Home Political News ਚੰਡੀਗੜ ਪੰਜਾਬ ਦਾ ਸੀ, ਹੈ ਅਤੇ ਰਹੇਗਾ- ਉੱਪ ਮੁੱਖ ਮੰਤਰੀ

ਚੰਡੀਗੜ ਪੰਜਾਬ ਦਾ ਸੀ, ਹੈ ਅਤੇ ਰਹੇਗਾ- ਉੱਪ ਮੁੱਖ ਮੰਤਰੀ

0

ਗੋਬਿੰਦਗੜ :ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਰਾਜਧਾਨੀ ਚੰਡੀਗੜ ਉੱਤੇ ਪੰਜਾਬ ਦਾ ਹੱਕ ਸੀ, ਹੈ ਅਤੇ ਰਹੇਗਾ। ਉਨਾਂ ਕਿਹਾ ਕਿ ਚੰਡੀਗੜ ਪੰਜਾਬ ਦਾ ਹਿੱਸਾ ਹੈ ਅਤੇ ਪੰਜਾਬ ਆਪਣਾ ਹੱਕ ਲੈ ਕੇ ਹੀ ਦਮ ਲਵੇਗਾ। ਇੱਥੇ ਅਮਲੋਹ ਹਲਕੇ ਦੇ ਦੋ ਦਿਨਾਂ ਸੰਗਤ ਦਰਸ਼ਨ ਦੇ ਪਹਿਲੇ ਦਿਨ ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 9 ਸਾਲਾਂ ਵਿਚ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਜੋ ਵਿਕਾਸ ਪ੍ਰਾਪਤੀਆਂ ਕੀਤੀਆਂ ਹਨ ਉਸ ਦਾ ਕੋਈ ਮੁਕਾਬਲਾ ਨਹੀਂ ਹੈ।
ਉੱਪ ਮੁੱਖ ਮੰਤਰੀ ਨੇ ਚੁਣੌਤੀ ਦਿੱਤੀ ਕਿ ਅਰਵਿੰਦ ਕੇਜਰੀਵਾਲ ਦੀ ਦਿੱਲੀ ਦੀ ‘ਆਪ’ ਸਰਕਾਰ ਦੋ ਸਾਲ ਦੀਆਂ ਪ੍ਰਾਪਤੀਆਂ ਦੀ ਤੁਲਨਾ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨਾਲ ਕਰਕੇ ਵੇਖ ਲਵੇ ਕਿਹਾ ਕਿ ਆਪ ਵਾਲਿਆਂ ਨੇ ਝੂਠ ਅਤੇ ਲਾਰਿਆਂ ਤੋਂ ਇਲਾਵਾ ਦਿੱਲੀ ਵਾਸੀਆਂ ਨੂੰ ਕੁਝ ਨਹੀਂ ਦਿੱਤਾ। ਕਿਹਾ ਕਿ ਇਸੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਵੀ 2002-07 ਦੌਰਾਨ ਕੁਝ ਨਹੀਂ ਕੀਤਾ ਅਤੇ ਅਜਿਹੀ ਕੋਈ ਪ੍ਰਾਪਤੀ ਨਹੀਂ ਜੋ ਕਾਂਗਰਸੀ ਗਿਣਾ ਸਕਦੇ ਹੋਣ। ਤਨਜ਼ ਕੱਸਦਿਆ ਕਿਹਾ ਕਿ ਕਾਂਗਰਸੀ ਤਾਂ ਸੜਕਾਂ ‘ਤੇ ‘ਪੈਚ ਵਰਕ’ ਨੂੰ ਹੀ ਆਪਣੀ ਸਭ ਤੋਂ ਵੱਡੀ ਪ੍ਰਾਪਤੀ ਮੰਨਦੇ ਹਨ ਜਦਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਹਰ ਖੇਤਰ ਵਿਚ ਮਿਸਾਲੀ ਕੰਮ ਕੀਤੇ ਹਨ।
ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਨੂੰ ਸਹੀ ਲੀਹ ‘ਤੇ ਪਾਇਆ ਹੈ ਅਤੇ ਵਿਕਾਸ ਪੱਖੋਂ ਇਸ ਵੇਲੇ ਸੂਬਾ ਅੱਵਲ ਨੰਬਰ ‘ਤੇ ਹੈ। ਪੰਜਾਬ ਦੇ ਚਹੁੰਮੁਖੀ ਵਿਕਾਸ ਨੂੰ ਅਕਾਲੀ-ਭਾਜਪਾ ਸਰਕਾਰ ਦੀ ਵੱਡੀ ਪ੍ਰਾਪਤੀ ਦੱਸਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਰੀਆਂ ਭਲਾਈ ਸਕੀਮਾਂ ਜਿਵੇਂ ਸ਼ਗਨ ਸਕੀਮ, ਪੈਨਸ਼ਨ ਸਕੀਮ, ਆਟਾ-ਦਾਲ ਸਕੀਮ, ਸਕੂਲੀ ਲੜਕੀਆਂ ਲਈ ਮੁਫਤ ਸਾਈਕਲ, ਮੁਫਤ ਸਿਹਤ ਬੀਮਾ ਯੋਜਨਾ, ਕਿਸਾਨਾਂ ਨੂੰ ਮੁਫਤ ਬਿਜਲੀ, ਐਸ.ਸੀ-ਬੀ.ਸੀ ਪਰਿਵਾਰਾਂ ਨੂੰ 200 ਯੂਨਿਟ ਮੁਫਤ ਬਿਜਲੀ, ਔਰਤਾਂ ਨੂੰ ਸਿਲਾਈ ਮਸ਼ੀਨਾਂ ਦੀ ਵੰਡ, ਨੌਜਵਾਨਾਂ ਨੂੰ ਖੇਡ ਕਿੱਟਾਂ, ਕਿਸਾਨਾਂ ਲਈ ਨਵਾਂ ਕਰਜ਼ਾ ਕਾਨੂੰਨ, ਕਿਸਾਨਾਂ ਨੂੰ 50 ਹਜ਼ਾਰ ਰੁਪਏ ਤੱਕ ਵਿਆਜ ਰਹਿਤ ਕਰਜ਼ਾ, ਜਿੰਮਾਂ ਦੀ ਵੰਡ, ਪਿੰਡਾਂ ਵਿਚ ਧਰਮਸ਼ਾਲਾਵਾਂ ਬਣਾਉਣ ਤੋਂ ਇਲਾਵਾ ਸੂਬੇ ਨੂੰ ਵਾਧੂ ਬਿਜਲੀ ਅਤੇ ਸੜਕੀ ਨੈੱਟਵਰਕ ਵਿਚ ਨੰਬਰ ਇਕ ਬਣਾਉਣਾ ਅਕਾਲੀ-ਭਾਜਪਾ ਸਰਕਾਰ ਦੀਆਂ ਵੱਡੀਆਂ ਪ੍ਰਾਪਤੀਆਂ ਹਨ।
ਉਨਾਂ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲਈ ਪੰਜਾਬ ਦੇ ਹਿੱਤ ਸਭ ਤੋਂ ਪਹਿਲਾਂ ਹਨ ਜਦਕਿ ‘ਆਪ’ ਵਰਗੀਆਂ ਪਾਰਟੀਆਂ ਦਾ ਸੱਤਾ ਪ੍ਰਾਪਤੀ ਦਾ ਮਕਸਦ ਕੇਂਦਰ ਸਰਕਾਰ ਨਾਲ ਲੜਾਈ ਕਰਨਾ ਹੈ। ਸ. ਬਾਦਲ ਨੇ ਕਿਹਾ ਕਿ ਇਸ ਸਮੇਂ ਕੇਂਦਰ ਅਤੇ ਪੰਜਾਬ ਵਿਚ ਅਕਾਲੀ-ਭਾਜਪਾ ਗੱਠਜੋੜ ਦੀਆਂ ਸਰਕਾਰਾਂ ਹਨ ਜਿਸ ਦਾ ਪੰਜਾਬ ਨੂੰ ਵੱਡਾ ਫਾਇਦਾ ਹੋ ਰਿਹਾ ਹੈ। ਕਿਹਾ ਕਿ ਪੰਜਾਬ ਵਿਚ ਤੀਜੀ ਵਾਰ ਸਰਕਾਰ ਬਣਨ ‘ਤੇ ਅਗਲੇ 5 ਸਾਲਾਂ ਵਿਚ ਸੂਬੇ ਦੇ ਸਾਰੇ ਪਿੰਡਾਂ ਦੀਆਂ ਗਲੀਆਂ-ਨਾਲੀਆਂ ਸੀਮੇਂਟ ਦੀਆਂ ਬਣਾਈਆਂ ਜਾਣਗੀਆਂ ਅਤੇ ਇਸ ਸਬੰਧੀ 30000 ਕਰੋੜ ਰੁਪਏ ਦੀ ਲਾਗਤ ਵਾਲੀ ਇਕ ਯੋਜਨਾ ਤਿਆਰ ਕੀਤੀ ਜਾ ਚੁੱਕੀ ਹੈ।
ਉੱਪ ਮੁੱਖ ਮੰਤਰੀ ਨੇ ਕਿਹਾ ਕਿ ਅਮਲੋਹ ਹਲਕੇ ਦੇ ਵਿਕਾਸ ਲਈ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਜਿਤਾਇਆ ਜਾਵੇ। ਇਸ ਮੌਕੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਸਨਅਤੀ ਸ਼ਹਿਰ ਮੰਡੀ ਗੋਬਿੰਦਗੜ ਦੀ ਨਗਰ ਕੌਂਸਲ ਦੀ ਹੱਦਬੰਦੀ ਵਧਾਉਣ ਦੀ ਮੰਗ ਨੂੰ ਮੰਨਦਿਆਂ ਉੱਪ ਮੁੱਖ ਮੰਤਰੀ ਨੇ ਮੌਕੇ ‘ਤੇ ਹੱਦਬੰਦੀ ਵਧਾਉਣ ਦਾ ਐਲਾਨ ਕੀਤਾ। ਕਾਬਿਲੇਗੌਰ ਹੈ ਕਿ ਹੱਦਬੰਦੀ ਬਣਾਉਣ ਦੀ ਇਲਾਕਾਵਾਸੀਆਂ ਦੀ ਮੰਗ ਬਹੁਤ ਪੁਰਾਣੀ ਸੀ ਅਤੇ ਇਸ ਨਾਲ ਸ਼ਹਿਰ ਦੇ ਆਲੇ-ਦੁਆਲੇ ਦੀਆਂ ਬਸਤੀਆਂ ਅਤੇ ਖੇਤਰਾਂ ਨੂੰ ਵੱਡਾ ਫਾਇਦਾ ਮਿਲੇਗਾ ਅਤੇ ਵਿਕਾਸ ਕਾਰਜਾਂ ਵਿਚ ਹੋਰ ਤੇਜ਼ੀ ਆਵੇਗੀ।
ਇਸ ਮੌਕੇ ਸੰਗਤ ਦਰਸ਼ਨ ਦੇ ਪਹਿਲੇ ਦਿਨ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅਮਲੋਹ ਹਲਕੇ ਦੀਆਂ 50 ਪੰਚਾਇਤਾਂ ਨੂੰ ਵਿਕਾਸ ਗ੍ਰਾਂਟਾ ਤਕਸੀਮ ਕੀਤੀਆਂ ਜਦਕਿ ਅਮਲੋਹ ਸ਼ਹਿਰ ਦੇ 13 ਵਾਰਡਾਂ ਨੂੰ 8 ਕਰੋੜ ਰੁਪਏ ਜਾਰੀ ਕੀਤੇ। ਮੰਡੀ ਗੋਬਿੰਦਗੜ ਸ਼ਹਿਰ ਦੇ ਚਹੁੰਮੁਖੀ ਵਿਕਾਸ ਲਈ 25 ਵਾਰਡਾਂ ਨੂੰ 30 ਕਰੋੜ ਰੁਪਏ ਦੀ ਰਾਸ਼ੀ ਵੀ ਵੰਡੀ। ਅਮਲੋਹ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦੇ ਸਭ ਤੋਂ ਮਜ਼ਬੂਤ ਦਾਅਵੇਦਾਰ ਡਾ. ਰਘਬੀਰ ਸ਼ੁਕਲਾ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਦਾ ਉੱਪ ਮੁੱਖ ਮੰਤਰੀ ਨੇ ਸਵਾਗਤ ਕੀਤਾ।

Exit mobile version