ਦੇ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਮੀਟਿੰਗ ਵਿੱਚ ਹਾਜ਼ਰ ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਸ: ਨਰਦੇਵ ਸਿੰਘ ਆਕੜੀ ਨੇ ਕਿਹਾ ਕਿ ਝੋਨੇ ਦੀ ਸੁਚਾਰੂ ਖਰੀਦ ਅਤੇ ਕਿਸਾਨਾਂ ਦੀ ਸਹੂਲਤ ਲਈ ਮੰਡੀਆਂ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਸਰਕਾਰੀ ਏਜੰਸੀਆਂ ਵੱਲੋਂ ਝੋਨੇ ਦੀ ਭਰਾਈ ਸਿਰਫ਼ 37.50 ਕਿਲੋ ਵਾਲੀ ਬੋਰੀ ਵਿੱਚ ਹੀ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਵਪਾਰੀਆਂ ਵੱਲੋਂ ਝੋਨੇ ਦੀ ਭਰਾਈ 35 ਕਿਲੋ ਜਾਂ 50 ਕਿਲੋ ਵਾਲੀਆਂ ਬੋਰੀਆਂ ਵਿੱਚ ਕੀਤੀ ਜਾਣੀ ਹੈ। ਇਸ ਲਈ ਕਿਸਾਨ ਵੀਰ ਝੋਨੇ ਦੀ ਭਰਾਈ ‘ਤੇ ਤੁਲਾਈ ਵੱਲੋਂ ਇਸ ਗੱਲ ਦਾ ਖਾਸ ਧਿਆਨ ਰੱਖਣ ਕਿ 37.50 ਕਿਲੋਗ੍ਰਾਮ ਦੀ ਭਰਾਈ ਸਿਰਫ਼ ਸਰਕਾਰੀ ਏਂਜਸੀਆਂ ਵੱਲੋਂ ਹੀ ਕੀਤੀ ਜਾਣੀ ਹੈ। ਉਹਨਾਂ ਦੱਸਿਆ ਕਿ ਉਹ ਮੰਡੀਆਂ ਦੀ ਅਚਨਚੇਤ ਚੈਕਿੰਗ ਕਰਕੇ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਕਿਸਾਨ ਵੀਰਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।
ਅੱਜ ਦੀ ਮੀਟਿੰਗ ਵਿੱਚ ਸ਼੍ਰੀ ਸੰਦੀਪ ਕੁਮਾਰ ਆਈ.ਏ.ਐਸ. ਅੰਡਰ ਟਰੇਨਿੰਗ,ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਸ਼੍ਰੀਮਤੀ ਹਰਜੀਤ ਕੌਰ, ਜ਼ਿਲ੍ਹਾ ਮੰਡੀ ਅਫ਼ਸਰ ਸ਼੍ਰੀ ਕੁਲਵੰਤ ਸਿੰਘ, ਸਕੱਤਰ ਮਾਰਕੀਟ ਕਮੇਟੀ ਪਟਿਆਲਾ ਸ਼੍ਰੀ ਗੁਰਿੰਦਰਪਾਲ ਸਿੰਘ ਅਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Exit mobile version