ਪਟਿਆਲਾ,:– ਡਾ. ਬਲਬੀਰ ਸਿੰਘ, ਰਾਜ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਧੀਆਂ ਦੀ ਲੋਹੜੀ ਮਨਾਉਣ ਲਈ ਪਟਿਆਲਾ ਵਿਖੇ ਕਰਵਾਏ ਰਾਜ ਪੱਧਰੀ ਸਮਾਗਮ ਮੌਕੇ ਧੀਆਂ ਦਾ ਸਨਮਾਨ ਕੀਤਾ ਗਿਆ। ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਔਰਤਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਕੁੱਖ ‘ਚ ਧੀਆਂ ਮਾਰਨੋਂ ਰੋਕਣ ਤੇ ਨਸ਼ਿਆਂ ਦੀ ਬੁਰਾਈ ਦੇ ਖਾਤਮੇ ਲਈ ਲਾਮਬੰਦ ਹੋਣ।
ਇਸ ਦੌਰਾਨ ਉਨ੍ਹਾਂ ਨੇ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਪਟਿਆਲਾ ਸ਼ਹਿਰ ਤੇ ਨੇੜਲੇ ਇਲਾਕਿਆਂ ‘ਚੋਂ ਪੁੱਜੀਆਂ 300 ਦੇ ਕਰੀਬ ਮਾਵਾਂ ਤੇ ਧੀਆਂ ਦਾ ਪੰਜਾਬ ਸਰਕਾਰ ਦੀ ਤਰਫੋਂ ਸਨਮਾਨ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੁੜੀਆਂ ਵਲੋਂ ਨਸ਼ੇ ਕਰਨ ਦੀ ਵੱਧ ਰਹੀ ਪ੍ਰਵਿਰਤੀ ‘ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੁੜੀਆਂ ਹੋਰਨਾਂ ਖੇਤਰਾਂ ਵਿੱਚ ਮੁੰਡਿਆਂ ਨਾਲੋਂ ਅੱਗੇ ਵਧਣ ਦੀ ਤਰ੍ਹਾਂ ਨਸ਼ਿਆਂ ਦੇ ਮਾਮਲੇ ‘ਚ ਮੁੰਡਿਆਂ ਦੀ ਰੀਸ ਨਾ ਕਰਨ। ਉਨ੍ਹਾਂ ਕਿਹਾ ਕਿ ਸਾਨੂੰ ਹੁਣ ਲੜਕੀਆਂ ਦੇ ਨਸ਼ਾ ਮੁਕਤੀ ਕੇਂਦਰਾਂ ਦੀ ਲੋੜ ਮਹਿਸੂਸ ਹੋ ਰਹੀ ਹੈ। ਇਸ ਲਈ ਔਰਤਾਂ ਨੂੰ ਨਸ਼ਿਆਂ ਤੇ ਕੰਨਿਆਂ ਭਰੂਣ ਹੱਤਿਆ ਵਿਰੁੱਧ ਲੜਨ ਦਾ ਪ੍ਰਣ ਕਰਨਾ ਪਵੇਗਾ।
ਡਾ. ਬਲਬੀਰ ਸਿੰਘ ਨੇ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਘੱਟ ਰਹੀ ਗਿਣਤੀ ‘ਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਪੰਜਾਬ ਵਿੱਚ ਲਿੰਗ ਅਨੁਪਾਤ ਮੁਤਾਬਕ ਲੜਕੀਆਂ ਦੀ ਗਿਣਤੀ ਮੁੰਡਿਆਂ ਦੇ ਬਰਾਬਰ ਕਰਨ ਲਈ ਸਾਨੂੰ ਆਪਣੀ ਸੋਚ ਵਿੱਚ ਬਦਲਾਅ ਲਿਆਉਣਾ ਪਵੇਗਾ। ਉਨ੍ਹਾਂ ਦੱਸਿਆ ਕਿ ਇਸੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਜ ‘ਚ ਕਈ ਜ਼ਿਲ੍ਹਿਆਂ ਦੇ ਡੀਸੀ ਤੇ ਐਸਐਸਪੀ ਸਾਡੀਆਂ ਧੀਆਂ ਨੂੰ ਲਗਾਇਆ ਜੋ ਕਿ ਬਹੁਤ ਚੰਗਾ ਕੰਮ ਕਰ ਰਹੀਆਂ ਹਨ। ਇਸ ਤੋਂ ਅਲਾਵਾ ਮੁੰਡਿਆਂ ਤੇ ਲੜਕੀਆਂ ਦੀ ਬਰਾਬਰੀ ਦਾ ਸੁਨੇਹਾ ਦੇਣ ਲਈ ਧੀਆਂ ਦੀ ਲੋਹੜੀ ਮਨਾਉਣ ਦਾ ਪ੍ਰੋਗਰਾਮ ਵੀ ਉਲੀਕਿਆ ਤਾਂ ਕਿ ਲੋਕ, ਮੁੰਡੇ ਕੁੜੀ ਦਰਮਿਆਨ ਕੋਈ ਫਰਕ ਤੇ ਵਿਤਕਰਾ ਨਾ ਕਰਨ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਾਡੇ ਸਮਾਜ ‘ਚ ਆਮ ਘਰਾਂ ਅੰਦਰ ਅਜੇ ਵੀ ਕਿਤੇ ਨਾ ਕਿਤੇ ਨਾਬਰਾਬਰੀ ਹੈ ਪਰੰਤੂ ਇਹ ਸਾਬਤ ਹੋ ਗਿਆ ਹੈ ਕਿ ਧੀਆਂ ਨੂੰ ਜਿੱਥੇ ਕਿਤੇ ਵੀ ਮੌਕੇ ਦਿੱਤੇ ਗਏ, ਇਨ੍ਹਾਂ ਨੇ ਮੱਲਾਂ ਮਾਰ ਕੇ ਆਪਣੇ ਆਪ ਨੂੰ ਸਾਬਤ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਲੜਕੀਆਂ ਦੀ ਸਿੱਖਿਆ ਤੇ ਖੇਡਾਂ ਲਈ ਬੱਸਾਂ ਦੀ ਸਹੂਲਤ ਦੇਣ ਸਮੇਤ ਹੋਰ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਡਾ. ਬਲਬੀਰ ਸਿੰਘ ਨੇ ਅੱਗੇ ਕਿਹਾ ਕਿ ਪਿਛਲੇ 25 ਸਾਲਾਂ ਦਾ ਸਿਹਤ ਸੇਵਾਵਾ ਵਿੱਚਲਾ ਖੱਪਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਪੂਰਿਆ ਹੈ। ਮਾਨ ਸਰਕਾਰ ਵੱਲੋਂ ਪੰਜਾਬ ਨੂੰ ਸਿਹਤ ਦੇ ਮਾਮਲੇ ‘ਚ ਮੋਹਰੀ ਸੂਬਾ ਬਣਾਇਆ ਗਿਆ ਹੈ ਤੇ ਸਾਡਾ ਰਾਜ ਮੁੜ ਤੋੰ ‘ਰੰਗਲਾ ਪੰਜਾਬ’ ਬਣੇਗਾ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਸਰਕਾਰ ਨੇ ਹਸਪਤਾਲਾਂ ‘ਚ ਡਾਕਟਰਾਂ ਤੇ ਦਵਾਈਆਂ ਦੀ ਕਮੀ ਪੂਰੀ ਕੀਤੀ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ 15 ਫਰਵਰੀ ਤੱਕ 250 ਤਰ੍ਹਾਂ ਦੀਆਂ ਦਵਾਈਆਂ ਸਾਰੇ ਸਰਕਾਰੀ ਹਸਪਤਾਲਾਂ ‘ਚ ਪੁੱਜ ਜਾਣਗੀਆਂ। ਇਸ ਤੋਂ ਪਹਿਲਾਂ ਸਪੈਸ਼ਲਿਸਟ ਡਾਕਟਰਾਂ ਤੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਪ੍ਰੋਫੈਸਰ ਡਾਕਟਰਾਂ ਦੀ ਕਮੀ ਪੂਰੀ ਕੀਤੀ ਗਈ ਹੈ ਅਤੇ ਇਸੇ ਸਾਲ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਡਾਕਟਰਾਂ ਦੀ ਕਮੀ ਪੂਰੀ ਕਰ ਦਿੱਤੀ ਜਾਵੇਗੀ ਤੇ ਨਿਜੀ ਡਾਕਟਰਾਂ ਦੀਆਂ ਵੀ ਸੇਵਾਵਾਂ ਲਈਆਂ ਜਾ ਰਹੀਆਂ ਹਨ।
ਅੱਜ ਦੇ ਇਸ ਸਮਾਰੋਹ ਮੌਕੇ ਸਿਹਤ ਸੇਵਾਵਾਂ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਹਿਤਿੰਦਰ ਕੌਰ, ਆਈ.ਐਮ.ਏ. ਪੰਜਾਬ ਪ੍ਰਧਾਨ ਡਾ. ਭਗਵੰਤ ਸਿੰਘ, ਸਟੇਟ ਨੋਡਲ ਅਫ਼ਸਰ ਪੀ.ਸੀ.ਪੀ.ਐਨ.ਡੀ.ਟੀ. ਡਾ. ਵਿਨੀਤ ਨਾਗਪਾਲ ਤੇ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਵੀ ਸੰਬੋਧਨ ਕੀਤਾ।