spot_img
spot_img
spot_img
spot_img
spot_img

ਸੀ.ਐੱਮ ਨੇ ਪੰਜਾਬ ਵਿੱਚ ਕੋਵਿਡ ਬੰਦਿਸ਼ਾਂ 10 ਅਪਰੈਲ ਤੱਕ ਵਧਾਉਣ ਦੇ ਦਿੱਤੇ ਹੁਕਮ, ਭੀੜ ਵਾਲੇ ਇਲਾਕਿਆਂ ਵਿੱਚ ਮੋਬਾਈਲ ਟੀਕਾਕਰਨ ਦੇ ਆਦੇਸ਼

ਚੰਡੀਗੜ੍ਹ,: – ਸੂਬੇ ਵਿੱਚ ਯੂ.ਕੇ. ਵਾਇਰਸ ਦੇ ਜ਼ਿਆਦਾ ਪਾਏ ਜਾਣ ਦੇ ਨਾਲ ਕੋਵਿਡ ਕੇਸਾਂ ਅਤੇ ਮੌਤਾਂ ਦੀ ਨਿਰੰਤਰ ਵਧਦੀ ਗਿਣਤੀ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕੋਵਿਡ ਕਾਰਨ ਲਾਈਆਂ ਬੰਦਿਸ਼ਾਂ ਨੂੰ ਅੱਗੇ 10 ਅਪਰੈਲ ਤੱਕ ਵਧਾਉਣ ਦੇ ਹੁਕਮ ਕੀਤੇ ਗਏ। ਇਸ ਦੇ ਨਾਲ ਹੀ ਸਿਹਤ ਵਿਭਾਗ ਨੂੰ ਵੀ ਤਰਜੀਹੀ ਵਰਗਾਂ ਨੂੰ ਜ਼ਰੂਰੀ ਆਧਾਰ ‘ਤੇ ਨਿਸ਼ਾਨਾ ਬਣਾਉਣ ਲਈ ਟੀਕਾਕਰਨ ਥਾਵਾਂ ਦੀ ਗਿਣਤੀ ਵਧਾਉਣ ਦੇ ਆਦੇਸ਼ ਦਿੱਤੇ ਗਏ।
ਮੁੱਖ ਸਕੱਤਰ ਅਤੇ ਹੋਰ ਉਚ ਅਧਿਕਾਰੀਆਂ ਨਾਲ ਕੋਵਿਡ ਦੀ ਸਥਿਤੀ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੀਆਂ ਬੰਦਿਸ਼ਾਂ 31 ਮਾਰਚ ਤੱਕ ਲਗਾਈਆਂ ਸਨ, ਉਨ੍ਹਾਂ ਸਾਰੀਆਂ ਨੂੰ 10 ਅਪਰੈਲ ਤੱਕ ਵਧਾ ਦਿੱਤਾ ਜਾਵੇ ਅਤੇ ਇਸ ਤੋਂ ਬਾਅਦ ਉਹ ਫੇਰ ਇਸ ਦੀ ਸਮੀਖਿਆ ਕਰਨਗੇ।
ਨਾਭਾ ਓਪਨ ਜੇਲ੍ਹ ਵਿੱਚ 40 ਔਰਤਾਂ ਦੇ ਕੋਵਿਡ ਪਾਜ਼ੇਟਿਵ ਪਾਏ ਜਾਣ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਕੈਦੀਆਂ ਲਈ ਵੀ ਜੇਲ੍ਹਾਂ ਵਿੱਚ ਵਿਸ਼ੇਸ਼ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦੇ ਹੁਕਮ ਕੀਤੇ।
