ਲੁਧਿਆਣਾ, :- ਗਲਾਡਾ ਦਫਤਰ’ ਚ ਚੱਲ ਰਹੇ ਜ਼ਮੀਨਾਂ ਦੇ ਫਰਜ਼ੀ ਦਸਤਾਵੇਜ਼ਾਂ ਦੇ ਵੱਡੇ ਘੁਟਾਲੇ ਬਾਰੇ ਖ਼ੁਲਾਸਾ ਹੋਣ ਤੋਂ ਬਾਅਦ ਪੁਲਿਸ ਨੇ ਵਿਭਾਗ ਦੇ 2 ਅਧਿਕਾਰੀਆਂ ਸਮੇਤ 11 ਲੋਕਾਂ ਨੂੰ ਨਾਮਜ਼ਦ ਕਰ ਦਿੱਤਾ ਹੈ। ਮੁਲਜ਼ਮਾਂ ਨੇ ਸੈਟਿੰਗ ਦੇ ਨਾਲ ਵਿਭਾਗ ਦੀਆਂ 88 ਫਾਈਲਾਂ ਚੋਰੀ ਕਰ ਕੇ ਉਨ੍ਹਾਂ ਦੀ ਥਾਂ ‘ਤੇ ਫ਼ਰਜ਼ੀ ਦਸਤਾਵੇਜ਼ਾਂ ਦੀਆਂ ਫਾਈਲਾਂ ਲਗਾ ਦਿੱਤੀਆਂ। ਇਨ੍ਹਾਂ ‘ਚ 28 ਫਾਈਲਾਂ ਪੁਲਿਸ ਨੂੰ ਮਿਲ ਗਈਆਂ ਹਨ ਪਰ 60 ਫਾਈਲਾਂ ਹਾਲੇ ਤਕ ਗਾਇਬ ਹਨ। ਇਸ ਸਾਰੇ ਮਾਮਲੇ ‘ਚ ਲੁਧਿਆਣਾ ਦੇ ਕਈ ਵੱਡੇ ਭੂ- ਮਾਫੀਆ, ਸਿਆਸਤਦਾਨਾਂ ਤੇ ਅਧਿਕਾਰੀਆਂ ਦੀ ਸ਼ਮੂਲੀਅਤ ਦਾ ਪਤਾ ਲੱਗਾ ਹੈ। ਇਨ੍ਹਾਂ ਦੀ ਜਾਂਚ ਚੱਲ ਰਹੀ ਹੈ। ਪੁਲਿਸ ਨੇ ਇਸ ਮਾਮਲੇ ‘ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਗਲਾਡਾ ਦੇ ਮੁਲਾਜ਼ਮਾਂ ਨੂੰ ਵੀ ਜਾਂਚ ‘ਚ ਸ਼ਾਮਲ ਕੀਤਾ ਗਿਆ ਹੈ ।ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਰੈਸਟੋਰੈਂਟ ਮਾਲਕ ਦੀਪਕ ਨੂੰ 331 ਗਜ਼ ਦਾ ਦੁੱਗਰੀ ਇਲਾਕੇ ‘ਚ ਐੱਸਸੀਓ ਦਿਖਾ ਕੇ ਉਸ ਨਾਲ 1.25 -ਕਰੋੜ ਰੁਪਏ ਦਾ ਬਿਆਨਾ ਲਿਆ ਸੀ। ਉਕਤ ਮਾਮਲੇ ‘ਚ ਮੁਲਜ਼ਮਾਂ ਨੇ ਸਾਢੇ 5 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਸੀ । ਇਸ ਤੋਂ ਬਾਅਦ ਮੁਲਜ਼ਮ ਪ੍ਰਾਪਰਟੀ ਡੀਲਰ ਹਰਵਿੰਦਰ ਸਿੰਘ ਸਚਦੇਵਾ, ਉਸ ਦੇ ਭਰਾ ਪਰਮਿੰਦਰ ਸਿੰਘ ਸਚਦੇਵਾ, ਮਨਦੀਪ ਸਿੰਘ, ਉਪਜੀਤ ਸਿੰਘ, ਨਰੇਸ਼ ਕੁਮਾਰ, ਹਰਜਿੰਦਰ ਸਿੰਘ, ਵਿਜੇ ਕੁਮਾਰ ਉਰਫ਼ ਸੋਨੂੰ, ਦੀਪਕ ਆਹੂਜਾ, ਲਾਡੀ,ਮਨੀਸ਼ ਪੁਰੀ, ਗਲਾਡਾ ਦੇ ਕਲਰਕ ਅਮਿਤ ਕੁਮਾਰ ਤੇ ਹੋਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਹੀ ਇਸ ਫਰਜ਼ੀਵਾੜੇ ਦੀ ਜਾਂਚ ਅੱਗੇ ਵਧੀ ਹੈ। ਇਸ ਮਾਮਲੇ ‘ਚ ਪੁਲਿਸ ਨੇ ਮਨਦੀਪ ਸਿੰਘ ਬਾਵਾ, ਉਪਜੀਤ ਤੇ ਕਲਰਕ ਅਮਿਤ ਕੁਮਾਰ ਦੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੀ ਪਤਨੀ ਤੋਂ ਪੰਜ ਲੱਖ ਕੇਸ਼ ਬਰਾਮਦ ਹੋਇਆ ਸੀ।
- ਮਰ ਚੁੱਕੇ ਤੇ ਵਿਦੇਸ਼ ਗਏ ਲੋਕਾਂ ਦੀਆਂ ਫਰਜ਼ੀ ਪਾਵਰ ਆਫ ਅਟਾਰਨੀ ਤਿਆਰ ਕਰ ਕੇ ਬਣਾਉਂਦੇ ਸਨ ਦਸਤਾਵੇਜ਼ ਇਸ ਮਾਮਲੇ ‘ਚ ਮੁਲਜ਼ਮਾਂ ਨੇ ਖ਼ੁਲਾਸਾ ਕੀਤਾ ਹੈ ਕਿ ਉਹ ਅਖ਼ਬਾਰਾਂ ‘ਚ ਲੱਗਣ ਵਾਲੇ ਗਲਾਡਾ ਦੇ ਇਸ਼ਤਿਹਾਰਾਂ ‘ਤੇ ਨਜ਼ਰ ਰੱਖਦੇ ਸਨ ਕਿ ਵਿਭਾਗ ਕੋਲ ਕਿਹੜੇ-ਕਿਹੜੇ ਐੱਸਸੀਓ ਹਨ, ਜੋ ਅਲਾਟ ਹੋਣੇ ਹਨ। ਇਸ ਤੋਂ ਇਲਾਵਾ ਦਫ਼ਤਰ ਦੇ ਅਫਸਰਾਂ ਦੇ ਸੰਪਰਕ ‘ਚ ਵੀ ਰਹਿੰਦੇ ਸਨ। ਜਦ ਉਨ੍ਹਾਂ ਨੂੰ ਜਾਇਦਾਦ ਦਾ ਪਤਾ ਲੱਗਾ ਸੀ ਤਾਂ ਪਤਾ ਕਰਦੇ
ਸਨ ਕਿ ਉਸ ਦਾ ਮਾਲਕ ਕੌਣ ਹੈ ? ਉਹ ਮਰ ਚੁੱਕਾ ਹੈ ਜਾਂ ਫਿਰ ਵਿਦੇਸ਼ ‘ਚ ਹੈ? ਇਸ ਤੋਂ ਬਾਅਦ ਉਹ ਭੂ-ਮਾਫੀਆ ਦੇ ਲੋਕਾਂ ਨਾਲ ਸੰਪਰਕ ਕਰਦੇ ਸਨ। ਜੋ ਫਰਜ਼ੀ ਦਸਤਾਵੇਜ਼ ਤਿਆਰ ਕਰਨ ਦਾ ਕਾਰੋਬਾਰ ਕਰਦੇ ਹਨ। ਗਲਾਡਾ ਦੇ ਅਧਿਕਾਰੀਆਂ ਦੀ ਮਦਦ ਨਾਲ ਉਨ੍ਹਾਂ ਉਕਤ ਐਸਸੀਓ ਦੀਆਂ ਪੁਰਾਣੀਆਂ ਫਾਈਲਾਂ ਨੂੰ ਕਢਵਾਇਆ ਜਾਂਦਾ ਸੀ ਤੇ ਬਾਅਦ ‘ਚ ਭੂ-ਮਾਫੀਆ ਨੂੰ ਇਕ ਤੋਂ ਦੋ ਲੱਖ ਰੁਪੇ ‘ਚ ਵੇਚ ਦਿੱਤੀਆਂ ਜਾਂਦੀਆਂ ਸਨ। ਉਕਤ ਫਾਈਲਾਂ ਦੇ ਆਧਾਰ ‘ਤੇ ਬੇਕਡੇਟ ‘ਚ ਫ਼ਰਜ਼ੀ ਪਾਵਰ ਆਫ ਅਟਾਰਨੀ ਤਿਆਰ ਕੀਤੀ ਜਾਂਦੀ ਸੀ। ਫਿਰ ਮੁਲਜ਼ਮ ਉਸੇ ਪ੍ਰਾਪਰਟੀ ਦੀ ਨਵੀਂ ਫਾਈਲ ਤਿਆਰ ਕਰਦੇ ਸਨ। ਪੁਰਾਣੀ ਫਾਈਲ ਨੂੰ ਸਾੜ ਦਿੱਤਾ ਜਾਂਦਾ ਸੀ ਤੇ ਫ਼ਰਜ਼ੀ ਫਾਈਲ ਨੂੰ ਅਸਲ ਫਾਈਲ ਦੀ ਜਗ੍ਹਾ ਲਗਾ ਦਿੱਤਾ ਜਾਂਦਾ ਸੀ। ਇਸ ‘ਚ ਫ਼ਰਜ਼ੀ ਮਾਲਕ ਰਾਹੀਂ ਅਲਾਟਮੈਂਟ ਕਿਸੇ ਹੋਰ ਨੂੰ ਦਿਵਾ ਦਿੱਤੀ ਜਾਂਦੀ ਸੀ। ਇਸ ਬਦਲੇ ਕਰੋੜਾਂ ਦੀ ਕਮਾਈ ਕੀਤੀ ਜਾਂਦੀ ਸੀ। ਅਜਿਹੀਆਂ 88 ਫਾਈਲਾਂ ਵਿਭਾਗ ਤੋਂ ਗਾਇਬ ਸਨ, ਜਿਨ੍ਹਾਂ ‘ਚੋਂ 28 ਬਰਾਮਦ ਹੋ ਚੁੱਕੀਆਂ ਹਨ।
28 ਫਾਈਲਾਂ ਦੀ ਜਾਂਚ ਸ਼ੁਰੂ ਜਾਂਚ ਦੌਰਾਨ ਪੁਲਿਸ ਨੇ ਜੋ 28 ਫਾਈਲਾਂ ਬਰਾਮਦ ਕੀਤੀਆਂ ਹਨ, ਉਨ੍ਹਾਂ ਦੀ ਜਾਂਚ ਲਈ ਟੀਮ ਦਾ ਗਠਨ ਕੀਤਾ ਗਿਆ ਹੈ। ਪੁਲਿਸ ਅਸਲ ਮਾਲਕਾਂ ਜਾਂ ਉਨ੍ਹਾਂ ਦੇ ਮੈਂਬਰਾਂ ਨੂੰ ਬੁਲਾਏਗੀ। ਇਹੀ ਨਹੀਂ ਮਾਮਲੇ ‘ਚ ਗਲਾਡਾ ਦੇ ਕਈ ਅਧਿਕਾਰੀਆਂ ਦੇ ਨਾਮ ਸਾਹਮਣੇ ਆ ਰਹੇ ਹਨ। ਹਾਲਾਂਕਿ ਪੁਲਿਸ ਨੇ ਗਲਾਡਾ ਵਿਭਾਗ ਤੋਂ ਉਹ ਨਾਮ ਮੰਗੇ ਹਨ, ਜਿਨ੍ਹਾਂ ਦੀ ਇਸ ‘ਚ ਭੂਮਿਕਾ ਹੈ।