ਨਵੀਂ ਦਿੱਲੀ: ਸਿੱਖ ਕਤਲੇਆਮ ਦੀ 32ਵੀਂ ਬਰਸੀ ਮੌਕੇ ਤਿਲਕ ਵਿਹਾਰ ਦੇ ਗੁਰਦੁਆਰਾ ਸ਼ਹੀਦਗੰਜ ਵਿਖੇ ਕਰਵਾਏ ਗਏ ਸਮਾਗਮ ‘ਚ ਹਾਜ਼ਰੀ ਭਰਨ ਪੁੱਜੇ ਕੇਂਦਰੀ ਗ੍ਹਿ ਮੰਤਰੀ ਰਾਜਨਾਥ ਸਿੰਘ ਨੇ, ਜਿੱਥੇ ਸਿੱਖਾਂ ਨੂੰ ਇਨਸਾਫ਼ ਦਿਵਾਉਣ ਸਬੰਧੀ ਮਾਮਲੇ ‘ਚ ਕੇਂਦਰ ਸਰਕਾਰ ਦੀ ਗੰਭੀਰਤਾ ਤੋਂ ਜਾਣੂੰ ਕਰਵਾਇਆ ਉਥੇ ਹੀ ਪੀੜਤਾਂ ਵੱਲੋਂ ਗ੍ਹਿ ਮੰਤਰੀ ਨੂੰ ਮੰਗ ਪੱਤਰ ਸੌਾਪ ਕੇ ਇਨਸਾਫ਼ ਅਤੇ ਨੌਕਰੀ ਦੀ ਮੰਗ ਕੀਤੀ ਗਈ | ਰਾਜਨਾਥ ਸਿੰਘ ਨੇ ਕਿਹਾ ਕਿ ਸਿੱਖ ਕੌਮ ਨਾਲ ਉਨਾ ਦੀ ਪੂਰੀ ਹਮਦਰਦੀ ਹੈ ਅਤੇ ਉਹ ਅੱਜ ਪੀੜਤਾਂ ਦੇ ਦੁੱਖ ਵਿਚ ਸ਼ਾਮਿਲ ਹੋਣ ਲਈ ਹੀ ਆਏ ਹਨ | ਉਨਾ ਦੱਸਿਆ ਕਿ ਜਦੋਂ ਸਾਡੀ ਸਰਕਾਰ ਬਣੀ ਸੀ ਤਾਂ ਅਸੀਂ ਸਭ ਤੋਂ ਪਹਿਲਾਂ ਕਤਲੇਆਮ ਸਬੰਧੀ ਸਿੱਖ ਕੌਮ ਨੂੰ ਇਨਸਾਫ਼ ਮਿਲਣ ‘ਚ ਹੋ ਰਹੀ ਦੇਰੀ ਦੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਸੀ ਅਤੇ ਮਿਲੇ ਸੁਝਾਵਾਂ ਦੇ ਆਧਾਰ ‘ਤੇ ਐਸ.ਆਈ.ਟੀ. ਗਠਤ ਕੀਤੀ ਗਈ ਅਤੇ 5 ਲੱਖ ਰੁਪਏ ਮੁਆਵਜ਼ਾ ਰਾਸ਼ੀ ਦੇਣ ਦਾ ਫ਼ੈਸਲਾ ਕੀਤਾ ਗਿਆ, ਇਹੀ ਨਹੀਂ ਇਸ ਤੋਂ ਇਲਾਵਾ ਪੀੜਤਾਂ ਦੀਆਂ ਸ਼ਿਕਾਇਤਾਂ ਨੂੰ ਸਰਕਾਰ ਵੱਲੋਂ ਦੂਰ ਕਰਨ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ | ਪੀੜਤਾਂ ਦੀ ਮਦਦ ਦੇ ਮਾਮਲੇ ‘ਚ ਰਾਸ਼ਟਰੀ ਸਿੱਖ ਸੰਗਤ ਦੇ ਗੁਰਬਚਨ ਸਿੰਘ ਗਿੱਲ, ਡਾ. ਅਵਤਾਰ ਸਿੰਘ ਸ਼ਾਸਤਰੀ, ਅਵਿਨਾਸ਼ ਜੈਸਵਾਲ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਉਨਾ ਸ਼ਲਾਘਾ ਕੀਤੀ | ਰਾਜਨਾਥ ਸਿੰਘ ਦੀ ਮੌਜੂਦਗੀ ‘ਚ ਦਿੱਲੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਨੇ ਐਸ.ਆਈ.ਟੀ. ਦਾ ਗਠਨ ਕਰਕੇ ਦੋਸ਼ੀਆਂ ਨੂੰ ਸਜ਼ਾ ਤੇ ਸਿੱਖਾਂ ਨੂੰ ਇਨਸਾਫ਼ ਦਿਵਾਉਣ ਦੀ ਸ਼ਲਾਘਾ ਕੀਤੀ | ਸਿੱਖ ਸੰਗਤ ਵੱਲੋਂ ਡਾ. ਅਵਤਾਰ ਸਿੰਘ ਸ਼ਾਸਤਰੀ ਨੇ ਪੀੜਤਾਂ ਦੇ ਦੁੱਖ ‘ਚ ਸ਼ਾਮਿਲ ਹੁੰਦੇ ਹੋਏ ਕਿਹਾ ਕਿ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਪੀੜਤਾਂ ਨੂੰ ਹੋਰ ਅਥਰੂ ਨਾ ਵਗਾਉਣੇ ਪੈਣ |