ਚੰਡੀਗੜ੍ਹ,: – ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਗ੍ਰਿਫਤਾਰੀ ਤੋਂ ਬਚਦੇ ਆ ਰਹੇ ਮੁਲਜ਼ਮ ਬਲਵੀਰ ਸਿੰਘ, ਵਾਸੀ ਪਿੰਡ ਆਲਮਪੁਰ, ਜ਼ਿਲ੍ਹਾ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਮੁਲਜ਼ਮ ਮਲਵਿੰਦਰ ਸਿੰਘ ਸਿੱਧੂ, ਏ.ਆਈ.ਜੀ., ਮਨੁੱਖੀ ਅਧਿਕਾਰ, ਪੰਜਾਬ ਪੰਜਾਬ ਦਾ ਕਰਿੰਦਾ ਸੀ। ਉਹ ਵਿਜੀਲੈਂਸ ਬਿਊਰੋ ਵੱਲੋਂ ਦਰਜ ਭ੍ਰਿਸ਼ਟਾਚਾਰ ਤੇ ਅਪਰਾਧਿਕ ਮੁਕੱਦਮੇ ਵਿੱਚ ਲੋੜੀਂਦਾ ਸੀ ਕਿਉਂਕਿ ਉਹ ਉਕਤ ਪੁਲਿਸ ਅਧਿਕਾਰੀ ਦੇ ਇਸ਼ਾਰੇ ‘ਤੇ ਵੱਖ ਵੱਖ ਵਿਭਾਗਾਂ ਵਿੱਚ ਕਰਮਚਾਰੀਆਂ ਵਿਰੁੱਧ ਸ਼ਿਕਾਇਤਾਂ ਦਰਜ ਕਰਾਉਂਦਾ ਸੀ ਅਤੇ ਉਹਨਾਂ ਨੂੰ ਬਲੈਕਮੇਲ ਕਰਕੇ ਪੈਸੇ ਦੀ ਮੰਗ ਕਰਦਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇਥੇ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਅਦਾਲਤ ਤੋਂ ਬਲਵੀਰ ਸਿੰਘ ਦਾ 5 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਤਾਂ ਜੋ ਉਸ ਵੱਲੋਂ ਆਪਣੇ ਕੋਲ ਰੱਖਿਆ ਹਥਿਆਰ ਬਰਾਮਦ ਕੀਤਾ ਜਾ ਸਕੇ ਅਤੇ ਨਾਲ ਹੀ ਇਸ ਮਾਮਲੇ ਵਿੱਚ ਹੋਰਨਾਂ ਵਿਅਕਤੀਆਂ ਦੀ ਸ਼ਮੂਲੀਅਤ ਦਾ ਪਤਾ ਲਗਾਇਆ ਜਾ ਸਕੇ।
ਵਧੇਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਬਿਊਰੋ ਨੇ ਵਿਜੀਲੈਂਸ ਜਾਂਚ ਦੇ ਆਧਾਰ ‘ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈ.ਪੀ.ਸੀ. ਦੀਆਂ ਧਾਰਾਵਾਂ 384, 419, 420, 120-ਬੀ, 201 ਤਹਿਤ ਐਫ.ਆਈ.ਆਰ. ਨੰਬਰ 28, ਮਿਤੀ 30. 10. 2023 ਨੂੰ ਥਾਣਾ ਵਿਜੀਲੈਂਸ ਬਿਊਰੋ, ਉਡਣ ਦਸਤਾ-1, ਪੰਜਾਬ, ਐਸ.ਏ.ਐਸ.ਨਗਰ ਵਿਖੇ ਦਰਜ ਕੀਤੀ ਹੋਈ ਹੈ। ਉਕਤ ਏ.ਆਈ.ਜੀ.ਸਿੱਧੂ, ਉਸ ਦਾ ਸਹਿਯੋਗੀ ਬਲਵੀਰ ਸਿੰਘ ਅਤੇ ਹੋਰ ਮੁਲਜ਼ਮ ਇਸ ਮੁਕੱਦਮੇ ਵਿੱਚ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਉਕਤ ਕੇਸ ਵਿੱਚ ਏ.ਆਈ.