ਖੰਨਾ, : ਖੰਨਾ ਦੇ ਕਸਬਾ ਬੀਜਾ ਕੋਲ ਨੈਸ਼ਨਲ ਹਾਈਵੇ ਦੇ ਉੱਪਰ ਬਣੇ ਲੋਹੇ ਦੇ ਪੁਲ ‘ਤੇ ਇੱਕ ਮੁਟਿਆਰ ਦੀ ਭੇਦਭਰੇ ਹਾਲਾਤਾਂ ‘ਚ ਅੱਗ ਨਾਲ ਸੜ ਕੇ ਮੌਤ ਹੋ ਗਈ। ਜਿੰਨੀ ਦੇਰ ਨੂੰ ਪੁਲਿਸ ਮੌਕੇ ‘ਤੇ ਪੁੱਜੀ, ਲੜਕੀ ਬੁਰੀ ਤਰ੍ਹਾਂ ਸੜ ਚੁੱਕੀ ਸੀ। ਲੜਕੀ ਦੇ ਪਿਤਾ ਦਾ ਕਹਿਣਾ ਹੈ ਕੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ। ਸੂਚਨਾ ਮਿਲਣ ‘ਤੇ ਡੀ.ਐਸ.ਪੀ ਰਾਜਨ ਪਰਮਿੰਦਰ ਤੇ ਥਾਣਾ ਸਦਰ ਮੁਖੀ ਹੇਮੰਤ ਕੁਮਾਰ ਪੁੱਜੇ। ਜਿਨ੍ਹਾਂ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਲੜਕੀ ਦੇ ਪਿਤਾ ਭਜਨ ਸਿੰਘ ਪਿੰਡ ਭੱਠਲ, ਦੋਰਾਹਾ ਨੇ ਦੱਸਿਆ ਕਿ ਉਸਦੀ ਲੜਕੀ ਦਾ ਨਾਮ ਮਨਪ੍ਰੀਤ ਕੌਰ ਹੈ, ਉਸਦੀ ਉਮਰ ਕਰੀਬ 31 ਸਾਲ ਦੀ ਸੀ। ਮਨਪ੍ਰੀਤ ਅੱਜ ਸਵੇਰੇ 7 ਵਜੇ ਰੁਜ਼ਗਾਰ ਦੀ ਭਾਲ ਵਿਚ ਘਰੋਂ ਨਿਕਲੀ ਸੀ। ਘਰ ਵਿਚ ਕਿਸੇ ਤਰ੍ਹਾਂ ਦੀ ਕੋਈ ਅਜਿਹੀ ਗੱਲ ਨਹੀਂ ਜਿਸ ਕਾਰਨ ਏਨਾ ਵੱਡਾ ਕਦਮ ਚੁੱਕਿਆ। ਓਥੇ ਹੀ ਪਿੰਡ ਦੇ ਨੰਬਰਦਾਰ ਬਚਿੱਤਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਦਾ ਪ੍ਰਸ਼ਾਸਨ ਵਲੋਂ ਸੂਚਨਾ ਦੇਣ ‘ਤੇ ਪਤਾ ਲੱਗਿਆ।
ਡੀ.ਐਸ.ਪੀ ਰਾਜਨ ਪਰਮਿੰਦਰ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਤੇ ਬਣੇ ਲੋਹੇ ਦੇ ਪੁਲ ‘ਤੇ ਇਕ ਮਨਪ੍ਰੀਤ ਨਾਮ ਦੀ ਲੜਕੀ ਨੂੰ ਅੱਗ ਲੱਗੀ ਹੋਈ ਸੀ ਜਿਸ ਨੂੰ ਥਾਣੇਦਾਰ ਨੇ ਮੌਕੇ ‘ਤੇ ਪੁੱਜ ਕੇ ਬੁਝਾਇਆ। ਉਨ੍ਹਾਂ ਕਿਹਾ ਕਿ ਹਰ ਪਹਿਲੂ ਤੋਂ ਜਾਂਚ ਕਰ ਕੇ ਕਾਰਵਾਈ ਕੀਤੀ ਜਾਵੇਗੀ।