ਸਥਿਤੀ ਉਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਟੈਸਟਿੰਗ ਦੀ ਗਿਣਤੀ ਵਧਾਉਣ ਅਤੇ ਭੀੜ-ਭਾੜ ਵਾਲੇ ਇਲਾਕਿਆਂ ਦੇ ਨਾਲ ਵਿਅਸਤ ਮਾਰਕੀਟ ਖੇਤਰਾਂ ਵਿੱਚ ਟੀਕਾਕਰਨ ਸ਼ੁਰੂ ਕਰਨ ਲਈ ਜ਼ਰੂਰੀ ਨਿਰਦੇਸ਼ ਜਾਰੀ ਕਰਨ ਲਈ ਕਿਹਾ। ਉਨ੍ਹਾਂ ਸਾਰੇ ਡੀ.ਸੀਜ਼ ਤੇ ਸਿਵਲ ਸਰਜਨਾਂ ਨੂੰ ਟੀਕਾਕਰਨ ਦੀ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਉਣ ਲਈ ਅਜਿਹੀਆਂ ਥਾਵਾਂ ਦੀ ਸ਼ਨਾਖਤ ਕਰਨ ਲਈ ਕਿਹਾ ਜਿੱਥੇ ਮੋਬਾਈਲ ਕੋਵਿਡ ਟੀਕਾਕਰਨ ਕੇਂਦਰ ਸਥਾਪਤ ਕੀਤੇ ਜਾ ਸਕਦੇ ਹਨ ਜਿਵੇਂ ਕਿ ਪੁਲਿਸ ਲਾਈਨਜ਼, ਕਾਲਜ ਤੇ ਯੂਨੀਵਰਸਿਟੀਆਂ, ਵੱਡੇ ਉਦਯੋਗਿਕ ਯੂਨਿਟ, ਬੱਸ ਅੱਡੇ, ਰੇਲਵੇ ਸਟੇਸ਼ਨ, ਪੀ.ਆਰ.ਟੀ.ਸੀ./ਪੰਜਾਬ ਰੋਡਵੇਜ਼ ਬੱਸ ਡਿਪੂ, ਬਾਜ਼ਾਰ ਆਦਿ।
ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਸਰਕਾਰੀ ਕਰਮਚਾਰੀਆਂ ਅਤੇ ਹੋਰ ਵਰਗਾਂ ਜਿਵੇਂ ਕਿ ਜੱਜਾਂ, ਅਧਿਆਪਕਾਂ ਆਦਿ ਜਿਨ੍ਹਾਂ ਨੂੰ ਟੀਕਾਕਰਨ ਲਈ ਕਵਰ ਕਰਨ ਦੀ ਬੇਨਤੀ ਕੀਤੀ ਸੀ, ਨੂੰ 45 ਵਰ੍ਹਿਆਂ ਦੀ ਉਮਰ ਹੱਦ ਪਾਰ ਕਰਨ ਕਰ ਕੇ ਟੀਕਾਕਰਨ ਦੀ ਸਹੂਲਤ ਦੇਣ ਲਈ ਕਿਹਾ। ਉਨ੍ਹਾਂ ਵੱਧ ਕੇਸਾਂ ਵਾਲੇ ਜ਼ਿਲ੍ਹਿਆਂ ਵਿੱਚ ਮੌਜੂਦ ਵਸੀਲੇ ਇਕੱਠੇ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਇਸ ਮਹਾਂਮਾਰੀ ਦੀ ਰੋਕਥਾਮ ਕਰਨ ਲਈ ਟੀਕਾਕਰਨ ਦੀ ਪ੍ਰਕਿਰਿਆ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹੀ ਜਾ ਸਕੇ।
ਖਾਸ ਤੌਰ ‘ਤੇ ਤਾਜ਼ਾ ਅੰਕੜੇ ਦੱਸਦੇ ਹਨ ਕਿ ਵਾਇਰਸ ਦਾ ਯੂ.ਕੇ. ਸਟਰੇਨ ਸੂਬੇ ਵਿੱਚ ਸਭ ਤੋਂ ਜ਼ਿਆਦਾ ਪਾਇਆ ਜਾ ਰਿਹਾ ਹੈ। ਵਾਇਰਸ ਦੇ ਪੱਧਰ ਦਾ ਪਤਾ ਲਗਾਉਣ ਲਈ ਸ਼ੁਰੂਆਤ ਵਿੱਚ ਐਨ.ਸੀ.ਡੀ.ਸੀ. ਨੂੰ ਭੇਜੇ 401 ਕੋਵਿਡ ਪਾਜ਼ੇਟਿਵ ਸੈਂਪਲਾਂ ਵਿੱਚੋਂ 326 ਕੇਸ ਯੂ.ਕੇ. ਵਾਇਰਸ ਦੇ ਪਾਏ ਗਏ। ਬਾਅਦ ਵਿੱਚ ਆਈ.ਜੀ.ਆਈ.ਬੀ. ਨੂੰ ਭੇਜੇ 95 ਸੈਂਪਲਾਂ ਵਿੱਚੋਂ 85 ਸੈਂਪਲ ਯੂ.ਕੇ. ਸਟਰੇਨ ਦੇ ਪਾਏ ਗਏ।
