ਪਟਿਆਲਾ,: ਪੰਜਾਬ ਊਰਜਾ ਵਿਕਾਸ ਏਜੰਸੀ ਵੱਲੋਂ ਕਿਸਾਨਾਂ ਲਈ ਸੋਲਰ ਪਾਵਰ ਸਕੀਮ ਸਬੰਧੀ ਇੱਕ ਜਾਗਰੂਕਤਾ ਕੈਂਪ ਪਰਭਾਤ ਪਰਵਾਨਾ ਭਵਨ, ਬਾਰਾਂਦਰੀ ਗਾਰਡਨ ਪਟਿਆਲਾ ਵਿਖੇ ਲਗਾਇਆ ਗਿਆ। ਇਸ ਕੈਂਪ ਵਿੱਚ 80 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ ਅਤੇ ਕੈਂਪ ਦੌਰਾਨ ਪੇਡਾ ਚੰਡੀਗੜ੍ਹ ਦੇ ਸੀਨੀਅਰ ਮੈਨੇਜਰ ਸ. ਬਲਕਾਰ ਸਿੰਘ ਅਤੇ ਪੇਡਾ ਦੇ ਜ਼ਿਲ੍ਹਾ ਮੈਨੇਜਰ ਸ. ਗੁਰਮੀਤ ਸਿੰਘ ਵੱਲੋਂ ਵਿਭਾਗੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਸ਼੍ਰੀ ਸੀ.ਆਰ.ਠਾਕੁਰ ਮੈਨੇਜਰ ਪੇਡਾ ਵੱਲੋਂ ਵੀ ਕਿਸਾਨਾ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ।
ਸ. ਗੁਰਮੀਤ ਸਿੰਘ ਨੇ ਦੱਸਿਆ ਕਿ ਕਿਸਾਨ ਆਪਣੀ ਜਮੀਨ ‘ਤੇ ਘੱਟੋ ਘੱਟ ਇੱਕ ਮੈਗਾਵਾਟ ਅਤੇ ਵੱਧ ਤੋਂ ਵੱਧ 2.50 ਮੈਗਾਵਾਟ ਦਾ ਪਲਾਂਟ ਲਗਾ ਸਕਦੇ ਹਨ ਅਤੇ ਇੱਕ ਮੈਗਾਵਾਟ ਲਈ 5 ਏਕੜ ਜਮੀਨ ਚਾਹੀਦੀ ਹੈ। ਪਲਾਂਟ ਤੋਂ ਬਿਜਲੀ ਦਾ ਖਰੀਦ ਐਗਰੀਮੈਂਟ 25 ਸਾਲਾਂ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨਾਲ ਹੋਵੇਗਾ। ਇਸ ਕੈਂਪ ਵਿੱਚ ਅਕਸ਼ੈ ਉਰਜਾ ਦੇ ਮਾਲਕ ਸ਼੍ਰੀ ਸੈਲੇਸ ਜਿੰਦਲ ਨੇ ਸੋਲਰ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ।