Home Punjabi News ਦੇਸ਼ ਦੇ ਵਿਕਾਸ ਨੂੰ ਗਤੀ ਦੇਣ ਲਈ ਤਕਨੀਕ ਸਿੱਖਿਆ ਤੇ ਹੁਨਰ ਵਿਕਾਸ...

ਦੇਸ਼ ਦੇ ਵਿਕਾਸ ਨੂੰ ਗਤੀ ਦੇਣ ਲਈ ਤਕਨੀਕ ਸਿੱਖਿਆ ਤੇ ਹੁਨਰ ਵਿਕਾਸ ਬੇਹਦ ਜ਼ਰੂਰੀ-ਮੁੱਖ ਮੰਤਰੀ

0

ਸ਼ਹੀਦ ਬਾਬਾ ਮਹਾਰਾਜ ਸਿੰਘ ਆਈ.ਟੀ.ਆਈ. ਦਾ ਨੀਂਹ ਪੱਥਰ
ਮਲੌਦ : ਦੇਸ਼ ਦੀ ਕਿਸਾਨੀ ਨੂੰ ਗੰਭੀਰ ਆਰਥਿਕ ਸੰਕਟ ਵਿੱਚੋਂ ਬਾਹਰ ਕੱਢਣ ਲਈ ਕੇਂਦਰ ਸਰਕਾਰ ਨੂੰ ਢੁਕਵਾਂ ਰਾਹ ਲੱਭਣ ਦੀ ਅਪੀਲ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਇਸ ਸਬੰਧ ਵਿੱਚ ਤਰੁੰਤ ਕਦਮ ਚੁੱਕੇ ਜਾਣ ਦੀ ਅਪੀਲ ਕੀਤੀ ਹੈ ਤਾਂ ਜੋ ਕਿਸਾਨਾਂ ਵਿੱਚ ਪੈਦਾ ਹੋਏ ਖੁਦਕੁਸ਼ੀਆਂ ਦੇ ਰੁਝਾਨ ਨੂੰ ਰੋਕਣ ਦੇ ਨਾਲ ਨਾਲ ਖੇਤੀਬਾੜੀ ਨੂੰ ਲਾਹੇਬੰਦ ਧੰਦਾ ਬਣਾਇਆ ਜਾ ਸਕੇ
ਅੱਜ ਏਥੇ ਸ਼ਹੀਦ ਮਹਾਰਾਜ ਸਿੰਘ ਆਈ ਟੀ.ਆਈ. ਮਲੌਦ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਪੱਤਰਕਾਰਾਂ ਵੱਲੋਂ ਖੇਤੀ ਸੰਕਟ ਨੂੰ ਹੱਲ ਕਰਨ ਬਾਰੇ ਸੂਬਾ ਸਰਕਾਰ ਦੀ ਭੂਮਿਕਾ ਦੇ ਸਬੰਧ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਸ. ਬਾਦਲ ਨੇ ਕਿਹਾ ਕਿ ਖੇਤੀ ਸੂਬਿਆਂ ਦਾ ਵਿਸ਼ਾ ਸੀ ਪਰ ਕੇਂਦਰ ਵਿੱਚ ਲਗਾਤਾਰ ਬਣਨ ਵਾਲੀਆਂ ਕਾਂਗਰਸੀ ਸਰਕਾਰਾਂ ਨੇ ਇਸ ਦੇ ਸਮੁੱਚਾ ਅਧਿਕਾਰ ਆਪਣੇ ਕੋਲ ਲੈ ਲਿਆ। ਉਨਾ ਕਿਹਾ ਕਿ ਫਸਲਾਂ ਦੇ ਭਾਅ ਮਿੱਥਣ ਤੋਂ ਇਲਾਵਾ, ਡੀਜ਼ਲ, ਕੀੜੇਮਾਰ ਦਵਾਈਆਂ, ਨਦੀਨ ਨਾਸ਼ਿਕ ਦਵਾਈਆਂ ਸਣੇ ਸਾਰੀਆਂ ਖੇਤੀ ਵਸਤਾਂ ਦੇ ਭਾਅ ਕੇਂਦਰ ਸਰਕਾਰ ਵੱਲੋਂ ਨਿਰਧਾਰਤ ਕੀਤੇ ਜਾਂਦੇ ਹਨ ਅਤੇ ਸੂਬਾ ਸਰਕਾਰ ਦੇ ਹੱਥ ਵੱਸ ਕੁਝ ਵੀ ਨਹੀਂ ਹੈ। ਉਨਾ ਕਿਹਾ ਕਿ ਸੂਬਾ ਸਰਕਾਰ ਦੇ ਹੱਥ ਸਿਰਫ਼ ਟਿਊਬਵੈਲਾਂ ਦੀ ਬਿਜਲੀ ਸੀ ਜੋ ਉਸ ਨੇ ਕਿਸਾਨਾਂ ਨੂੰ ਮੁਫ਼ਤ ਮੁਹਈਆਂ ਕਰਵਾਈ ਹੈ ਅਤੇ ਇਸ ਲਈ ਛੇ ਹਜ਼ਾਰ ਕਰੋੜ ਦੀ ਸਬਸਿਡੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ। ਫਸਲਾਂ ਦੇ ਭਾਅ ਸਵਾਮੀਨਾਥਨ ਦੇ ਫਾਰਮੂਲੇ ਦੇ ਅਨੁਸਾਨ ਨਿਰਧਾਰਤ ਕਰਨ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਸ. ਬਾਦਲ ਨੇ ਕਿਹਾ ਕਿ ਉਹ ਇਸ ਦੀ ਮੰਗ ਪਹਿਲਾਂ ਤੋਂ ਹੀ ਕਰਦੇ ਆ ਰਹੇ ਹਨ ਅਤੇ ਉਨਾ ਨੇ ਲਗਾਤਾਰ ਇਸ ਫਾਰਮੂਲੇ ਦੀ ਪੈਰਵਾਈ ਕੀਤੀ ਹੈ ਪਰ ਇਸ ਸਬੰਧੀ ਫੈਸਲਾ ਕੇਂਦਰ ਸਰਕਾਰ ਨੇ ਲੈਣਾ ਹੈ।
ਇਸ ਤੋਂ ਪਹਿਲਾਂ ਸਥਾਨਿਕ ਅਨਾਜ ਮੰਡੀ ਵਿਖੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ. ਬਾਦਲ ਨੇ ਦੇਸ਼ ਦੇ ਵਿਕਾਸ ਲਈ ਤਕਨੀਕੀ ਸਿੱਖਿਆ ਨੂੰ ਸਭ ਤੋਂ ਮਹੱਤਵਪੂਰਨ ਦੱਸਦੇ ਹੋਏ ਕਿਹਾ ਕਿ ਅੱਜ ਤੱਕ ਦੇਸ਼ ਵਿੱਚ ਤਕਨੀਕੀ ਸਿੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਕੇਂਦਰ ਵਿੱਚ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਬਣਨ ਤੋਂ ਬਾਅਦ ਇਸ ਨੂੰ ਅਹਿਮ ਖੇਤਰ ਸਮਝਦਿਆਂ ਪ੍ਰਧਾਨ ਮੰਤਰੀ ਨੇ ਨੀਤੀ ਉਦਯੋਗ ਵਿੱਚ ਹੁਨਰ ਵਿਕਾਸ ਬਾਰੇ ਵਿਸ਼ੇਸ਼ ਤੌਰ ‘ਤੇ ਇੱਕ ਸਬ ਗਰੁੱਪ ਬਣਾਇਆ ਅਤੇ ਇਸ ਕਨਵੀਨਰ ਉਨਾ ਨੂੰ ਬਣਾਇਆ ਗਿਆ ਹੈ ਤਾਂ ਜੋ ਦੇਸ਼ ਵਿੱਚ ਹੁਨਰ ਵਿਕਾਸ ਨੂੰ ਹੁਲਾਰਾ ਦਿੱਤਾ ਜਾ ਸਕੇ। ਉਨਾ ਕਿਹਾ ਕਿ ਭਾਰਤ ਵਿੱਚ ਹੁਨਰਮੰਦ ਵਿਅਕਤੀਆਂ ਦੀ ਜਨਸੰਖਿਆ 12 ਫ਼ੀਸਦੀ ਹੈ ਜਦਕਿ ਕੋਰੀਆ ਵਿੱਚ 96 ਫੀਸਦੀ, ਜਪਾਨ ਵਿੱਚ 80 ਫੀਸਦੀ ਅਤੇ ਜਰਮਨੀ ਵਿੱਚ 75 ਫੀਸਦੀ ਹੈ। ਉਨਾ ਕਿਹਾ ਕਿ ਭਾਰਤ ਨੂੰ ਵਿਕਾਸ ਦੇ ਪੱਖ ਤੋਂ ਇੱਕ ਨੰਬਰ ਦੇਸ਼ ਬਨਾਉਣ ਲਈ ਹਨੁਰ ਵਿਕਾਸ ਬਹੁਤ ਜ਼ਰੂਰੀ ਹੈ ਜਿਸ ਨਾਲ ਬੇਰੁਗਾਰੀ ਦੀ ਸਮੱਸਿਆ ਨਾਲ ਵੀ ਨਿਪਟਿਆ ਜਾ ਸਕੇਗਾ। ਉਨਾ ਕਿਹਾ ਕਿ ਪੰਜਾਬ ਸਰਕਾਰ ਨੇ ਹੁਨਰ ਸਿਖਲਾਈ ਲਈ ਅਨੇਕਾਂ ਕਦਮ ਚੁੱਕੇ ਹਨ। ਹੁਣ ਸੂਬੇ ਵਿੱਚ 50 ਕਰੋੜ ਦੀ ਲਾਗਤ ਨਾਲ ਪੰਜ ਨਵੀਆਂ ਆਈ.ਟੀ.ਆਈਜ਼. ਬਣਾਈਆਂ ਜਾ ਰਹੀਆਂ ਹਨ। ਇਨਾ ਵਿੱਚ ਮਲੌਦ ਤੋਂ ਇਲਾਵਾ ਮਾਣਕਪੁਰ ਸ਼ਰੀਫ (ਮੋਹਾਲੀ), ਆਦਮਪੁਰ (ਜਲੰਧਰ), ਨਿਆੜੀ (ਪਠਾਨਕੋਟ) ਅਤੇ ਸਿੰਘਪੁਰਾ (ਰੋਪੜ) ਸ਼ਾਮਲ ਹਨ। ਉਨਾ ਕਿਹਾ ਕਿ ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਸੂਬੇ ਭਰ ਵਿੱਚ ਹੁਨਰ ਸਿਖਲਾਈ ਕੇਂਦਰ ਵੀ ਸਥਾਪਿਤ ਕੀਤੇ ਹਨ ਤਾਂ ਜੋ ਨੌਜਵਾਨਾਂ ਨੂੰ ਵਧੀਆ ਰੁਜਗਾਰ ਦੇ ਯੋਗ ਬਣਾਇਆ ਜਾ ਸਕੇ।

Exit mobile version