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਕੋਵਿਡ ਮਹਾਂਮਾਰੀ ਦੀ ਤਾਜ਼ਾ ਦਸ਼ਾ ਅਤੇ ਯੋਗ ਵਰਗ ਦੇ ਲਾਭਪਾਤਰੀਆਂ ਦੇ ਟੀਕਾਕਰਨ ਦੀ ਸਥਿਤੀ ਵੀ ਸਾਂਝੀ ਕੀਤੀ। ਮੀਟਿੰਗ ਵਿੱਚ ਸੀ.ਐਮ.ਸੀ. ਲੁਧਿਆਣਾ ਵੱਲੋਂ ਪੇਸ਼ ਕੀਤੇ ਰੁਝਾਨ ਦੱਸਦਿਆਂ ਇਹ ਸੂਚਨਾ ਦਿੱਤੀ ਗਈ ਕਿ ਕੁਝ ਜ਼ਿਲ੍ਹਿਆਂ ਵਿੱਚ ਪਾਜ਼ੇਟਿਵ ਕੇਸਾਂ ਅਤੇ ਮੌਤਾਂ ਦੀ ਗਿਣਤੀ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਵਧਦੇ ਕੇਸਾਂ ਸਬੰਧੀ ਇਸ ਰੁਝਾਨ ਅਨੁਸਾਰ 6 ਅਪਰੈਲ, 2021 ਨੂੰ ਸਿਖਰ ਹੋਵੇਗਾ। ਅਨੁਮਾਨਾਂ ਅਨੁਸਾਰ ਮਈ, 2021 ਦੇ ਅੱਧ ਜਾਂ ਅਖੀਰ ਵਿੱਚ ਕੇਸਾਂ ਦੀ ਗਿਣਤੀ ਘਟਣ ਲੱਗੇਗੀ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਕਿ ਜਲੰਧਰ, ਲੁਧਿਆਣਾ, ਪਟਿਆਲਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਹੁਸ਼ਿਆਰਪੁਰ ਤੇ ਕਪੂਰਥਲਾ ਵਿੱਚ ਹੋਰ ਕੇਸ ਆਉਣ ਦੀ ਸੰਭਾਵਨਾ ਹੈ ਅਤੇ ਇਹ ਵੀ ਸੰਭਾਵਨਾ ਹੈ ਕਿ 40 ਸਾਲ ਜਾਂ ਇਸ ਤੋਂ ਘੱਟ ਦੇ ਨੌਜਵਾਨਾਂ ਵਿੱਚ ਇਹ ਕੇਸ ਸਭ ਤੋਂ ਵੱਧ ਹੋਣਗੇ।
ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਪਿਛਲੀ ਮੀਟਿੰਗ ਤੋਂ ਜਦੋਂ ਕੋਵਿਡ ਪ੍ਰੋਟੋਕੋਲਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕਰਨ ਅਤੇ ਨਾਲ ਹੀ ਆਰ.