ਕਰਫਿਊ ਤੋਂ ਬਿਨ੍ਹਾਂ ਵਾਲੇ ਦਿਨਾਂ ਦੌਰਾਨ ਸ਼ਹਿਰਾਂ ਦੀਆਂ ਮਿਊਂਸੀਪਲ ਹੱਦਾਂ ਅੰਦਰ ਗ਼ੈਰ ਜ਼ਰੂਰੀ ਵਸਤਾਂ ਦੀਆਂ ਸਿਰਫ਼ 50 ਫ਼ੀਸਦੀ ਦੁਕਾਨਾਂ ਹੀ ਖੁੱਲ੍ਹਣਗੀਆਂ
ਪਟਿਆਲਾ, ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਅੱਜ ਸ਼ਾਮ ਹੁਕਮ ਜਾਰੀ ਕਰਦਿਆ ਨਗਰ ਨਿਗਮ ਪਟਿਆਲਾ ਅਤੇ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਵਾਲੇ ਸ਼ਹਿਰਾਂ ਦੀ ਹਦੂਦ ਅੰਦਰ ਸ਼ਨੀਵਾਰ ਅਤੇ ਐਤਵਾਰ ਨੂੰ ਅਗਲੇ ਹੁਕਮਾਂ ਤੱਕ ਮੁਕੰਮਲ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਹੁਕਮਾਂ ਮੁਤਾਬਕ ਨਗਰ ਨਿਗਮ ਪਟਿਆਲਾ ਅਤੇ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਵਾਲੇ ਸ਼ਹਿਰਾਂ ਦੀ ਹਦੂਦ ‘ਚ ਲਾਗੂ ਰਾਤ ਦੇ ਕਰਫਿਊ ਦੇ ਸਮੇਂ ‘ਚ ਤਬਦੀਲੀ ਕਰਦਿਆ ਹੁਣ ਰਾਤ ਦਾ ਕਰਫਿਊ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰੱਖਣ ਦੇ ਆਦੇਸ਼ ਕੀਤੇ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਲੇ ਆਦੇਸ਼ਾਂ ਤਹਿਤ ਜਾਰੀ ਹੁਕਮਾਂ ‘ਚ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਹੈ ਕਿ ਸਾਰੀਆਂ ਦੁਕਾਨਾਂ ਅਤੇ ਮਾਲ ਸੋਮਵਾਰ ਤੋਂ ਸ਼ੁਕਰਵਾਰ ਤੱਕ ਸ਼ਾਮ 6:30 ਵਜੇ ਤੱਕ ਖੋਲੇ ਜਾ ਸਕਣਗੇ ਜਦੋਂਕਿ ਸ਼ਨੀਵਾਰ ਅਤੇ ਐਤਵਾਰ ਨੂੰ ਇਹ ਬੰਦ ਰਹਿਣਗੇ। ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਸ਼ਨੀਵਾਰ ਅਤੇ ਐਤਵਾਰ ਵੀ ਖੁੱਲ ਸਕਣਗੀਆਂ। ਇਸ ਤਰ੍ਹਾਂ ਪਟਿਆਲਾ ਵਿਖੇ ਰੋਜ਼ਾਨਾ ਗੈਰ ਜ਼ਰੂਰੀ ਵਸਤਾਂ ਵਾਲੀਆਂ ਸਿਰਫ 50 ਫੀਸਦੀ ਦੁਕਾਨਾਂ ਹੀ ਖੋਲ੍ਹੀਆ ਜਾ ਸਕਣਗੀਆਂ।
ਇਸੇ ਤਰ੍ਹਾਂ ਧਾਰਮਿਕ ਸਥਾਨ, ਸਪੋਰਟਸ ਤੇ ਪਬਲਿਕ ਕੰਪਲੈਕਸ, ਰੈਸਟੋਰੈਂਟ ਅਤੇ ਸ਼ਰਾਬ ਦੇ ਠੇਕੇ ਰੋਜ਼ਾਨਾ ਸ਼ਾਮ 6:30 ਵਜੇ ਤੱਕ ਖੋਲ੍ਹੇ ਜਾ ਸਕਣਗੇ ਪਰੰਤੂ ਹੋਟਲ 24 ਘੰਟੇ ਖੁੱਲ੍ਹੇ ਰੱਖੇ ਜਾ ਸਕਣਗੇ।
