ਪੰਜਾਬ ਸਰਕਾਰ ਸੂਬੇ ਨੂੰ ਖੁਲੇ ਵਿੱਚ ਸ਼ੌਚ ਮੁਕਤ ਕਰਨ ਲਈ ਪੂਰੀ ਸਰਗਰਮੀ ਨਾਲ ਕੰਮ ਕਰ ਰਹੀ ਹੈ। ਇਸ ਪ੍ਰੋਜੈਕਟ ਅਧੀਨ ਪਿੰਡ ਵਾਸੀਆਂ ਨੂੰ ਖੁਲੇ ਵਿੱਚ ਸ਼ੌਚ ਤੋਂ ਰੋਕਣ ਲਈ ਪ੍ਰਚਾਰ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਜਿਹੜੇ ਗਰੀਬ ਘਰਾਂ ਵਿੱਚ ਪਖਾਨੇ ਬਣਾਉਣ ਦੀ ਸਮਰੱਥਾ ਨਹੀ ਹੈ ਉਨਾਂ ਨੂੰ 15000/- ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਪ੍ਰੋਜੈਕਟ ਪਾਸ ਕੀਤਾ ਗਿਆ ਹੈ, ਜਿਸ ਉਪਰ ਲੱਗਭੱਗ 1000 ਕਰੋੜ ਰੁਪਏ ਦਾ ਖਰਚਾ ਆਵੇਗਾ। ਇਸ ਵਿੱਚ ਭਾਰਤ ਸਰਕਾਰ ਦੁਆਰਾ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਭਾਰਤ ਸਰਕਾਰ ਦੇ ਡਾਇਰੈਕਟਰ ਸੈਨੀਟੇਸ਼ਨ (ਡਿਪਟੀ ਸੈਕਟਰੀ) ਡਾ: ਨਿਪੁੰਨ ਵਿਨਾਇਕ ਨੇ ਪਟਿਆਲੇ ਦੇ ਪਿੰਡਾਂ ਦਾ ਦੌਰਾ ਕੀਤਾ ਅਤੇ ਸੁਰਜੀਤ ਸਿੰਘ ਰੱਖੜਾ, ਕੈਬਨਿਟ ਮੰਤਰੀ, ਜਲ ਸਪਲਾਈ ਅਤੇ ਸੈਨੀਟੇਸ਼ਨ ਉਚੇਰੀ ਸਿੱਖਿਆ ਤੇ ਭਾਸ਼ਾਵਾਂ, ਪੰਜਾਬ ਨਾਲ ਮੁਲਾਕਾਤ ਦੌਰਾਨ ਉਨਾਂ ਨਾਲ ਜਸਪਾਲ ਸਿੰਘ ਕਲਿਆਣ ਚੇਅਰਮੈਨ, ਜ਼ਿਲਾ ਪਰਿਸ਼ਦ ਪਟਿਆਲਾ, ਸੁਰਜੀਤ ਸਿੰਘ ਅਬਲੋਵਾਲ ਚੇਅਰਮੈਨ ਪੰਜਾਬ ਟੂਰਿਜ਼ਮ ਕਾਰਪੋਰੇਸ਼ਨ, ਚਰਨਜੀਤ ਸਿੰਘ ਰੱਖੜਾ ਸੀਨੀਅਰ ਅਕਾਲੀ ਲੀਡਰ, ਮੁਹੰਮਦ ਇਸ਼ਫਾਕ, ਡਾਇਰੈਕਟਰ, ਸੈਨੀਟੇਸ਼ਨ, ਰਾਕੇਸ਼ ਸ਼ਰਮਾ, ਜ਼ਿਲਾ ਸੈਨੀਟੇਸ਼ਨ ਅਫ਼ਸਰ, ਪਟਿਆਲਾ ਅਤੇ ਏ.ਪੀ. ਗਰਗ, ਉਪ-ਮੰਡਲ ਇੰਜੀਨੀਅਰ ਹਾਜ਼ਰ ਸਨ। ਮੀਟਿੰਗ ਦੌਰਾਨ ਡਾ: ਨਿਪੁੰਨ ਵਿਨਾਇਕ ਨੂੰ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਭਾਰਤ ਸਰਕਾਰ ਦੇ ਸਹਿਯੋਗ ਨਾਲ ਪੰਜਾਬ ਨੂੰ 15 ਮਹੀਨੇ ਵਿੱਚ ਖੁਲੇ ਵਿੱਚ ਸ਼ੌਚ ਮੁਕਤ ਪ੍ਰਦੇਸ਼ ਕਰ ਦਿੱਤਾ ਜਾਵੇਗਾ। ਜਿਸ ਤੇ ਡਾ: ਨਿਪੁੰਨ ਵਿਨਾਇਕ ਨੇ ਪੂਰਾ ਸਹਿਯੋਗ ਦੇਣ ਦਾ ਭਰੌਸਾ ਦਿੱਤਾ ਅਤੇ ਪੰਜਾਬ ਸਰਕਾਰ ਦੇ ਪ੍ਰੋਗਰਾਮ ਤੇ ਪੂਰਨ ਸੰਤੁਸ਼ਟੀ ਜ਼ਾਹਿਰ ਕੀਤੀ।