Home Sports News ਰਾਯਲ ਕਿੰਗਜ ਨੇ ਸਿਖਰ ਨੂੰ ਛੂਹ ਕੇ ਖਤਮ ਕੀਤੀ ਲੀਗ ਮੈਚਾਂ ਦੀ...

ਰਾਯਲ ਕਿੰਗਜ ਨੇ ਸਿਖਰ ਨੂੰ ਛੂਹ ਕੇ ਖਤਮ ਕੀਤੀ ਲੀਗ ਮੈਚਾਂ ਦੀ ਮੁਹਿੰਮ ਜਾਰੀ, ਯੂਨਾਈਟਡ ਸਿੰਘਜ਼ ਨੂੰ ਹਰਾਇਆ

0

ਬਠਿੰਡਾ : ਵਿਸ਼ਵ ਕਬੱਡੀ ਲੀਗ ਦੇ ਦੂਸਰੇ ਪੜਾਅ ਦੇ ਆਖਰੀ ਦਿਨ ਅੱਜ ਇੱਥੇ ਸਰਕਾਰੀ ਰਾਜਿੰਦਰਾ ਕਾਲਜ ਦੇ ਹਾਕੀ ਸਟੇਡੀਅਮ ਵਿਖੇ ਹੋਏ ਪਹਿਲੇ ਮੈਚ ‘ਚ ਰਾਯਲ ਕਿੰਗਜ ਯੂ.ਐਸ.ਏ. ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦਿਆਂ ਯੂਨਾਈਡ ਸਿੰਘਜ ਦੀ ਟੀਮ ਨੂੰ 49-42 ਨਾਲ ਹਰਾਇਆ।ਇਸ ਜਿੱਤ ਦੇ ਨਾਲ ਹੀ ਸਰਬ ਥਿਆੜਾ ਦੀ ਟੀਮ ਰਾਯਲ ਕਿੰਗਜ ਆਪਣੇ 10 ਮੈਚਾਂ ‘ਚੋਂ 8 ਜਿੱਤਾਂ ਅਤੇ ਇੱਕ ਮੈਚ ਬਰਾਬਰ ਰੱਖ ਕੇ, 25 ਅੰਕਾਂ ਨਾਲ ਲੀਗ ਟੇਬਲ ‘ਚ ਸਿਖਰਲਾ ਸਥਾਨ ਕਾਇਮ ਰੱਖਿਆ। ਹੇਅਰ ਭਰਾਵਾਂ ਦੀ ਟੀਮ ਯੂਨਾਈਟਡ ਸਿੰਘਜ਼ ਨੂੰ 10 ਮੈਚਾਂ ‘ਚ ਤੀਸਰੀ ਹਾਰ ਦਾ ਸਾਮਹਣਾ ਕਰਨਾ ਪਿਆ। ਇਹ ਟੀਮ 6 ਮੈਚ ਜਿੱਤਕੇ ਅਤੇ ਇੱਕ ਬਰਾਬਰ ਰੱਖ ਚੁੱਕੀ ਹੈ। ਐਨ.ਆਰ.ਆਈ ਕਮਿਸ਼ਨ ਪੰਜਾਬ ਦੇ ਮੈਂਬਰ ਸ੍ਰੀ ਕਮਲਜੀਤ ਸਿੰਘ ਹੇਅਰ, ਸੁਰਜੀਤ ਸਿੰਘ ਟੁੱਟ ਅਤੇ ਸਰਬ ਥਿਆੜਾ ਦੀ ਅਗਵਾਈ ‘ਚ ਹੋਣ ਵਾਲੀ ਇਸ ਲੀਗ ‘ਚ ਪਹਿਲੇ ਮੈਚ ‘ਚ ਰਾਯਲ ਕਿੰਗਜ ਦੇ ਖਿਡਾਰੀ ਲਖਵਿੰਦਰ ਸਿੰਘ ਬਾਰੂ ਨੇ ਸਰਵੋਤਮ ਧਾਵੀ ਅਤੇ ਯੂਨਾਈਟਡ ਸਿੰਘਜ ਦੇ ਹਰਦੀਪ ਬੇਨੜਾ ਨੇ ਬਿਹਤਰੀਨ ਜਾਫੀ ਦਾ ਖਿਤਾਬ ਜਿੱਤਿਆ।ਇਸ ਮੌਕੇ ‘ਤੇ ਸ੍ਰੀ ਰਣਜੀਤ ਸਿੰਘ ਟੁੱਟ, ਰਣਬੀਰ ਰਾਣਾ ਟੁੱਟ ਸੀ.ਈ.ਓ. ਲੀਗ, ਤਲਵਿੰਦਰ ਹੇਅਰ, ਪਰਮਜੀਤ ਪੰਮਾ ਦਿਉਲ, ਤਲਵਿੰਦਰ ਹੇਅਰ, ਇਕਬਾਲ ਸਿੰਘ ਸੰਧੂ ਪੀ.ਸੀ.ਐਸ., ਅਮਰਜੀਤ ਟੁੱਟ, ਪ੍ਰੀਤਮ ਟੁੱਟ, ਸੁੱਖੀ ਖੰਗੂੜਾ, ਜੱਸੀ ਖੰਗੂੜਾ, ਸੁਖਮੰਦਰ ਸਿੰਘ ਲਾਡੀ (ਪਰਮਵੀਰ ਗਰੁੱਪ), ਤਕਨੀਕੀ ਨਿਰਦੇਸ਼ਕ ਹਰਪ੍ਰੀਤ ਸਿੰਘ ਬਾਬਾ, ਸੰਯੁਕਤ ਨਿਰਦੇਸ਼ਕ ਬਲਵੀਰ ਸਿੰਘ ਬਿੱਟੂ ਤੇ ਹੋਰ ਸ਼ਖਸ਼ੀਅਤਾਂ ਮੌਜੂਦ ਸਨ।
ਅੱਜ ਦੇ ਪਹਿਲੇ ਮੈਚ ‘ਚ ਰਾਯਲ ਕਿੰਗਜ ਦੀ ਟੀਮ ਨੇ ਪਹਿਲੇ ਕੁਆਰਟਰ ‘ਚ 14-10 ਅੰਕਾਂ ਦੀ ਬੜਤ ਨਾਲ ਵਧੀਆ ਸ਼ੁਰੂਆਤ ਕੀਤੀ। ਜੋ ਅੱਧੇ ਸਮੇਂ ਤੱਕ 28-18 ਨਾਲ ਕਾਇਮ ਰਹੀ। ਤੀਸਰੇ ਕੁਆਰਟਰ ਤੱਕ ਵੀ ਰਾਯਲ ਕਿੰਗਜ 39-29 ਨਾਲ ਅੱਗੇ ਰਹੀ।ਅਖੀਰ ਰਾਯਲ ਕਿੰਗਜ ‘ਚ 49-42 ਨਾਲ ਜੇਤੂ ਰਹੀ। ਜੇਤੂ ਟੀਮ ਲਈ ਧਾਵੀ ਲਖਵਿੰਦਰ ਬੇਨੜਾ ਨੇ 10, ਗਗਨਦੀਪ ਗੱਗੀ ਖੀਰਾਂਵਾਲੀ ਨੇ 10, ਨਵਜੋਤ ਸ਼ੰਕਰ ਨੇ 6 ਅਤੇ ਗਗਨ ਸਭਰਾਵਾਂ ਨੇ 6 , ਜਾਫੀ ਅਵਤਾਰ ਤਾਰੀ ਨੇ 4, ਫਰਿਆਦ ਅਲੀ ਨੇ 3 ਅਤੇ ਗੁਰਦਿੱਤ ਸਿੰਘ ਨੇ 2 ਅੰਕ ਜੋੜੇ। ਯੂਨਾਈਟਡ ਸਿੰਘਜ਼ ਵੱਲੋਂ ਧਾਵੀ ਜੋਧਾ ਸਿੰਘ ਨੇ 9, ਸੁਖਪਾਲ ਪਾਲੀ ਨੇ 8 ਅਤੇ ਨਵਜੋਤ ਜੋਤਾ ਨੇ 7, ਜਾਫੀ ਹਰਦੀਪ ਬੇਨੜਾ ਨੇ 4 ਅੰਕ ਜੋੜੇ।

Exit mobile version