ਇਸੇ ਤਰ੍ਹਾਂ ਕਰਫਿਊ ਦੌਰਾਨ ਜ਼ਰੂਰੀ ਸੇਵਾਵਾਂ, ਸਿਹਤ, ਖੇਤੀਬਾੜੀ, ਡੇਅਰੀ ਫਾਰਮ ਤੇ ਮੱਛੀ ਪਾਲਣ ਸਬੰਧੀ ਗਤੀਵਿਧੀਆਂ, ਬੈਕ, ਏ.ਟੀ.ਐਮਜ., ਸਟਾਕ ਮਾਰਕੀਟ, ਬੀਮਾਂ ਕੰਪਨੀਆਂ, ਆਨ ਲਾਈਨ ਸਿੱਖਿਆ, ਉਸਾਰੀ ਸਨਅਤ, ਪ੍ਰਾਈਵੇਟ ਅਤੇ ਸਰਕਾਰੀ ਦਫ਼ਤਰਾਂ ਸਮੇਤ ਪ੍ਰਿੰਟ ਅਤੇ ਇਲੈਕਟਰੋਨਿਕ ਮੀਡੀਆ ਨੂੰ ਛੋਟ ਹੋਵੇਗੀ।
ਹਾਲਾਂਕਿ, ਬਹੁਤ ਸਾਰੀਆਂ ਗਤੀਵਿਧੀਆਂ ਜਿਵੇਂ ਮਲਟੀਪਲ ਸ਼ਿਫਟਾਂ, ਰਾਸ਼ਟਰੀ ਅਤੇ ਰਾਜ ਮਾਰਗਾਂ ‘ਤੇ ਵਿਅਕਤੀਆਂ ਅਤੇ ਚੀਜ਼ਾਂ ਦੀ ਆਵਾਜਾਈ ਅਤੇ ਬੱਸਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਤੋਂ ਉਤਰਨ ਤੋਂ ਬਾਅਦ ਮਾਲ-ਮਾਲ ਨੂੰ ਉਤਾਰਨ ਅਤੇ ਵਿਅਕਤੀਆਂ ਨੂੰ ਆਪੋ ਆਪਣੇ ਸਥਾਨਾਂ ‘ਤੇ ਜਾਣ ਸਮੇਤ ਜ਼ਰੂਰੀ ਕੰਮਾਂ ਦੀ ਆਗਿਆ ਹੋਵੇਗੀ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਹੈ ਕਿ 31 ਅਗਸਤ ਤੱਕ ਸਿਰਫ ਵਿਆਹ ਤੇ ਅੰਤਿਮ ਸੰਸਕਾਰ ਦੀਆਂ ਰਸਮਾਂ ਨੂੰ ਛੱਡ ਕੇ ਜ਼ਿਲ੍ਹੇ ਭਰ ਵਿੱਚ ਸੀ.ਆਰ.ਪੀ.ਸੀ. ਦੀ ਧਾਰਾ 144 ਤਹਿਤ ਹਰ ਤਰ੍ਹਾਂ ਦੇ ਇਕੱਠਾਂ ਉਤੇ ਪਾਬੰਦੀ ਹੋਵੇਗੀ ਅਤੇ ਇਸ ਮਹੀਨੇ ਦੇ ਅੰਤ ਤੱਕ ਸਾਰੇ ਸਰਕਾਰੀ ਤੇ ਪ੍ਰਾਈਵੇਟ ਦਫ਼ਤਰ ਕੇਵਲ 50 ਫੀਸਦੀ ਸਟਾਫ ਨਾਲ ਖੁੱਲ੍ਹਣਗੇ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਬੱਸਾਂ ਤੇ ਹੋਰ ਜਨਤਕ ਆਵਾਜਾਈ ਦੇ ਸਾਧਨਾਂ ਨੂੰ 50 ਫੀਸਦੀ ਸਮਰੱਥਾ ਅਤੇ ਨਿੱਜੀ ਚਾਰ ਪਹੀਆ ਵਾਹਨ ਨੂੰ ਪ੍ਰਤੀ ਵਾਹਨ ਤਿੰਨ ਸਵਾਰੀਆਂ ਨਾਲ ਚਲਾਉਣ ਦੀ ਆਗਿਆ ਹੋਵੇਗੀ। ਕਿਸੇ ਵੀ ਨਿੱਜੀ ਵਾਹਨ ਵਿੱਚ ਤਿੰਨ ਤੋਂ ਵੱਧ ਸਵਾਰੀਆਂ ਨਹੀਂ ਬੈਠਣੀਆਂ ਚਾਹੀਦੀਆਂ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।
ਸ੍ਰੀ ਕੁਮਾਰ ਅਮਿਤ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਵਿਰੁੱਧ ਜੰਗ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਣ ਲਈ ਜਰੂਰੀ ਇਹਤਿਆਤ ਵਰਤਣ ਅਤੇ ਮਾਸਕ ਪਾ ਕੇ ਰੱਖਿਆ ਜਾਵੇ, ਦੋ ਗਜ਼ ਦੀ ਦੂਰੀ ਸਮੇਤ ਗ਼ੈਰ ਜਰੂਰੀ ਆਵਾਜਾਈ ਤੋਂ ਗੁਰੇਜ਼ ਕੀਤਾ ਜਾਵੇ।
ਕਿਹੜੇ ਦਿਨ ਕੀ ਖੁਲ੍ਹਾ ਰਹੇਗਾ
