ਪਟਿਆਲਾ/ਨਵੀਂ ਦਿੱਲੀ,: ਪੰਜਾਬ ਦੇ ਮਾਲਵਾ ਖੇਤਰ ਦੇ ਲੋਕਾਂ ਲਈ ਮੁੱਖ ਬੁਨਿਆਦੀ ਲੋੜਾਂ ਨੂੰ ਪੂਰਾ ਕਰਵਾਉਣ ਲਈ ਪਿਛਲੇ ਲੰਮੇਂ ਸਮੇਂ ਤੋਂ ਜੱਦੋ ਜਹਿਦ ਕਰ ਰਹੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਸ. ਗੁਰਤੇਜ ਸਿੰਘ ਢਿੱਲੋਂ ਵਲੋਂ ਅੱਜ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ਼ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਗਈ ਅਤੇ ਮਾਲਵਾ ਖੇਤਰ ਲਈ ਇਕ ਚਾਰ ਮੰਗਾਂ ਦਾ ਇਕ ਪੱਤਰ ਸੌਂਪਿਆ ਗਿਆ।
ਇਸ ਸਬੰਧੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਸ. ਗੁਰਤੇਜ ਸਿੰਘ ਢਿੱਲੋਂ ਨੇ ਆਖਿਆ ਕਿ ਭਾਜਪਾ ਦੇ ਕੌਮੀ ਪ੍ਧਾਨ ਸ਼ ਅੰਮਿਤ ਸ਼ਾਹ ਵਲੋਂ ਉਨਾਂ ਦੇ ਮੰਗ ਪੱਤਰ ਨੂੰ ਗਹੁ ਨਾਲ ਪੜਦਿਆਂ ਇਸ ਨੂੰ ਸਬੰਧਤ ਮੰਤਰਾਲਿਆਂ ਨੂੰ ਭੇਜ ਕੇ ਇੰਨਾਂ ਨੂੰ ਜਲਦ ਪੂਰਾ ਕਰਵਾਉਣ ਦਾ ਭਰੋਸਾ ਵੀ ਦਿੱਤਾ। ਸ. ਢਿੱਲੋਂ ਨੇ ਹੋਰ ਆਖਿਆ ਕਿ ਸ਼ ਅਮਿਤ ਸ਼ਾਹ ਨੇ ਆਖਿਆ ਕਿ ਕੇਂਦਰ ਦੀ ਐਨ ਡੀ ਏ ਸਰਕਾਰ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਦੇਸ਼ ਦੇ ਨਾਲ ਨਾਲ ਪੰਜਾਬ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਸ. ਢਿੱਲੋਂ ਪਾਰਟੀ ਕੌਮੀ ਪ੍ਰਧਾਨ ਨੂੰ ਸੌਂਪੇ ਗਏ ਮੰਗ ਪੱਤਰ ਸਬੰਧੀ ਜਾਣਕਾਰੀ ਦਿੰਦਿਆਂ ਆਖਿਆ ਕਿ ਮੰਗ ਪੱਤਰ ‘ਚ ਸਭ ਤੋਂ ਪਹਿਲੀ ਮੰਗ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਨੂੰ ਪੀ ਜੀ ਆਈ ਦੀ ਤਰਜ ‘ਤੇ ਸਹੂਲਤਾਂ ਦਿਵਾਉਣ ਤਾਂ ਜੋ ਮਾਲਵਾ ਖੇਤਰ ਦੇ ਨਾਲ ਨਾਲ ਰਾਜਸਥਾਨ ਤੇ ਹਰਿਆਣਾ ਤੋਂ ਵੀ ਆਉਣ ਵਾਲੇ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਲਈ ਚੰਡੀਗੜ ਨਾ ਜਾਣਾ ਪਵੇ। ਦੂਜੀ ਮੰਗ ਸਬੰਧੀ ਜ਼ਿਕਰ ਕਰਦਿਆਂ ਉਨਾਂ ਆਖਿਆ ਕਿ ਪਟਿਆਲਾ ਸਥਿਤ ਏਵੀਏਸ਼ਨ ਕਲੱਬ ਨੂੰ ਅੱਪਗਰੇਡ ਕਰਵਾ ਕੇ ਇਸਦੇ ਰਨਵੇਅ ਨੂੰ 3840 ਫੁੱਟ ਤੋਂ ਵਧਾ ਕੇ 6000 ਫੁੱਟ ਕਰਵਾਉਣ ਦੀ ਮੰਗ ਕੀਤੀ ਗਈ ਤਾਂ ਜੋ ਇਥੇ ਵੱਡੇ ਜਹਾਜ਼ਾਂ ਦੀ ਲੈਂਡਿੰਗ ਹੋ ਸਕੇ ਅਤੇ ਵਿਦੇਸ਼ਾਂ ਤੋਂ ਕਾਰੋਬਾਰੀ ਆ ਕੇ ਇਸ ਖੇਤਰ ‘ਚ ਆਪਣੇ ਕਾਰੋਬਾਰ ਸਥਾਪਿਤ ਕਰ ਸਕਣ, ਜਿਸ ਨਾਲ ਇਥੋਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਉਨਾਂ ਹੋਰ ਆਖਿਆ ਕਿ ਮੰਗ ਪੱਤਰ ‘ਚ ਤੀਜੀ ਮੰਗ ਪਟਿਆਲਾ ਨੂੰ ਰੇਲ ਕਨੈਕਟੀਵਿਟੀ ਨਾਲ ਜੋੜਨ ਦੀ ਕੀਤੀ ਗਈ ਹੈ ਜਿਸ ਵਿਚ ਸ਼ਤਾਬਦੀ ਐਕਸਪ੍ਰੈਸ ਨੂੰ ਮੁੜ ਸ਼ੁਰੂ ਕਰਵਾਉਣ ਦੀ ਗੱਲ ਕਹੀ ਗਈ ਹੈ ਤਾਂ ਜੋ ਇਸ ਖੇਤਰ ਦੇ ਛੋਟੇ ਵਪਾਰੀ ਵਰਗ ਨੂੰ ਵੱਡਾ ਲਾਭ ਮਿਲ ਸਕੇ ਜਿਸ ਨਾਲ ਇਸ ਖੇਤਰ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ। ਚੌਥੀ ਤੇ ਅਖ਼ੀਰਲੀ ਮੰਗ ਸਬੰਧੀ । ਉਨਾਂ ਆਖਿਆ ਕਿ ਪੰਜਾਬ ਅੰਦਰ ਜਲੰਧਰ ਅਤੇ ਅੰਮਤਸਰ ਵਿਖੇ ਪਾਸਪੋਰਟ ਪਹਿਲਾਂ ਹੀ ਹਨ ਅਤੇ ਮਾਲਵਾ ਖੇਤਰ ਦੇ ਲੋਕਾਂ ਨੂੰ ਪਾਸਪੋਰਟ ਬਣਾਉਣ ਲਈ ਚੰਡੀਗੜ ਜਾਣਾ ਪੈਂਦਾ ਹੈ, ਇਸ ਗੱਲ ਨੂੰ ਧਿਆਨ ਵਿਚ ਰਖਦਿਆਂ ਪਟਿਆਲਾ ਵਿਖੇ ਪਾਸਪੋਰਟ ਦਫਤਰ ਖੁੱਲਵਾਉਣ ਦੀ ਮੰਗ ਵੀ ਰੱਖੀ ਗਈ ਹੈ ।