ਪਟਿਆਲਾ, : ਸੀ.ਆਈ.ਏ. ਸਟਾਫ਼ ਪਟਿਆਲਾ ਦੀ ਪੁਲਿਸ ਨੇ ਅੱਜ ਦੋ ਨਸ਼ਾ ਤਸਕਰਾਂ ਨੂੰ 550 ਗ੍ਰਾਮ ਸਮੈਕ, ਨਸ਼ਿਆਂ ਦੀ ਤਸਕਰੀ ਰਾਹੀਂ ਕਮਾਈ 8 ਲੱਖ 29 ਹਜ਼ਾਰ 800 ਰੁਪਏ ਦੀ ਰਾਸ਼ੀ ਤੇ 1 ਮੋਟਰਸਾਇਕਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਨੇ ਦੱਸਿਆ ਹੈ ਕਿ ਇਨ੍ਹਾਂ ਵਿਰੁੱਧ ਥਾਣਾ ਤ੍ਰਿਪੜੀ ਵਿਖੇ ਐਨ.ਡੀ.ਪੀ.ਐਸ ਐਕਟ ਦੀ ਧਾਰਾ 21 ਤਹਿਤ ਮੁਕਦਮਾ ਨੰਬਰ 256 ਮਿਤੀ 21/08/2020 ਦਰਜ ਕੀਤਾ ਗਿਆ ਹੈ।
ਸ੍ਰੀ ਦੁੱਗਲ ਨੇ ਦੱਸਿਆ ਕਿ ਐਸ.ਪੀ. ਜਾਂਚ ਸ. ਹਰਮੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਸੀ.ਆਈ.ਏ. ਸਟਾਫ਼ ਪਟਿਆਲਾ ਦੀ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਥਾਣਾ ਤ੍ਰਿਪੜੀ ਦੇ ਐਸ.ਐਚ.ਓ. ਹਰਜਿੰਦਰ ਸਿੰਘ ਢਿੱਲੋਂ ਦੀਆਂ ਪੁਲਿਸ ਪਾਰਟੀ ਵੱਲੋਂ ਸਿਊਨਾ ਚੌਂਕ ‘ਤੇ ਸੀ.ਆਈ.ਏ. ਟੀਮ ਵੱਲੋਂ ਲਗਾਏ ਨਾਕੇ ਦੌਰਾਨ ਇਨ੍ਹਾਂ ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਦੀ ਪਛਾਣ ਪਰਮਜੀਤ ਸਿੰਘ ਪੰਮਾ ਪੁੱਤਰ ਤੇਜਾ ਸਿੰਘ ਵਾਸੀ ਪੁਰਾਣਾ ਬਿਸ਼ਨ ਨਗਰ, ਇਸ ਵਿਰੁੱਧ ਪਹਿਲਾਂ ਹੀ 4 ਵੱਖ-ਵੱਖ ਕੇਸ ਦਰਜ ਪਾਏ ਗਏ ਹਨ। ਜਦੋਂਕਿ ਦੂਸਰੇ ਦੀ ਪਛਾਣ ਜਗਤਾਰ ਸਿੰਘ ਤਾਰਾ ਪੁੱਤਰ ਪ੍ਰੇਮ ਸਿੰਘ ਵਾਸੀ ਅਫ਼ਸਰ ਕਲੋਨੀ, ਸੈਦਖੇੜੀ ਰੋਡ ਰਾਜਪੁਰਾ ਵਜੋਂ ਹੋਈ, ਜਿਸ ਵਿਰੁੱਧ ਤਿੰਨ ਵੱਖ-ਵੱਖ ਕੇਸ ਦਰਜ ਹੋਣੇ ਪਾਏ ਗਏ ਹਨ।
ਸ੍ਰੀ ਦੁੱਗਲ ਨੇ ਦੱਸਿਆ ਕਿ ਇਸ ਨਾਕੇ ‘ਤੇ ਜਦੋਂ ਆਮ ਚੈਕਿੰਗ ਦੌਰਾਨ ਪੁਲਿਸ ਪਾਰਟੀ ਨੇ ਜਦੋਂ ਇੱਕ ਮੋਟਰਸਾਇਕਲ ‘ਤੇ ਆਉਂਦੇ ਦੋ ਰਾਹਗੀਰਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਇਨ੍ਹਾਂ ਕੋਲੋਂ ਇਹ ਸਮੈਕ ਬਰਾਮਦ ਅਤੇ ਨਸ਼ਿਆਂ ਨਾਲ ਕਮਾਈ ਰਕਮ 8 ਲੱਖ 29 ਹਜ਼ਾਰ 800 ਰੁਪਏ ਵੀ ਬਰਾਮਦ ਹੋਏ। ਐਸ.ਐਸ.ਪੀ. ਨੇ ਦੱਸਿਆ ਕਿ ਇਨ੍ਹਾਂ ਤੋਂ ਹੋਰ ਵਧੇਰੇ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਦੇ ਹੋਰ ਸੰਪਰਕਾਂ ਦੀ ਵੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ।