ਪਟਿਆਲਾ, : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਦੇ ਯਤਨਾਂ ਸਦਕਾ ਰਾਜਪੁਰਾ ਬਾਈਪਾਸ ਨੇੜੇ ਲੋਕ ਨਿਰਮਾਣ ਵਿਭਾਗ ਵੱਲੋਂ 60.97 ਕਰੋੜ ਰੁਪਏ ਦੀ ਲਾਗਤ ਉਸਾਰੇ ਜਾ ਰਹੇ ਅਤਿ-ਆਧੁਨਿਕ ਨਵੇਂ ਬੱਸ ਅੱਡੇ ਦੀ ਅੱਜ ਬੇਸਮੈਂਟ ਦੀ ਪਹਿਲੀ ਸਲੈਬ ਦਾ ਲੈਂਟਰ ਪਾਇਆ ਗਿਆ ਜਿਸ ਦੀ ਸ਼ੁਰੂਆਤ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਨੇ ਕੀਤੀ। ਇਸ ਪਹਿਲੀ ਸਲੈਬ ਦਾ ਕਵਰਡ ਏਰੀਆ 5000 ਵਰਗ ਫੁੱਟ ਹੈ।
ਇਸ ਮੌਕੇ ਸ੍ਰੀ ਸ਼ਰਮਾ ਨੇ ਦੱਸਿਆ ਕਿ ਨਵੇਂ ਬਣ ਰਹੇ ਇਸ ਬੱਸ ਅੱਡੇ ਦੀ ਉਸਾਰੀ ਦੇ ਕੰਮ ਦੀ ਪ੍ਰਗਤੀ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਿੱਜੀ ਦਿਲਸਚਪੀ ਨਾਲ ਲੈਂਦੇ ਹਨ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਵੱਲੋਂ ਵੀ ਉਸਾਰੀ ਦੇ ਕੰਮ ਸਬੰਧੀ ਸਮੇਂ-ਸਮੇਂ ‘ਤੇ ਜਾਣਕਾਰੀ ਲਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਤਿ ਆਧੁਨਿਕ ਸਹੂਲਤਾਂ ਵਾਲੇ ਇਸ ਬੱਸ ਅੱਡੇ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ ਤਾਂ ਕਿ ਪਟਿਆਲਾ ਵਾਸੀ ਅਤੇ ਹੋਰ ਯਾਤਰੀ ਜਲਦੀ ਤੋਂ ਜਲਦੀ ਬੱਸ ਅੱਡੇ ‘ਚ ਮਿਲਣ ਵਾਲੀਆਂ ਸਹੂਲਤਾਂ ਪ੍ਰਾਪਤ ਕਰ ਸਕਣ।
ਚੇਅਰਮੈਨ ਨੇ ਦੱਸਿਆ ਕਿ ਬਿਲਡਿੰਗ ਦੀ ਉਸਾਰੀ ਲਈ ਵਰਤੇ ਜਾ ਰਹੇ ਮਟੀਰੀਅਲ ਦੀ ਗੁਣਵਤਾ ਬਣਾਈ ਰੱਖਣ ਲਈ ਮੌਕੇ ‘ਤੇ ਗੁਣਵਤਾ ਜਾਂਚ ਲਈ ਲੈਬ ਸਥਾਪਤ ਕਰਨ ਦੇ ਨਾਲ-ਨਾਲ ਮਾਹਰ ਵੀ ਨਿਯੁਕਤ ਕੀਤਾ ਗਿਆ ਹੈ ਤਾਂ ਜੋ ਇਮਾਰਤ ਲਈ ਵਰਤੇ ਜਾ ਰਹੇ ਸਮਾਨ ਵਿੱਚ ਕਿਸੇ ਕਿਸਮ ਦੀ ਕਮੀ ਨਾ ਆਵੇ। ਉਨ੍ਹਾਂ ਬੱਸ ਅੱਡੇ ‘ਚ ਮਿਲਣ ਵਾਲੀਆਂ ਸਹੂਲਤਾ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ 8.51 ਏਕੜ ਰਕਬੇ ‘ਚ ਬਣਨ ਵਾਲੇ ਇਸ ਨਵੇਂ ਬੱਸ ਅੱਡੇ ‘ਚ ਟਰਾਂਸਪੋਰਟ ਅਮਲੇ, ਸਵਾਰੀਆਂ ਦੇ ਦੋ-ਚਾਰ ਪਹੀਆ ਵਾਹਨਾਂ ਆਦਿ ਦੀ ਬੇਸਮੈਂਟ ਪਾਰਕਿੰਗ, ਲਿਫ਼ਟਾਂ, ਜਮੀਨੀ ਮੰਜਲ ‘ਤੇ ਬੱਸ ਰੈਂਪ, ਬੱਸਾਂ ਖੜ੍ਹਨ ਲਈ ਬੇਅ, ਦੁਕਾਨਾਂ, ਇਲੈਕਟ੍ਰਿਕ ਪੈਨਲ ਰੂਮ, ਪੌੜੀਆਂ, ਸਵਾਰੀਆਂ ਦੇ ਬੱਸਾਂ ‘ਚੋਂ ਉਤਰਨ ਲਈ ਜਗ੍ਹਾ, ਵਰਕਸ਼ਾਪ, ਤੇਲ ਪੰਪ, ਬੱਸਾਂ ਧੋਹਣ ਦਾ ਡੱਗ, ਪਹਿਲੀ ਮੰਜ਼ਿਲ ‘ਤੇ ਸ਼ੋਅ ਰੂਮਜ, ਉਡੀਕ ਹਾਲ, ਫੂਡ ਕੋਰਟਸ, ਦੂਜੀ ਮੰਜ਼ਿਲ ‘ਤੇ ਪ੍ਰਬੰਧਕੀ ਬਲਾਕ, ਕੈਸ਼ ਤੇ ਬਿਲ ਬਰਾਂਚ, ਰਿਕਾਰਡ ਰੂਮ ਆਦਿ ਬਣਾਏ ਜਾਣਗੇ ਅਤੇ ਛੱਤ ‘ਤੇ ਸੋਲਰ ਪੈਨਲ ਲੱਗਣਗੇ। ਉਨਾਂ ਦੱਸਿਆ ਕਿ ਨਵੇਂ ਬੱਸ ਸਟੈਂਡ ਵਿਚ ਬੱਸਾਂ ਦੀ ਐਂਟਰੀ ਦੇ ਪੁਲ ਦਾ ਡਿਜਾਇਨ ਦਿੱਲੀ ਏਅਰਪੋਰਟ ਦੀ ਤਰਜ ‘ਤੇ ਬਣਾਇਆ ਜਾ ਰਿਹਾ ਹੈ।
ਇਸ ਮੌਕੇ ਕਾਰਜਕਾਰੀ ਇੰਜੀਨੀਅਰ (ਸਿਵਲ) ਸ਼੍ਰੀ ਐੱਸ. ਐੱਲ ਗਰਗ, ਸ. ਜਤਿੰਦਰ ਸਿੰਘ ਗਰੇਵਾਲ (ਕਾਰਜਕਾਰੀ ਇੰਜੀਨੀਅਰ, ਪੀ.ਆਰ.ਟੀ.ਸੀ), ਸ. ਹਰਜੀਤ ਸਿੰਘ (ਕਾਰਜਕਾਰੀ ਇੰਜੀਨੀਅਰ, ਪੀ.ਐੱਸ.ਪੀ.ਸੀ.ਐੱਲ), ਸ੍ਰੀ ਮਹਿੰਦਰ ਕੁਮਾਰ ਗਰਗ (ਉਪ-ਮੰਡਲ ਇੰਜੀਨੀਅਰ), ਸ੍ਰੀ ਗਗਨਦੀਪ ਸਿੰਘ (ਉਪ-ਮੰਡਲ ਇੰਜੀਨੀਅਰ) ਅਤੇ ਹੋਰ ਸਹਾਇਕ ਅਤੇ ਜੂਨੀਅਰ ਇੰਜੀਨੀਅਰ ਮੌਕੇ ‘ਤੇ ਹਾਜ਼ਰ ਸਨ।