ਲੁਧਿਆਣਾ, ਗੁਰੂ ਸਾਹਿਬਾਨ ਦੀਆਂ ਪਾਵਨ ਨਿਸ਼ਾਨੀਆਂ ਦੇ ਸੰਗਤਾਂ ਨੂੰ ਦਰਸ਼ਨ-ਦੀਦਾਰ ਕਰਵਾਉਣ ਲਈ ਚੱਲ ਰਹੀ ਧਾਰਮਿਕ ਯਾਤਰਾ ਦਾ ਲੁਧਿਆਣਾ ਵਿੱਚ ਪ੍ਰਵੇਸ਼ ਕਰਨ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਮੁੱਖ ਮੰਤਰੀ ਦੇ ਸਲਾਹਕਾਰ ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ, ਵਿਧਾਇਕਾਂ, ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਦੀ ਹਾਜ਼ਰੀ ਵਿੱਚ ਸੰਗਤ ਵੱਲੋਂ ਲਾਡੋਵਾਲ (ਜਲੰਧਰ ਸੜਕ) ਸਥਿਤ ਟੋਲ ਪਲਾਜ਼ਾ ਵਿਖੇ ਸ਼ਾਹਾਨਾ ਸਵਾਗਤ ਕੀਤਾ।
ਯਾਤਰਾ ਦੀ ਅੱਜ ਦੇ ਦਿਨ ਦੀ ਸ਼ੁਰੂਆਤ ਜਲੰਧਰ ਦੇ ਕਸਬਾ ਗੁਰਾਇਆ ਤੋਂ ਹੋਈ ਸੀ, ਸੰਗਤ ਵਿੱਚ ਧਾਰਮਿਕ ਨਿਸ਼ਾਨੀਆਂ ਦੇ ਦਰਸ਼ਨ ਕਰਨ ਪ੍ਰਤੀ ਉਤਸ਼ਾਹ ਸੀ ਕਿ ਕੁਝ ਕਿਲੋਮੀਟਰ ਦੀ ਦੂਰੀ ਤੈਅ ਕਰਨ ਲਈ ਘੰਟਿਆਂਬੱਧੀ ਸਮਾਂ ਲੱਗਾ। ਜਿਸ ਕਾਰਨ ਇਹ ਯਾਤਰਾ ਆਪਣੇ ਮਿਥੇ ਸਮੇਂ ਤੋਂ ਕਾਫੀ ਦੇਰੀ ਨਾਲ ਲੁਧਿਆਣਾ ਵਿਖੇ ਪੁੱਜੀ। ਟੋਲ ਪਲਾਜ਼ਾ ਰਾਹੀਂ ਲੁਧਿਆਣਾ ਵਿੱਚ ਪ੍ਰਵੇਸ਼ ਕਰਨ ‘ਤੇ ਜਥੇਦਾਰ ਅਵਤਾਰ ਸਿੰਘ, ਮੁੱਖ ਮੰਤਰੀ ਦੇ ਸਲਾਹਕਾਰ ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ, ਸ੍ਰ. ਮਨਪ੍ਰੀਤ ਸਿੰਘ ਇਯਾਲੀ, ਸ੍ਰੀ ਐੱਸ. ਆਰ. ਕਲੇਰ, ਸ੍ਰ. ਦਰਸ਼ਨ ਸਿੰਘ ਸ਼ਿਵਾਲਿਕ, ਸ੍ਰ. ਰਣਜੀਤ ਸਿੰਘ ਢਿੱਲੋਂ (ਸਾਰੇ ਵਿਧਾਇਕ), ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਠੇਕੇਦਾਰ ਕੰਵਲਇੰਦਰ ਸਿੰਘ, ਸ੍ਰ. ਚਰਨ ਸਿੰਘ ਆਲਮਗੀਰ, ਜਥੇਦਾਰ ਹਰਪਾਲ ਸਿੰਘ ਤੇ ਜਥੇਦਾਰ ਕੇਵਲ ਸਿੰਘ ਬਾਦਲ, ਐੱਸ. ਡੀ. ਐੱਮ. ਕੁਲਜੀਤ ਪਾਲ ਸਿੰਘ ਮਾਹੀ, ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ) ਦੇ ਪ੍ਰਧਾਨ ਹਰਭਜਨ ਸਿੰਘ ਡੰਗ ਤੇ ਮਦਨ ਲਾਲ ਬੱਗਾ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਨੇ ਯਾਤਰਾ ਦਾ ਪੰਜ ਪਿਆਰਿਆਂ ਦੇ ਹਾਰ ਪਾ ਕੇ ਸਵਾਗਤ ਕੀਤਾ। ਲੁਧਿਆਣਾ ਪੁਲਿਸ ਵੱਲੋਂ ਕਮਿਸ਼ਨਰ ਪ੍ਰੋਮੋਦ ਬਾਨ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ।
ਇਸ ਮੌਕੇ ਵੱਖ-ਵੱਖ ਥਾਵਾਂ ਤੋਂ ਪੁੱਜੇ ਗੱਤਕੇਬਾਜ਼ਾਂ ਨੇ ਆਪਣੇ ਜ਼ੌਹਰ ਵਿਖਾ ਕੇ ਸੰਗਤ ਨੂੰ ਨਿਹਾਲ ਕੀਤਾ। ਸ਼ਹਿਰ ਲੁਧਿਆਣਾ ਵਿੱਚ ਪ੍ਰਵੇਸ਼ ਕਰਨ ਸਾਰ ਹੀ ਥਾਂ-ਥਾਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਪੁੱਜ ਕੇ ਗੁਰੂ ਸਾਹਿਬਾਨ ਨਾਲ ਸਬੰਧਤ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕੀਤੇ। ਇਸ ਮੌਕੇ ਉਮੜੀ ਭਾਰੀ ਗਿਣਤੀ ਵਿੱਚ ਸੰਗਤ ਨੂੰ ਦਰਸ਼ਨ ਕਰਾਉਣ ਲਈ ਯਾਤਰਾ ਨੂੰ ਲੰਮਾ ਸਮਾਂ ਇਥੇ ਰੁਕਣਾ ਪਿਆ। ਉਤਸ਼ਾਹ ਨਾਲ ਉਡੀਕ ਵਿੱਚ ਇਕੱਠੀਆਂ ਸੰਗਤਾਂ ਵੱਲੋਂ ਰਸਤੇ ਵਿੱਚ ਪਵਿੱਤਰਤਾ ਦੇ ਪ੍ਰਤੀਕ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ। ਸੰਗਤਾਂ ਵੱਲੋਂ ਸ਼ਰਧਾ ਵੱਜੋਂ ਥਾਂ-ਥਾਂ ਠੰਡੇ ਜਲ ਦੀਆਂ ਛਬੀਲਾਂ ਅਤੇ ਲੰਗਰ ਲਗਾਏ ਹੋਏ ਸਨ। ਜ਼ਿਕਰਯੋਗ ਹੈ ਕਿ ਇਸ ਧਾਰਮਿਕ ਯਾਤਰਾ ਵਿੱਚ ਦਿਖਾਈਆਂ ਜਾ ਰਹੀਆਂ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਨੂੰ ਦੇਖਣ ਪ੍ਰਤੀ ਸੰਗਤ ਵਿੱਚ ਵੱਡਾ ਉਤਸ਼ਾਹ ਸੀ।
d