ਟੌਹੜਾ(ਪਟਿਆਲਾ) ; ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਦੀ ਅਗਵਾਈ ਹੇਠ ਪਿੰਡ ਟੌਹੜਾ ਦੇ ਖੇਡ ਸਟੇਡੀਅਮ ਵਿਖੇ ਕਰਵਾਇਆ ਗਿਆ 8 ਵਾਂ ਕਬੱਡੀ ਕੱਪ ਸ਼ਾਨਦਾਰ ਖੇਡ ਪ੍ਰਦਰਸ਼ਨ ਕਾਰਨ ਹਜ਼ਾਰਾਂ ਖੇਡ ਪ੍ਰੇਮੀਆਂ ਦੇ ਦਿਲਾਂ ਤੇ ਗਹਿਰੀ ਛਾਪ ਛੱਡਦਾ ਹੋਇਆ ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਿਆ ।
ਕਬੱਡੀ ਕੱਪ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਐਸ ਐਸ ਪੀ ਪਟਿਆਲਾ ਸ੍ਰੀ ਗੁਰਮੀਤ ਸਿੰਘ ਚੌਹਾਨ ਨੇ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿਣ ਲਈ ਨੌਜਵਾਨ ਖੇਡਾਂ ਨੂੰ ਅਪਣਾਉਣ, ਤਾਂ ਕਿ ਉਨਾਂ ਦਾ ਸਰੀਰ ਵੀ ਦਰੁਸਤ ਰਹੇ ‘ਤੇ ਉਹ ਕੈਰੀਅਰ ਦੇ ਤੋਰ ‘ਤੇ ਵੀ ਖੇਡ ਨੂੰ ਆਪਣਾ ਸਕਦੇ ਹਨ। ਉਨਾਂ ਕਿਹਾ ਕਿ ਪੰਜਾਬ ਪੁਲਿਸ ਵੀ ਅਜਿਹੇ ਉਪਰਾਲਿਆਂ ਨੂੰ ਉਤਸ਼ਾਹਿਤ ਕਰਦੀ ਹੈ।
ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੌਰਭ ਰਾਜ ਨੇ ਕਿਹਾ ਕਿ ਪੰਜਾਬ ਸਰਕਾਰ ਮਾਂ ਖੇਡ ਕਬੱਡੀ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਉਪਰਾਲੇ ਕਰ ਰਹੀ ਹੈ ਅਤੇ ਇਸ ਖੇਡ ਨੂੰ ਦੁਨੀਆ ਦੇ ਨਕਸ਼ੇ ‘ਤੇ ਪ੍ਰਸਿੱਧ ਕਰਨ ‘ਚ ਕਾਮਯਾਬ ਰਹੀ ਹੈ। ਜਦਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਉਹ ਟੌਹੜਾ ਕੱਪ ਲਗਾਤਾਰ ਕਰਵਾਉਂਦੇ ਆ ਰਹੇ ਹਨ ਅਤੇ ਇਹ ਭਵਿੱਖ ‘ਚ ਵੀ ਜਾਰੀ ਰਹੇਗਾ।
ਪ੍ਰਬੰਧਕਾਂ ਨੇ ਕਬੱਡੀ ਕੱਪ ਵਿੱਚ ਭਾਗ ਲੈਣ ਵਾਲੇ ਵਰਲਡ ਕਬੱਡੀ ਕੱਪ ਦੇ ਨਾਮੀ ਖਿਡਾਰੀਆਂ ਨੂੰ ਟਰਾਫ਼ੀਆਂ ਦੇ ਕੇ ਨਿਵਾਜਿਆ। ਕਬੱਡੀ ਕੱਪ ਦਾ ਖ਼ਿਤਾਬੀ ਇਨਾਮ 1 ਲੱਖ ਨਗਦ ਅਤੇ ਦੂਸਰਾ ਇਨਾਮ 75 ਹਜ਼ਾਰ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਕਿ ਹੋਰ ਵੀ ਇਨਾਮ ਰੱਖੇ ਗਏ ਹਨ।
ਇਸ ਮੌਕੇ ਇਸ ਮੌਕੇ ਐਸ.ਜੀ.ਪੀ.ਸੀ ਦੇ ਸਾਬਕਾ ਪ੍ਰਧਾਨ ਤੇ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਪਰੋ. ਕਿਰਪਾਲ ਸਿੰਘ ਬਡੂੰਗਰ, ਸੈਰ ਸਪਾਟਾ ਨਿਗਮ ਚੇਅਰਮੈਨ ਸ: ਸੁਰਜੀਤ ਸਿੰਘ ਅਬਲੋਵਾਲ, ਮੁਲਾਜ਼ਮ ਭਲਾਈ ਬੋਰਡ ਦੇ ਚੇਅਰਮੈਨ ਸ: ਸੁਰਿੰਦਰ ਸਿੰਘ ਪਹਿਲਵਾਨ, ਜ਼ਿਲ੍ਹਾ ਯੋਜਨਾ ਬੋਰਡ ਦੇ ਸ੍ਰੀ ਮਹਿੰਦਰ ਸਿੰਘ ਲਾਲਵਾ ਅਤੇ ਪਿੰਡਾਂ ਦੇ ਪੰਚ, ਸਰਪੰਚ, ਬਲਾਕ ਸਮਿਤੀਆਂ ਦੇ ਮੈਂਬਰ, ਯੂਥ ਅਕਾਲੀ ਦਲ ਅਤੇ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ਼ ਇੰਡੀਆ ਦੇ ਲੀਡਰ ਵੀ ਹਾਜ਼ਰ ਸਨ ।