ਜੀ. ਸਿੱਧੂ ਪਹਿਲਾਂ ਹੀ ਨਿਆਂਇਕ ਹਿਰਾਸਤ ਵਿੱਚ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪੜਤਾਲ ਦੌਰਾਨ ਪਾਇਆ ਗਿਆ ਕਿ ਏ.ਆਈ.ਜੀ. ਸਿੱਧੂ ਨੇ ਆਪਣੇ ਆਪ ਨੂੰ ਆਈ.ਜੀ.ਪੀ., ਵਿਜੀਲੈਂਸ ਬਿਊਰੋ, ਪੰਜਾਬ ਵਜੋਂ ਗਲਤ ਪੇਸ਼ ਕਰਦਾ ਸੀ। ਜਦਕਿ ਇਹ ਪੁਲਿਸ ਅਧਿਕਾਰੀ 2017 ਤੋਂ ਬਾਅਦ ਕਦੇ ਵੀ ਵਿਜੀਲੈਂਸ ਬਿਊਰੋ, ਪੰਜਾਬ ਵਿੱਚ ਏ.ਆਈ.ਜੀ ਜਾਂ ਆਈ.ਜੀ. ਦੇ ਅਹੁਦਿਆਂ ‘ਤੇ ਤਾਇਨਾਤ ਨਹੀਂ ਰਿਹਾ। ਉਕਤ ਮੁਲਜ਼ਮ ਬਲਵੀਰ ਸਿੰਘ ਅਤੇ ਹੋਰਨਾਂ ਨੇ ਮਿਲ ਕੇ ਸਰਕਾਰੀ ਮੁਲਾਜ਼ਮਾਂ ਵਿਰੁੱਧ ਸ਼ਿਕਾਇਤਾਂ ਦਰਜ ਕਰਨੀਆਂ ਸ਼ੁਰੂ ਕਰ ਦਿੱਤੀਆਂ, ਤਾਂ ਜੋ ਇਹ ਸ਼ਿਕਾਇਤਾਂ ਵਾਪਸ ਲੈਣ ਬਦਲੇ ਉਹਨਾਂ ਨੂੰ ਬਲੈਕਮੇਲ ਕੀਤਾ ਜਾ ਸਕੇ ਅਤੇ ਉਹਨਾਂ ਤੋਂ ਪੈਸੇ ਵਸੂਲੇ ਜਾ ਸਕਣ।
ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਏ.ਆਈ.ਜੀ. ਸਿੱਧੂ ਨੇ ਸਰਕਾਰੀ ਵਾਹਨ ‘ਆਰਟੀਗਾ’ (ਪੀ ਬੀ-65-ਏ ਡੀ-1905) ਦੀ ਦੁਰਵਰਤੋਂ ਕੀਤੀ ਸੀ ਅਤੇ ਵਾਹਨ ਦੇ ਤੇਲ ਤੇ ਹੋਰ ਖਰਚੇ ਸਰਕਾਰੀ ਖਾਤੇ ਵਿੱਚੋਂ ਖਰਚੇ ਗਏ ਸਨ। ਉਸਨੇ ਕਦੇ ਵੀ ਉਕਤ ਗੱਡੀ ਦੀ ਵਰਤੋਂ ਦਾ ਰਿਕਾਰਡ (ਲੌਗ-ਬੁੱਕ) ਨਹੀਂ ਰੱਖਿਆ ਜੋ ਸਰਕਾਰੀ ਸੰਪਤੀ ਦੀ ਦੁਰਵਰਤੋਂ ਦੇ ਬਰਾਬਰ ਮੰਨਿਆ ਜਾਂਦਾ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਉਕਤ ਮੁਲਜ਼ਮ ਬਲਵੀਰ ਸਿੰਘ ਨੇ ਏ.ਆਈ.ਜੀ. ਸਿੱਧੂ ਦੇ ਕਹਿਣ ‘ਤੇ ਵੱਖ-ਵੱਖ ਵਿਭਾਗਾਂ ਵਿੱਚ ਅਨੁਸੂਚਿਤ ਜਾਤੀ ਅਤੇ ਸੁਤੰਤਰਤਾ ਸੈਨਾਨੀਆਂ ਦੇ ਕੋਟੇ ਤਹਿਤ ਭਰਤੀ ਕੀਤੇ ਹੋਏ ਮੁਲਾਜ਼ਮਾਂ ਵਿਰੁੱਧ ਸ਼ਿਕਾਇਤਾਂ ਦਰਜ ਕਰਵਾਈਆਂ ਸਨ ਤਾਂ ਜੋ ਉਨ੍ਹਾਂ ‘ਤੇ ਦਬਾਅ ਬਣਾ ਕੇ ਬਲੈਕਮੇਲ ਕੀਤਾ ਜਾ ਸਕੇ ਅਤੇ ਬਦਲੇ ਵਿੱਚ ਰਿਸ਼ਵਤ ਲਈ ਜਾ ਸਕੇ, ਜਿਸ ਨੂੰ ਬਾਅਦ ਵਿੱਚ ਉਹ, ਮਾਲਵਿੰਦਰ ਸਿੰਘ ਅਤੇ ਹੋਰ ਮੁਲਜ਼ਮ ਆਪਸ ਵਿੱਚ ਵੰਡ ਲੈਂਦੇ ਸਨ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਬਾਕੀ ਰਹਿੰਦੇ ਮੁਲਜ਼ਮਾਂ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।