ਬੁਢਲਾਡਾ : ਸ਼ੋਮਣੀ ਅਕਾਲੀ ਦਲ ਦੀ 100 ਸਾਲ ਪਹਿਲਾਂ ਸਥਾਪਨਾ ਪੰਜਾਬ ਦੀ ਸਿਆਸੀ ਵਿਰਾਸਤ ਦੀ ਪਹਿਰੇਦਾਰੀ ਲਈ ਕੀਤੀ ਸੀ ਨਾ ਕਿ ਵਪਾਰਕ ਕੰਪਨੀਆਂ ਖੜੀਆਂ ਕਰਨ ਲਈ ਪਾਰਟੀ ਹੋਂਦ ਚ ਆਈ ਸੀ। ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ ਦੀ ਸੌ ਸਾਲਾ ਸ਼ਤਾਬਦੀ ਮਨਾਉਣ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਇਸ ਇਤਿਹਾਸਕ ਮੌਕੇ ਅਕਾਲੀ ਦਲ ਦੇ ਸ਼ੰਘਰਸ਼ਾਂ ਅਤੇ ਪ੍ਰਾਪਤੀਆਂ ਦਾ ਲੇਖਾ-ਜ਼ੋਖਾ ਸਮੂਹ ਪੰਜਾਬੀਆਂ ਵਿਸ਼ੇਸ਼ ਕਰਕੇ ਨੌਜਵਾਨਾਂ ਅੱਗੇ ਜਰੂਰ ਰੱਖਿਆ ਜਾਵੇਗਾ। ਸੁਖਬੀਰ ਬਾਦਲ ਨੇ ਆਪਣੇ ਬਿਜ਼ਨਸ ਅਤੇ ਪਤਨੀ ਦੇ ਕੁਰਸੀ ਮੋਹ ਚ ਫਸਕੇ ਪਾਰਟੀ ਨੂੰ ਮਾਫੀਆ ਸਿਆਸਤ ਦੇ ਹਵਾਲੇ ਕਰਕੇ ਪੰਜਾਬ ਅਤੇ ਅਕਾਲੀ ਦਲ ਦਾ ਵੱਡਾ ਨੁਕਸਾਨ ਕੀਤਾ ਹੈ। ਸ੍ਰ ਢੀਂਡਸਾ ਨੇ ਕਿਹਾ ਅਕਾਲੀ ਦਲ ਚ 40-40 ਸਾਲ ਤੱਕ ਸਖਤ ਮਿਹਨਤ ਕਰਨ ਵਾਲੇ ਸੀਨੀਅਰ ਟਕਸਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ,ਪ੍ਰੇਮ ਸਿੰਘ ਲਾਲਪੁਰਾ,ਬਲਵੰਤ ਸਿੰਘ ਰਾਮੂਵਾਲੀਆ,ਰਣਜੀਤ ਸਿੰਘ ਬ੍ਰਹਮਪੁਰਾ,ਸੇਵਾ ਸਿੰਘ ਸੇਖਵਾਂ,ਡਾ ਰਤਨ ਸਿੰਘ ਅਜਨਾਲਾ ਆਦਿ ਸਮੇਤ ਹੋਰ ਦਰਜਨਾਂ ਨੇਤਾਵਾਂ ਨੂੰ ਸੁਖਬੀਰ ਨੇ ਮਾਫੀਆ ਸਿਆਸਤ ਰਾਹੀਂ ਪਾਰਟੀ ਦੀ ਵਿਰਾਸਤ ਤੋਂ ਲਾਂਭੇ ਕਰਨ ਦੀ ਕੋਝੀ ਸਾਜ਼ਿਸ਼ ਰਚੀ ਪਰ ਸਫਲਤਾ ਨਹੀਂ ਮਿਲੀ। ਸੁਖਬੀਰ ਦੀ ਅਗਵਾਈ ਚ ਅਕਾਲੀ ਦਲ ਤੀਸਰੇ ਦਰਜੇ ਦੀ ਪਾਰਟੀ ਬਣਕੇ ਰਹਿ ਗਿਆ ਹੈ ਜਿਸ ਉੱਤੇ ਕੇਵਲ ਦੋ ਬੰਦਿਆਂ ਨੇ ਕਬਜ਼ਾ ਕਰ ਰੱਖਿਆ ਹੈ। ਮਾਫੀਆ ਸਿਆਸਤ ਤੋਂ ਦੁਖੀ ਅਤੇ ਨਿਰਾਸ਼ ਹੋਕੇ ਹਜ਼ਾਰਾਂ ਟਕਸਾਲੀ ਨੇਤਾ ਤੇ ਵਰਕਰ ਘਰਾਂ ਚ ਬੈਠਣ ਲਈ ਮਜ਼ਬੂਰ ਹੋ ਗਏ ਹਨ । ਉਨ੍ਹਾਂ ਕਿਹਾ ਪੰਜਾਬੀਆਂ ਨੂੰ ਸਿਆਸੀ ਖੇਤਰ ਚ ਕਦਾਚਿਤ ਨਿਰਾਸ਼ ਨਹੀਂ ਹੋਣ ਦਿੱਤਾ ਜਾਵੇਗਾ,ਸਭ ਵਰਗਾਂ ਨਾਲ ਮਿਲਕੇ ਪੰਜਾਬ ਦੀ ਵਿਰਾਸਤ ਦੇ ਵਾਰਿਸ ਸ਼ੋਮਣੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇਗਾ। ਢੀਂਡਸਾ ਨੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਹੈ ਉਹ ਸੁਖਬੀਰ ਬਾਦਲ ਦੇ ਸਿਆਸੀ ਗੈਂਗ ਨੂੰ ਅੱਖੋਂ ਉਹਲੇ ਕਰਕੇ ਆਪਣੀ ਸਾਂਝ ਅਕਾਲੀ ਦਲ ਦੇ ਮੋਰਚਿਆਂ ਅਤੇ ਹੋਰ ਸ਼ੰਘਰਸ਼ਾਂ ਦੇ ਇਤਿਹਾਸ ਨਾਲ ਜਰੂਰ ਇੱਕ ਵਾਰ ਪਾਉਣ ਤਾਂ ਜੋ ਤੁਹਾਨੂੰ ਸਚਾਈ ਪਤਾ ਲੱਗ ਸਕੇ ਤੁਸੀਂ ਕਿਸ ਸਿਆਸੀ ਵਿਰਾਸਤ ਦੇ ਮਾਲਕ ਹੋਂ। ਅਜੋਕੇ ਦੌਰ ਚ ਪੰਜਾਬ ਸਾਹਮਣੇ ਮੁੱਖ ਸਵਾਲ ਸੱਤਾ ਉੱਤੇ ਕਾਬਜ਼ ਹੋਣ ਦਾ ਨਹੀਂ ਬਲਕਿ ਸੂਬੇ ਦੀ ਇਤਿਹਾਸਕ ਸਿਆਸੀ ਵਿਰਾਸਤ,ਭਾਈਚਾਰਕ ਸਾਂਝ,ਖੇਤੀਬਾੜੀ ਅਤੇ ਕੁਦਰਤੀ ਸ੍ਰੋਤਾਂ ਨੂੰ ਮਾਫੀਆ ਤੋਂ ਬਚਾਉਣਾ ਪੰਜਾਬੀਆਂ ਲਈ ਵੱਡੀ ਚੁਨੌਤੀ ਬਣਿਆ ਹੋਇਆ ਹੈ। ਢੀਂਡਸਾ ਨੇ ਕਿਹਾ ਪੰਜਾਬੀਆਂ ਵੱਲੋਂ ਮਿਲੇ ਪਿਆਰ ਤੇ ਤਾਕਤ ਸਦਕਾ ਹੀ ਅਸੀਂ ਇਸ ਚੁਨੌਤੀ ਨੂੰ ਸਵੀਕਾਰਿਆ ਹੈ। ਇਤਿਹਾਸ ਗਵਾਹ ਹੈ ਪੰਜਾਬੀ ਹਰ ਚੁਨੌਤੀ ਵਿਰੁੱਧ ਲੜਨ ਦੇ ਸਮਰੱਥ ਹਨ ਜਿਸ ਕਰਕੇ ਸੁਖਬੀਰ ਦੀ ਮਾਫੀਆ ਸਿਆਸਤ ਵੀ ਪੰਜਾਬੀਆਂ ਅੱਗੇ ਟਿਕ ਨਹੀਂ ਸਕੇਗੀ। ਸ਼ੋਮਣੀ ਅਕਾਲੀ ਦਲ ਪੰਜਾਬੀਆਂ ਨੂੰ ਨਾਲ ਲੈਕੇ ਪੰਜਾਬ ਦੇ ਹੱਕਾਂ ਅਤੇ ਮਾਫੀਆ ਸਿਆਸਤ ਵਿਰੁੱਧ ਲੜਾਈ ਲੜੇਗਾ। ਇਸ ਮੌਕੇ ਤੇ ਸਾਬਕਾ ਵਿੱਤ ਮੰਤਰੀ ਢੀਡਸਾ ਦੀ ਹਾਜ਼ਰੀ ਵਿੱਚ ਹਲਕੇ ਦੇ ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ ਦੇ ਸਪੁੱਤਰ ਵਿਕਰਮਜੀਤ ਸਿੰਘ ਅਤੇ ਉਨ੍ਹਾਂ ਦਾ ਭਤੀਜਾ ਸੁਖਮਨਦੀਪ ਸਿੰਘ ਡਿੰਪੀ, ਹੰਸਾ ਸਿੰਘ ਬੀ ਈ ਓ, ਰਮੇਸ਼ ਕੁਮਾਰ ਮੰਡੇਰ, ਜ਼ਸਵਿੰਦਰ ਸਿੰਘ ਨੰਬਰਦਾਰ, ਬੂਟਾ ਸਿੰਘ ਕੁਲਾਣਾਂ, ਨਰੰਜਣ ਸਿੰਘ ਦਿਆਲਪੁਰਾ ਆਦਿ ਨੇ ਸ੍ਰੋਮਣੀ ਅਕਾਲੀ ਦਲ (ਡੀ) ਵਿੱਚ ਸ਼ਾਂਮਿਲ ਹੋਣ ਦਾ ਐਲਾਨ ਕਰਦਿਆਂ ਸਿਰੋਪੇ ਭੇਂਟ ਕੀਤੇ ਗਏ। ਇਸ ਮੌਕੇ ਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਸ੍ਰੋਮਣੀ ਕਮੇਟੀ ਮੇਂਬਰ ਮਿੱਠੂ ਸਿੰਘ ਕਾਹਨੇਕੇ, ਮਨਜੀਤ ਸਿੰਘ ਬੱਪੀਆਣਾ, ਆਦਿ ਹਾਜ਼ਰ ਸਨ