ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਇੱਕ ਵਾਰ ਫਿਰ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੋਜੋ ਜੌਹਲ ਖ਼ਿਲਾਫ਼ ਮੋਰਚਾ ਖੋਲ੍ਹਦੇ ਹੋਏ ਸਰਕਾਰੀ ਕੰਮ ਵਿੱਚ ਕਰੀਬ ਤਿੰਨ ਸੌ ਕਰੋੜ ਰੁਪਏ ਦੀ ਕਥਿਤ ਘਪਲੇਬਾਜ਼ੀ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਨੇ 5 ਜ਼ਿਲ੍ਹਿਆਂ ਵਿੱਚ ਸਰਕਾਰੀ ਕੰਮ ਆਪਣੇ ਨਿੱਜੀ ਡਰਾਈਵਰ ਨੂੰ 119 ਫ਼ੀਸਦੀ ਵਾਧੇ ਦੇ ਰੇਟ ਨਾਲ ਦਿਵਾਏ ਹਨ, ਜਦੋਂ ਕਿ ਬਾਕੀ ਠੇਕੇਦਾਰ ਬੇਸਿਕ ਰੇਟ ਤੇ ਕੰਮ ਕਰਨ ਲਈ ਤਿਆਰ ਸਨ। ਇਨ੍ਹਾਂ ਕੰਮਾਂ ਵਿੱਚ ਦੋ ਹੋਰ ਨਿੱਜੀ ਕੰਪਨੀਆਂ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿੱਚ ਲਿਆ ਕੇ ਪੰਜਾਬ ਪੱਧਰ ਉਤੇ ਉਠਾਇਆ ਜਾਵੇਗਾ, ਕਿਉਂਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਕਥਿਤ ਪੁਸ਼ਤਪਨਾਹੀ ਹੇਠ ਸਰਕਾਰ ਨੂੰ ਕਰੀਬ ਤਿੰਨ ਸੌ ਕਰੋੜ ਦਾ ਚੂਨਾ ਲਾਇਆ ਗਿਆ ਹੈ। ਉਨ੍ਹਾਂ ਇਹ ਵੀ ਦੋਸ਼ ਲਾਏ ਕਿ ਸਰਕਾਰੀ ਕੰਮ ਲਈ ਕਰੀਬ 26 ਠੇਕੇਦਾਰਾਂ ਵੱਲੋਂ ਫਾਰਮ ਭਰੇ ਗਏ ਸਨ ਪ੍ਰੰਤੂ ਬੇਵਜ੍ਹਾ ਸ਼ਰਤਾਂ ਬਣਾ ਕੇ 22 ਠੇਕੇਦਾਰਾਂ ਦੇ ਫਾਰਮ ਹੀ ਰੱਦ ਕਰ ਦਿੱਤੇ ਗਏ ਤਾਂ ਜੋ ਉਹ ਠੇਕੇਦਾਰੀ ਹੀ ਨਾ ਕਰ ਸਕਣ, ਜੋ ਸ਼ਰੇਆਮ ਧੱਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਠਿੰਡਾ ਸ਼ਹਿਰ ਵਿੱਚ ਜੂਆਖਾਨਾ, ਸੱਟਾ, ਨਾਜਾਇਜ਼ ਸ਼ਰਾਬ, ਨਾਜਾਇਜ਼ ਉਸਾਰੀਆਂ ਸਮੇਤ ਦੋ ਨੰਬਰ ਦੇ ਕੰਮ ਜੋਜੋ ਦੀ ਪੁਸ਼ਤਪਨਾਹੀ ਹੇਠ ਚੱਲ ਰਹੇ ਹਨ ਅਤੇ ਪੁਲਿਸ ਵੀ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ। ਇਸ ਮਾਮਲੇ ਵੱਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਧਿਆਨ ਦੇਣ ਦੀ ਲੋੜ ਹੈ।