ਪਟਿਆਲਾ : ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਦੀ ਅਗਵਾਈ ਹੇਠ ਅੱਜ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਫੀਲਖਾਨਾ ਪਟਿਆਲਾ ਵਿਖੇ ਨਸ਼ੇ ਦੇ ਬੁਰੇ ਪ੍ਰਭਾਵਾਂ ਦੇ ਸਬੰਧ ਵਿੱਚ ਬੱਚਿਆਂ ਦੀ ਪੇਂਟਿੰਗ ਮੁਕਾਬਲੇ ਕਰਵਾਏ। ਜਿਸ ਵਿੱਚ ਤਕਰੀਬਨ 65 ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਬੱਚਿਆਂ ਦਾ ਉਤਸ਼ਾਹ ਵਧਾਇਆ ਅਤੇ ਇਸ ਪ੍ਰਤੀਯੋਗਿਤਾ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ। ਉਹਨਾਂ ਨਸ਼ੇ ਦੇ ਬੁਰੇ ਪ੍ਰਭਾਵਾਂ ਬਾਰੇ ਵੀ ਬੱਚਿਆਂ ਨੂੰ ਜਾਗਰੂਕ ਕੀਤਾ ਅਤੇ ਕਿਹਾ ਕਿ ਨਸ਼ਿਆ ਕਰਕੇ ਅਪਰਾਧਾਂ ਦੀ ਗਿਣਤੀ ਵੱਧ ਰਹੀ ਹੈ, ਪਰਿਵਾਰ ਟੁੱਟ ਰਹੇ ਹਨ, ਲੋਕਾਂ ਦੀ ਮਨ ਦੀ ਸ਼ਾਂਤੀ, ਸਨਮਾਨ, ਸਿਹਤ ਅਤੇ ਧਨ ਦੀ ਬੁਰੀ ਤਰ੍ਹਾਂ ਬਰਬਾਦੀ ਹੋ ਰਹੀ ਹੈ।
ਇਸ ਮੌਕੇ ਸੀ.ਜੇ. ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਅਸ਼ੀਸ਼ ਬਾਂਸਲ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਨਸ਼ੇ ਕਰਨ ਵਾਲਾ ਵਿਅਕਤੀ ਕੇਵਲ ਆਪਣਾ ਹੀ ਨਹੀਂ ਸਗੋਂ ਆਪਣੇ ਪਰਿਵਾਰ ਅਤੇ ਸਮਾਜ ਦਾ ਵੀ ਬੁਰਾ ਕਰਦਾ ਹੈ। ਉਹਨਾਂ ਬੱਚਿਆਂ ਨੂੰ ਕਸਮ ਦੁਆਈ ਕਿ ਹਰ ਬੱਚਾ ਕੋਸ਼ਿਸ਼ ਕਰੇਗਾ ਕਿ ਉਹ ਆਪਣੇ ਪਰਿਵਾਰ ਵਿੱਚ ਨਸ਼ਾ ਨਹੀਂ ਹੋਣ ਦੇਵੇਗਾ। ਇਸ ਮੌਕੇ ਡਾ: ਮਲਕੀਤ ਸਿੰਘ ਏ.ਐਚ.ਓ. ਪਟਿਆਲਾ ਨੇ ਵੀ ਬੱਚਿਆ ਨੂੰ ਨਸ਼ੇ ਦੇ ਬੁਰੇ ਪ੍ਰਭਾਵਾਂ ਬਾਰੇ ਦੱਸਿਆ ਅਤੇ ਕਿਹਾ ਕਿ ਕੈਂਸਰ ਦਾ ਮੁੱਖ ਕਾਰਨ ਨਸ਼ਾ ਹੈ। ਉਹਨਾਂ ਆਖਿਆ ਕਿ ਨਸ਼ਿਆਂ ਨਾਲ ਸੜਕ ਦੁਰਘਟਨਾ ਦੇ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਲੋਕਾਂ ਦੇ ਸਰੀਰ ਖੋਖਲੇ ਹੋ ਰਹੇ ਹਨ। ਇਸ ਮੌਕੇ ਸ਼੍ਰੀ ਕਰਮਜੀਤ ਸਿੰਘ ਪ੍ਰਿੰਸੀਪਲ, ਸੰਤੋਸ਼ ਰਾਣੀ ਇੰਚਾਰਜ ਕਾਨੂੰਨੀ ਜਾਗਰੂਕਤਾ ਕਲੱਬ, ਸ਼੍ਰੀ ਰਣਜੀਤ ਸਿੰਘ ਜ਼ਿਲ੍ਹਾ ਗਾਈਡੈਂਸ ਕਾਊਂਸਲਰ, ਸ਼੍ਰੀ ਪਰਮਜੀਤ ਸਿੰਘ ਪ੍ਰੋਗਰਾਮ ਅਫ਼ਸਰ ਅਤੇ ਸ਼੍ਰੀ ਕਾਕਾ ਰਾਮ ਵਰਮਾ ਪੀ.ਐਲ.ਵੀ. ਸ਼ਾਮਲ ਸਨ।