ਪਟਿਆਲਾ: ਭਾਰਤੀ ਫੌਜ ਦੀ 660 ਆਰਮੀ ਏਵੀਏਸ਼ਨ ਸਕੂਐਡਰਨ ਦੀ ਗੋਲਡਨ ਜੁਬਲੀ ਦੇ ਸਬੰਧ ਵਿੱਚ ਅੱਜ ਪਟਿਆਲਾ ਏਵੀਏਸ਼ਨ ਕਲੱਬ ਵਿਖੇ ਭਾਰਤੀ ਫੌਜ ਦੇ ਜਾਂਬਾਜ਼ਾਂ ਵੱਲੋਂ ਵਿਲੱਖਣ ਏਅਰ ਸ਼ੋਅ ਅਤੇ ਏਰੋਬੈਟਿਕ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ ਜਿਸ ਦਾ ਫੌਜੀ ਅਧਿਕਾਰੀਆਂ ਤੇ ਉਨਾ ਦੇ ਪਰਿਵਾਰਾਂ ਤੋਂ ਇਲਾਵਾ ਜ਼ਿਲਾ ਪੁਲਿਸ ਤੇ ਪ੍ਸ਼ਾਸ਼ਨ ਦੇ ਉਚ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਵਿੱਚ ਪਟਿਆਲਾ ਵਾਸੀਆਂ ਨੇ ਕਰੀਬ ਦੋ ਘੰਟੇ ਆਨੰਦ ਮਾਣਿਆ। ਅਜਿਹਾ ਸ਼ੋਅ ਪਟਿਆਲਾ ਵਿਖੇ ਪਹਿਲੀ ਵਾਰ ਆਯੋਜਿਤ ਕੀਤਾ ਗਿਆ।
ਇਸ ਵਿਲੱਖਣ ਸ਼ੋਅ ਦੌਰਾਨ ਆਰਮੀ ਏਵੀਏਸ਼ਨ ਕਾਰਪਸ ਦੇ ਡਾਇਰੈਕਟਰ ਜਨਰਲ ਸ਼੍ ਪੀ.ਕੇ. ਭਰਾਲੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਜਦਕਿ ਡਿਪਟੀ ਕਮਿਸ਼ਨਰ ਸ਼੍ ਵਰੁਣ ਰੂਜਮ ਅਤੇ ਐਸ.ਐਸ.ਪੀ ਸ਼੍ ਗੁਰਮੀਤ ਸਿੰਘ ਚੌਹਾਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਾਂਝੇ ਸਿਖਲਾਈ ਪਰੋਗਰਾਮ ਦੇ ਅਨਿੱਖੜਵੇਂ ਹਿੱਸੇ ਵਜੋਂ ਪੇਸ਼ ਕੀਤੇ ਸ਼ੋਅ ਦੌਰਾਨ 5 ਚੇਤਕ ਹੈਲੀਕਾਪਟਰਾਂ ਤੋਂ ਇਲਾਵਾ 2 ਏਵੀਏਸ਼ਨ ਕਲੱਬ ਪਟਿਆਲਾ ਦੇ ਹੈਲੀਕਾਪਟਰ ਅਤੇ 2 ਐਡਵਾਂਸ ਲਾਈਟ ਹੈਲੀਕਾਪਟਰਾਂ ਨੇ ਹਿੱਸਾ ਲਿਆ ਜਿਨਾ ਰਾਹੀਂ ਬਹਾਦਰ ਜਵਾਨਾਂ ਨੇ ਦਿਲਖਿਚਵੇਂ ਅੰਦਾਜ਼ ਵਿੱਚ ਆਪਣੇ ਅਭਿਆਸ ਦੀ ਪੇਸ਼ਕਾਰੀ ਕੀਤੀ।
ਹੈਲੀਕਾਪਟਰਾਂ ਰਾਹੀਂ ਹੀਰੇ ਦੇ ਆਕਾਰ (ਡਾਇਮੰਡ ਫਾਰਮੇਸ਼ਨ), ਲਕੀਰ ਦੇ ਆਕਾਰ (ਲਾਈਨ ਫਾਰਮੇਸ਼ਨ), ਉੱਡਦੇ ਹੈਲੀਕਾਪਟਰ ਵਿੱਚੋਂ ਰੱਸੇ ਰਾਹੀਂ ਲਟਕ ਕੇ ਜਵਾਨਾਂ ਵੱਲੋਂ ਹੇਠਾਂ ਉਤਰਨ, ਜਵਾਨਾਂ ਨੂੰ ਹੈਲੀਕਾਪਟਰ ਵਿੱਚ ਬਿਠਾ ਕੇ ਦੁਸ਼ਮਣਾਂ ਦੇ ਖੇਤਰ ਵਿੱਚ ਉਤਾਰਨ, ਜ਼ਖ਼ਮੀ ਜਵਾਨਾਂ ਨੂੰ ਹੋਰ ਜਵਾਨਾਂ ਦੀ ਮਦਦ ਨਾਲ ਹੈਲੀਕਾਪਟਰ ਵਿੱਚ ਬਿਠਾਉਣ ਤੋਂ ਇਲਾਵਾ ਮੋਟਰਸਾਇਕਲ ਅਤੇ ਜੀਪ ਨੂੰ ਹੈਲੀਕਾਪਟਰ ਰਾਹੀਂ ਇੱਕ ਤੋਂ ਦੂਜੀ ਥਾਂ ‘ਤੇ ਪਹੁੰਚਾਉਣ ਜਿਹੇ ਹੈਰਾਨੀਜਨਕ ਕਾਰਨਾਮੇ ਪੇਸ਼ ਕੀਤੇ ਗਏ। ਹੈਲੀਕਾਪਟਰਾਂ ਦੇ ਕਰਤੱਬ ਦੇਖਣ ਪੁੱਜੇ ਬੱਚਿਆਂ ਤੇ ਨੌਜਵਾਨਾਂ ਨੇ ਆਪਣੇ ਮੋਬਾਇਲ ਦੇ ਰਾਹੀਂ ਇਨਾ ਹੈਰਤਅੰਗੇਜ਼ ਕਾਰਨਾਮਿਆਂ ਨੂੰ ਆਪਣੀ ਯਾਦ ਦਾ ਸਦੀਵੀ ਹਿੱਸਾ ਬਣਾ ਲਿਆ।