ਸ਼ਾਪਿੰਗ ਮਾਲ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6:30 ਵਜੇ ਤੱਕ ਖੁੱਲ ਸਕਣਗੇ ਇਸੇ ਤਰ੍ਹਾਂ ਜ਼ਰੂਰੀ ਸਮਾਨ ਦੀਆਂ ਦੁਕਾਨਾਂ/ਮਾਲ ਰੋਜ਼ਾਨਾ 6:30 ਵਜੇ ਤੱਕ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ ਧਾਰਮਿਕ ਸਥਾਨ ਸਪੋਰਟਸ ਕੰਪਲੈਕਸ, ਪਬਲਿਕ ਕੰਪਲੈਕਸ, ਰੈਸਟੋਰੈਂਟ, ਸ਼ਰਾਬ ਦੇ ਠੇਕੇ, ਮਠਿਆਈ ਦੀਆਂ ਦੁਕਾਨਾਂ, ਬੇਕਰੀ, ਜੂਸ ਬਾਰ, ਆਈਸ ਕਰੀਮ, ਮੀਟ ਦੀਆਂ ਦੁਕਾਨਾਂ, ਫਲ ਅਤੇ ਸਬਜ਼ੀਆਂ, ਦੁੱਧ ਅਤੇ ਡੇਅਰੀ ਦੀਆਂ ਦੁਕਾਨਾਂ, ਮੈਡੀਕਲ ਸਟੋਰ, ਗਰੋਸਰੀ, ਫੋਟੋ ਸਟੇਟ, ਆਟੋ ਗੇਰਾਆਜ, ਸਪੇਅਰ ਪਾਰਟ ਅਤੇ ਧਰਮਕੰਡਾ ਰੋਜ਼ਾਨਾ ਸ਼ਾਮ 6:30 ਵਜੇ ਤੱਕ ਖੋਲ੍ਹੇ ਜਾ ਸਕਣਗੇ ਅਤੇ ਹੋਟਲ ਤੇ ਪਟਰੋਲ ਪੰਪ 24 ਘੰਟੇ ਖੁੱਲ੍ਹੇ ਰੱਖੇ ਜਾ ਸਕਦੇ ਹਨ।
ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ‘ਚ ਕਿਹਾ ਗਿਆ ਹੈ ਕਿ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਮੋਬਾਇਲ ਦੀਆਂ ਦੁਕਾਨਾਂ, ਹਾਰਡਵੇਅਰ/ਪੇਟ, ਸੈਨੇਟਰੀ, ਲੋਹੇ ਤੇ ਸਟੀਲ ਦੀਆਂ ਦੁਕਾਨਾਂ, ਸਾਈਕਲ ਵੇਚਣ ਅਤੇ ਰਿਪੇਅਰ ਦੀਆਂ ਦੁਕਾਨਾਂ, ਬਿਜਲੀ ਦੇ ਸਮਾਨ ਦੀਆਂ ਦੁਕਾਨਾਂ, ਭਾਂਡਿਆਂ, ਬਿਊਟੀ ਪਾਰਲਰ, ਨਾਈ ਦੀਆਂ ਦੁਕਾਨਾਂ ਅਤੇ ਆਟੋਮੋਬਾਇਲ ਦੀਆਂ ਦੁਕਾਨਾਂ ਖੁੱਲ੍ਹ ਸਕਣਗੀਆਂ ਅਤੇ ਸੋਮਵਾਰ, ਮੰਗਲਵਾਰ ਅਤੇ ਵੀਰਵਾਰ ਨੂੰ ਰੈਡੀਮੇਡ ਗਾਰਮੈਂਟਸ, ਕੱਪੜਿਆਂ, ਸਾੜੀਆਂ ਅਤੇ ਹੈਡਲੂਮ ਸਮੇਤ ਜੁੱਤਿਆਂ ਅਤੇ ਪ੍ਰਿੰਟਿੰਗ ਪ੍ਰੈਸ ਅਤੇ ਫਲੈਕਸ ਪ੍ਰਿੰਟਿੰਗ, ਅਤੇ ਆਈ.ਟੀ. ਨਾਲ ਸਬੰਧਤ ਸੇਵਾਵਾਂ ਦੇਣ ਵਾਲੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ।
ਇਸ ਤਰ੍ਹਾਂ ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਐਨਕਾਂ, ਕਿਤਾਬਾਂ, ਸਟੇਸ਼ਨਰੀ, ਸਟੈਪਾਂ, ਫ਼ੋਟੋਗ੍ਰਾਫਰਾਂ, ਫਰਨੀਚਰ, ਸੂਟਕੇਸ ਦੀਆਂ ਦੁਕਾਨਾਂ ਸਮੇਤ ਗਹਿਣਿਆਂ ਦੀਆਂ ਦੁਕਾਨਾਂ ਖੁੱਲੀਆਂ ਰੱਖੀਆਂ ਜਾ ਸਕਦੀਆਂ ਹਨ ਅਤੇ ਮੰਗਲਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਦਰਜ਼ੀ, ਕਾਸਮੇਟਿਕ, ਘੜੀਆਂ ਦੀ ਦੁਕਾਨਾਂ, ਜਨਰਲ ਸਟੋਰ, ਗਿਫ਼ਟ ਸ਼ਾਪ, ਡਰਾਈ ਕਲੀਨਰ ਅਤੇ ਲਲਾਰੀ ਦੀਆਂ ਦੁਕਾਨਾਂ ਸ਼ਾਮ 6:30 ਵਜੇ ਤੱਕ ਖੁੱਲੀਆਂ ਰਹਿ ਸਕਣਗੀਆਂ।