ਟੀ-ਪੀ.ਸੀ.ਆਰ. ਟੈਸਟਿੰਗ ਦਾ ਫੈਸਲਾ ਲਿਆ ਗਿਆ ਸੀ, ਉਸ ਸਮੇਂ ਤੋਂ 90,360 ਵਿਅਕਤੀਆਂ ਦੇ ਚਲਾਨ ਅਤੇ ਕੋਵਿਡ ਟੈਸਟ ਕੀਤੇ ਗਏ ਹਨ। ਉਨ੍ਹਾਂ ਨੇ ਪੁਲਿਸ ਲਾਈਨਾਂ ਵਿੱਚ ਇੱਕ ਵਿਸ਼ੇਸ਼ ਟੀਕਾਕਰਨ ਮੁਹਿੰਮ ਲਈ ਵੀ ਬੇਨਤੀ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਐਲ-2 ਅਤੇ ਐਲ-3 ਬੈਡ ਢੁੱਕਵੀਂ ਗਿਣਤੀ ਵਿੱਚ ਉਪਲੱਬਧ ਹਨ ਪਰ ਕੁਝ ਪ੍ਰਾਈਵੇਟ ਹਸਪਤਾਲਾਂ ਵਿੱਚ ਬੈਡਾਂ ਦੀ ਉਪਲੱਬਧਤਾ ਨੂੰ ਵਧਾਉਣ ਦੀ ਜ਼ਰੂਰਤ ਹੈ ਜੋ ਬੇਹੱਦ ਗੰਭੀਰ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਉਨ੍ਹਾਂ ਸਾਰੇ ਜ਼ਿਲ੍ਹਿਆਂ ਨੂੰ ਨਮੂਨੇ ਲੈਣ ਦੀ ਗਤੀ ਤੇਜ਼ ਕਰਨ ਅਤੇ ਵਿਸ਼ੇਸ਼ ਤੌਰ ‘ਤੇ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕਾਂ ਦੇ ਨਮੂਨੇ ਲੈਣ ਅਤੇ ਆਰ.ਏ.ਟੀ. ਨੂੰ 30 ਫੀਸਦੀ ਤੱਕ ਵਧਾਉਣ ਸਬੰਧੀ ਹਦਾਇਤ ਕੀਤੀ।
ਮੁੱਖ ਮੰਤਰੀ ਨੇ ਨਿਰਦੇਸ਼ ਦਿੱਤਾ ਕਿ ਘਰੇਲੂ ਏਕਾਂਤਵਾਸ ਅਧੀਨ ਮਰੀਜ਼ਾਂ ਦੀ ਸਖਤ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ ਅਤੇ ਲੋੜ ਪੈਣ ‘ਤੇ ਉਨ੍ਹਾਂ ਨੂੰ ਢੁੱਕਵੇਂ ਪੱਧਰ ਦੇ ਹਸਪਤਾਲ ਵਿੱਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸਾਰੇ ਡੀਸੀਜ਼ ਅਤੇ ਸਿਵਲ ਸਰਜਨਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਨਿਯਮਾਂ ਅਨੁਸਾਰ ਐਲ-2 ਸਿਹਤ ਸੰਸਥਾ ਵਿੱਚ ਕੋਈ ਮੌਤ ਨਾ ਹੋਵੇ ਅਤੇ ਜਦੋਂ ਮਰੀਜ਼ ਨੂੰ ਗੰਭੀਰ ਦੇਖਭਾਲ ਦੀ ਜ਼ਰੂਰਤ ਪੈਂਦੀ ਹੈ ਤਾਂ ਉਸ ਨੂੰ ਐਲ-3 ਸਿਹਤ ਸੰਸਥਾ ਵਿਚ ਜਲਦ ਤਬਦੀਲ ਕਰਨਾ ਚਾਹੀਦਾ ਹੈ।
ਸਾਰੇ ਜ਼ਿਲ੍ਹਿਆਂ ਨੂੰ ਆਪਣੀਆਂ ਟੀਮਾਂ ਨੂੰ ਮਜ਼ਬੂਤ ਕਰਨ ਲਈ ਵੀ ਕਿਹਾ ਗਿਆ ਹੈ ਤਾਂ ਜੋ ਕੋਵਿਡ ਨਮੂਨੇ ਲੈਣ ਸਬੰਧੀ ਡਾਟਾ ਐਂਟਰੀ ਅਤੇ ਨਿਰਧਾਰਤ ਲੈਬਾਂ ਵਿੱਚ ਨਮੂਨੇ ਲੈ ਜਾਣ ਵਿੱਚ ਘੱਟੋ-ਘੱਟ ਸਮਾਂ ਲੱਗੇ ਅਤੇ ਟੈਸਟ ਦਾ ਨਤੀਜਾ 24 ਘੰਟਿਆਂ ਦੇ ਅੰਦਰ ਉਪਲੱਬਧ ਕਰਵਾਇਆ ਜਾਵੇ।
ਟੀਕਾਕਰਨ ਸਬੰਧੀ ਮੁੱਖ ਮੰਤਰੀ ਨੇ ਹਦਾਇਤ ਕੀਤੀ ਕਿ ਲਾਭਪਾਤਰੀਆਂ ਨੂੰ ਟੀਕਾਕਰਨ ਸਬੰਧੀ ਮਨਜ਼ੂਰੀ ਦੇਣ ਲਈ ਕੋਈ ਵੀ ਫੋਟੋ ਆਧਾਰਤ ਸ਼ਨਾਖਤੀ ਕਾਰਡ ਕਾਫੀ ਹੋਵੇਗੀ। ਸਾਰੇ ਜ਼ਿਲ੍ਹਿਆਂ ਨੂੰ ਸਬ-ਸੈਂਟਰ ਪੱਧਰ ਤੱਕ ਦੀਆਂ ਸਾਰੀਆਂ ਸਿਹਤ ਸੰਸਥਾਵਾਂ, ਡਿਸਪੈਂਸਰੀਆਂ, ਆਯੁਰਵੈਦਿਕ ਅਤੇ ਹੋਮਿਓਪੈਥਿਕ ਸਿਹਤ ਸੰਸਥਾਵਾਂ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਨੂੰ ਸ਼ਾਮਲ ਕਰਕੇ ਟੀਕਾਕਰਨ ਕੇਂਦਰਾਂ ਦੀ ਗਿਣਤੀ ਵਿੱਚ ਵਾਧਾ ਕਰਨ ਦੇ ਹੁਕਮ ਦਿੱਤੇ ਗਏ ਹਨ।
45 ਸਾਲ ਤੋਂ ਵੱਧ ਉਮਰ ਵਰਗ ਲਈ 1 ਅਪਰੈਲ, 2021 ਤੋਂ ਟੀਕਾਕਰਨ ਸ਼ੁਰੂ ਕੀਤਾ ਜਾਵੇਗਾ। ਟੀਕਾਕਰਨ ਸਬੰਧੀ ਬੁਨਿਆਦੀ ਢਾਂਚੇ ਨੂੰ ਸਮਝਣ ਦੇ ਮਕਸਦ ਨਾਲ ਸਾਰੇ ਜ਼ਿਲ੍ਹਿਆਂ ਦੀਆਂ ਸਾਰੀਆਂ ਸਿਹਤ ਸਹੂਲਤਾਂ ਜਿੰਨੀ ਜਲਦੀ ਹੋ ਸਕੇ ਕੋਵਿਡ ਟੀਕਾਕਰਨ ਕੇਂਦਰਾਂ ਵਜੋਂ ਕੰਮ ਸ਼ੁਰੂ ਕਰਨਾ ਅਤੇ 31 ਮਾਰਚ, 2021 ਤੱਕ ਕੰਮ ਕਰਨਾ ਯਕੀਨੀ ਬਣਾਉਣਗੀਆਂ ਤਾਂ ਜੋ ਟੀਕਾਕਰਨ ਕੇਂਦਰਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾ ਸਕੇ ਅਤੇ ਲਾਭਪਾਤਰੀਆਂ ਨੂੰ ਨਿਰਵਿਘਨ ਟੀਕਾਕਰਨ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।
