ਲੁਧਿਆਣਾ (ਲਾਡੋਵਾਲ ) : ਉੱਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਪਿੰਡ ਲਾਡੋਵਾਲ ਵਿਖੇ ਮਲਟੀਪ੍ਰੋਡਕਟ ਮੈਗਾ ਫੂਡ ਪਾਰਕ ਦਾ ਨੀਂਹ ਪੱਥਰ ਰੱਖਿਆ | ਇਸ ਮੌਕੇ ਸੰਬੋਧਨ ਕਰਦਿਆਂ ਸ੍ਮਤੀ ਹਰਸਿਮਰਤ ਕੌਰ ਬਾਦਲ ਨੇ ਸੁਝਾਅ ਦਿੱਤਾ ਕਿ ਇਸ ਫੂਡ ਪਾਰਕ ਦਾ ਨਾਂ ‘ਗੁਰਕਿ੍ਪਾਲ ਮੈਗਾ ਫੂਡ ਪਾਰਕ’ ਰੱਖਿਆ ਜਾਵੇ ਕਿਉਂਕਿ ਪੰਜਾਬ ‘ਚ ਜੋ ਰਿਕਾਰਡਤੋੜ ਤਰੱਕੀ ਹੋਈ ਹੈ ਤੇ ਵਿਕਾਸ ਦੀ ਜੋ ਗਤੀ ਚੱਲ ਰਹੀ ਹੈ ਉਹ ਗੁਰੂ ਦੀ ਕਿ੍ਪਾ ਨਾਲ ਹੀ ਹੈ | ਸ੍ਮਤੀ ਬਾਦਲ ਨੇ ਦੱਸਿਆ ਕਿ ਇਹ ਮੈਗਾ ਫੂਡ ਪਾਰਕ 100.20 ਏਕੜ ਦੇ ਰਕਬੇ ‘ਚ 117.61 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਜਾ ਰਿਹਾ ਹੈ | ਇਸ ਪਾਰਕ ‘ਚ 500 ਕਿਲੋ ਸਪਾਈਰਲ ਫਰੀਜ਼ਰ, 1000 ਮੀਟਿ੍ਕ ਟਨ ਦੀ ਸਮਰੱਥਾ ਵਾਲਾ ਪਿਆਜ ਤੇ ਲਸਣ ਦਾ ਕੋਲਡ ਸਟੋਰ, ਇਕ 1000 ਮੀਟਿ੍ਕ ਟਨ ਵਾਲਾ ਸਬਜ਼ੀਆਂ ਲਈ ਫਰੋਜ਼ਨ ਕੋਲਡ ਸਟੋਰ, 10000 ਮੀਟਿ੍ਕ ਟਨ ਡਰਾਈ ਵੇਅਰ ਹਾਊਸ, 10000 ਮੀਟਿ੍ਕ ਟਨ ਸਿਲੋਜ਼, 100 ਮੀਟਿ੍ਕ ਟਨ ਰਾਈਪਨਿੰਗ ਚੈਂਬਰ, ਇਕ ਮੀਟਿ੍ਕ ਟਨ ਐਚ ਆਰ ਡੀਹਾਈਡ੍ਰੇਸ਼ਨ/ਏਅਰ ਡਰਾਈਡ, 400 ਮੀਟਿ੍ਕ ਕੋਲਡ ਸਟੋਰੇਜ, ਰੀਫਰ ਵੈਨਜ, ਫੂਡ ਇਨਕਿਊਬੇਸ਼ਨ ਸੈਂਟਰ ਤੇ ਟੈਸਟਿੰਗ ਲੈਬਾਟਰੀਜ਼ ਦੀ ਸੁਵਿਧਾ ਹੋਵੇਗੀ | ਇਸ ਮੌਕੇ ਉੱਪ-ਮੁੱਖ ਮੰਤਰੀ ਨੇ ਕਿਹਾ ਕਿ ਫੂਡ ਪਾਰਕ ਨਾਲ 40 ਹਜ਼ਾਰ ਤੋਂ ਜ਼ਿਆਦਾ ਕਿਸਾਨਾਂ ਨੂੰ ਲਾਭ ਪੁੱਜੇਗਾ ਤੇ 10 ਹਜ਼ਾਰ ਤੋਂ ਵੀ ਵਧੇਰੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ | ਇਸ ਤੋਂ ਪਹਿਲਾਂ ਕੇਂਦਰੀ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਸਾਧਵੀ ਨਿਰੰਜਨ ਜੋਤੀ ਨੇ ਇਸ ਮੈਗਾ ਫੂਡ ਪਾਰਕ ਨੂੰ ਪੰਜਾਬ ਦੇ ਕਿਸਾਨਾਂ ਲਈ ਤੋਹਫਾ ਦੱਸਦਿਆਂ ਕਿਹਾ ਕਿ ਇਸ ਨਾਲ ਪੰਜਾਬ ਦੇ ਕਿਸਾਨ ਵਿੱਤੀ ਪੱਖੋਂ ਹੋਰ ਮਜ਼ਬੂਤ ਹੋਣਗੇ | ਇਸ ਮੌਕੇ ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਮੁੱਖ ਮੰਤਰੀ ਦੇ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ, ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਮਨਪ੍ਰੀਤ ਸਿੰਘ ਇਯਾਲੀ, ਐਸ.ਆਰ. ਕਲੇਰ ਤੇ ਰਣਜੀਤ ਸਿੰਘ ਢਿੱਲੋਂ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਤੇ ਜਗਜੀਵਨ ਸਿੰਘ ਖੀਰਨੀਆਂ ਆਦਿ ਹਾਜ਼ਰ ਸਨ