ਸ੍ਰੀ ਮੁਕਤਸਰ ਸਾਹਿਬ :ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਗੋਨਿਆਣਾ ਵਿਖੇ ਯੂ.ਪੀ.ਐਲ ਕੰਪਨੀ ਦੇ ਸਹਿਯੋਗ ਨਾਲ ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਸੰਬੰਧੀ ਕਿਸਾਨ-ਵਿਗਿਆਨੀ ਗੋਸ਼ਟੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲਗਭਗ 150 ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ ਕਿਸਾਨ ਗੋਸ਼ਟੀ ਦੀ ਪ੍ਰਧਾਨਗੀ ਡਾ. ਐੱਨ. ਐੱਸ. ਧਾਲੀਵਾਲ, ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ), ਕ੍ਰਿਸ਼ੀ ਵਿਗਿਆਨ ਕੇਂਦਰ, ਮੁਕਤਸਰ, ਨੇ ਕੀਤੀ। ਉਨਾਂ ਆਏ ਹੋਏ ਕਿਸਾਨ ਵੀਰਾਂ ਨੂੰ ਦੱਸਿਆ ਕਿ ਜਿਲਾ ਸ੍ਰੀ ਮੁਕਤਸਰ ਸਾਹਿਬ ਸਿੱਧੀ ਬਿਜਾਈ ਵਿਚ ਪੰਜਾਬ ਭਰ ਵਿਚ ਪਹਿਲੇ ਸਥਾਨ ਤੇ ਹੈ। ਉਨਾਂ ਜੋਰ ਦੇ ਕੇ ਕਿਹਾ ਕਿ ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਹਮੇਸ਼ਾ ਖੇਤੀ ਮਾਹਿਰਾਂ ਦੀ ਰਾਏ ਅਨੁਸਾਰ ਹੀ ਕਰਨੀ ਚਾਹੀਦੀ ਹੈ। ਡਾ. ਅਜੇੈ ਕੁਮਾਰ, ਸਹਾਇਕ ਪ੍ਰਫੈਸਰ (ਭੂਮੀ ਵਿਗਿਆਨ) ਨੇ ਦੱਸਿਆ ਕਿ ਝੋਨੇ/ਬਾਸਮਤੀੇ ਦੀ ਸਿੱਧੀ ਬਿਜਾਈ ਰੇਤਲੀਆਂ ਜ਼ਮੀਨਾਂ ਵਿੱਚ ਕਰਨ ਤੋਂ ਗੁਰੇਜ ਕੀਤਾ ਜਾਵੇ ਕਿਉਂਕਿ ਰੇਤਲੀਆਂ ਜ਼ਮੀਨਾਂ ਵਿੱਚ ਲੋਹੇ ਦੀ ਘਾਟ ਬਹੁਤ ਜਿਆਦਾ ਆ ਜਾਂਦੀ ਹੈ। ਇਸ ਗੋਸ਼ਟੀ ਦੌਰਾਨ ਖੇਤੀਬਾੜੀ ਯੂਨੀਵਰਸੀਟੀ, ਲੁਧਿਆਣਾ ਤੋਂ ਉਚੇਚੇ ਤੌਰ ਤੇ ਸ਼ਾਮਲ ਹੋਏ ਡਾ. ਮੱਖਣ ਸਿੰਘ ਭੁੱਲਰ (ਸੀਨੀਅਰ ਫਸਲ ਵਿਗਿਆਨੀ) ਨੇ ਝੋਨੇ/ਬਾਸਮਤੀੇ ਦੀ ਸਿੱਧੀ ਬਿਜਾਈ ਦੇ ਵੱਖ-ਵੱਖ ਤਕਨੀਕੀ ਪਹਿਲੂਆਂ ਬਾਰੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ। ਉਹਨਾ ਦਸਿਆ ਕਿ ਝੋਨੇ/ਬਾਸਮਤੀੇ ਦੀ ਸਿੱਧੀ ਬਿਜਾਈ ਤੋਂ ਤੁਰੰਤ ਬਾਅਦ ਪੈਂਡੀਮੈਥਾਲੀਨ(30%) 1 ਲੀਟਰ ਨੂੰ 200 ਲੀਟਰ ਪਾਣੀ ਵਿਚ ਘੋਲ ਬਣਾ ਕੇ ਪ੍ਰਤੀ ਏਕੜ ਵਰਤੋ। ਡਾ. ਬਲਕਰਨ ਸਿੰਘ ਸੰਧੂ ਸਹਾਇਕ ਪ੍ਰਫੈਸਰ (ਫਸਲ ਵਿਗਿਆਨ) ਨੇ ਕਿਸਾਨਾ ਨੂੰ ਸਿੱਧੀ ਬਿਜਾਈ ਕਰਨ ਤੋਂ ਪਹਿਲਾਂ ਖੇਤਾਂ ਨੂੰ ਲੇਜਰ ਕਰਾਹਾ ਲਗਾਉਣ ਲਈ ਪ੍ਰੇਰਿਤ ਕੀਤਾ। ਡਾ. ਗੁਰਮੇਲ ਸਿੰਘ ਸੰਧੂ ਸਹਾਇਕ ਪ੍ਰਫੈਸਰ (ਪੌਦ ਸੁਰੱਖਿਆ) ਨੇਝੋਨੇ/ਬਾਸਮਤੀ ਦੇ ਕੀੜੇ-ਮਕੋੜੇ ਅਤੇ ਬਿਮਾਰੀਆਂ ਦੀ ਰੋਕਥਾਮ ਸਬੰਧੀ ਭਰਪੂਰ ਜਾਣਕਾਰੀ ਦਿਤੀ। ਇਸ ਤੋਂ ਇਲਾਵਾ ਉਹਨਾਂ ਨੇ ਕਿਸਾਨ ਵੀਰਾਂ ਨੂੰ ਨਰਮੇ ਉਪਰ ਚਿੱਟੀ-ਮੱਖੀ ਦੀ ਢੁੱਕਵੀਂ ਰੋਕਥਾਮ ਕਰਨ ਬਾਰੇ ਵਿਸਥਾਰ ਨਾਲ ਦਸਿਆ।ਯੂ.ਪੀ.ਐਲ ਕੰਪਨੀ ਵਲੋਂ ਸ਼ਾਮਿਲ ਹੋਏ ਸ੍ਰੀ ਸੁਨੀਲ ਤਿਆਗੀ ਨੇ ਸਿਧੀ ਬਿਜਾਈ ਨੂੰ ਪ੍ਰਫੁਲਤ ਕਰਨ ਲਈ ਕੰਪਨੀ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਚਰਚਾ ਕੀਤੀ। ਡਾ.ਕਰਮਜੀਤ ਸ਼ਰਮਾ, ਪ੍ਰਫੈਸਰ (ਪਸਾਰ ਸਿੱਖਿਆ) ਨੇ ਸਟੇਜ ਦਾ ਸੰਚਾਲਨ ਕੀਤਾ ਅਤੇ ਨਾਲ ਹੀ ਉਹਨਾਂ ਨੇ ਕਿਸਾਨਾਂ ਨੂੰ ਖੇਤੀ ਸਾਹਿਤ ਆਪ ਪੜਨ ਅਤੇ ਆਪਣੇ ਬੱਚਿਆਂ ਨੂੰ ਪੜਾਉਣ ਲਈ ਪ੍ਰੇਰਿਤ ਕੀਤਾ ।