ਮੁੱਖ ਸਕੱਤਰ ਨੇ ਵਰਚੁਅਲ ਮੀਟਿੰਗ ਤੋਂ ਬਾਅਦ ਦੱਸਿਆ ਕਿ ਸਾਰੇ ਜ਼ਿਲ੍ਹਿਆਂ ਨੂੰ ਸਾਰੇ ਸਿਹਤ ਕਰਮਚਾਰੀਆਂ ਅਤੇ ਐਫ.ਐਲ.ਡਬਲਿਊ ਨੂੰ ਆਪਣੇ-ਆਪ ਨੂੰ ਟੀਕਾ ਲਗਵਾਉਣ ਲਈ ਪ੍ਰੇਰਿਤ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ ਅਤੇ ਜਿਹੜੇ ਟੀਕੇ ਨਹੀਂ ਲਗਵਾਉਂਦੇ, ਉਨ੍ਹਾਂ ਨੂੰ ਹਰ ਹਫਤੇ ਕੋਵਿਡ ਟੈਸਟ ਕਰਵਾਉਣ ਦੀ ਸਖਤ ਹਦਾਇਤ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਲਾਗ ਨਾ ਲੱਗਣਾ ਅਤੇ ਉਨ੍ਹਾਂ ਵੱਲੋਂ ਦੂਜਿਆਂ ਨੂੰ ਲਾਗ ਨਾ ਫੈਲਾਉਣਾ ਯਕੀਨੀ ਬਣਾਇਆ ਜਾ ਸਕੇ।
ਪੰਜਾਬ ਸਰਕਾਰ ਦੇ ਸਿਹਤ ਅਤੇ ਮੈਡੀਕਲ ਸਿੱਖਿਆ ਸਲਾਹਕਾਰ ਡਾ. ਕੇ. ਕੇ. ਤਲਵਾੜ ਨੇ ਸੁਝਾਅ ਦਿੱਤਾ ਹੈ ਕਿ ਕੁਝ ਚੋਣਵੇਂ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ ਤੋਂ ਇਲਾਵਾ ਹੋਰ ਮਰੀਜ਼ਾਂ ਦੇ ਇਲਾਜ ਨੂੰ 2-4 ਹਫਤਿਆਂ ਲਈ ਮੁਲਤਵੀ ਕੀਤਾ ਜਾ ਸਕਦਾ ਹੈ ਅਤੇ ਜਿਥੇ ਕੋਈ ਮੈਡੀਕਲ ਕਾਲਜ ਨਹੀਂ ਹੈ, ਉਨ੍ਹਾਂ ਜ਼ਿਲ੍ਹਾਂ ਹਸਪਤਾਲਾਂ ਵਿੱਚ ਹੋਰ ਐਂਬੂਲੈਂਸਾਂ ਉਪਲੱਬਧ ਕਰਵਾਈਆਂ ਜਾ ਸਕਦੀਆਂ ਹਨ। ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਗਿਆ ਕਿ ਸਿਹਤ ਵਿਭਾਗ ਆਰ.ਟੀ.-ਪੀ.ਸੀ.ਆਰ. ਟੈਸਟਿੰਗ ਨੂੰ ਵਧਾ ਕੇ 35,000 ਟੈਸਟ ਪ੍ਰਤੀ ਦਿਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

Related Articles

Stay Connected

0FansLike
3,912FollowersFollow
0SubscribersSubscribe
- Advertisement -spot_img

Latest Articles