ਭਾਦਸੋਂ : ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦਾਮਾਦ,ਬੇਟੀ ਤੇ ਪਰਿਵਾਰ ਵੱਲੋਂ ਸ੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰਨ ਦੇ ਵਿਰੋਧ ਵਿੱਚ ਮਰਹੂਮ ਜਥੇਦਾਰ ਟੌਹੜਾ ਦੇ ਕਰੀਬੀ ਸਾਥੀਆਂ ਤੇ ਪਿੰਡ ਵਾਸੀਆਂ ਨੇ ਕਰੜਾ ਵਿਰੋਧ ਕਰਦਿਆਂ ਪਰਿਵਾਰ ਦੇ ਸਮਾਜਿਕ ਬਾਈਕਾਟ ਦੀ ਚੇਤਾਵਨੀ ਦਿੱਤੀ ਹੈ । ਜਥੇਦਾਰ ਟੌਹੜਾ ਦੇ ਕਰੀਬੀ ਰਹੇ ਸ੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ,ਬਾਬਾ ਦੀਦਾਰ ਸਿੰਘ,ਜਥੇ.ਕਰਨੈਲ ਸਿੰਘ ,ਸੂਬੇਦਾਰ ਈਸ਼ਰ ਸਿੰਘ ਤੇ ਹੋਰ ਪਿੰਡ ਵਾਸੀਆਂ ਨੇ ਹਾਲੋਂ ਬੇਹਾਲ ਹੋਏ ਜਥੇਦਾਰ ਟੌਹੜਾ ਯਾਦਗਾਰੀ ਪਾਰਕ ਵਿੱਚ ਇਕੱਤਰ ਹੋ ਕੇ ਟੌਹੜਾ ਪਰਿਵਾਰ ਤੇ ਦੋਸ਼ ਲਗਾਇਆ ਕਿ ਉਕਤ ਪਰਿਵਾਰ ਦੁਆਰਾ ਨਿੱਜਪ੍ਰਸਤੀ ਲਈ ਜਥੇਦਾਰ ਟੌਹੜਾ ਦੀ ਸੋਚ ਨੂੰ ਵੇਚ ਕੇ ਪੰਜਾਬ ਤੇ ਸਿੱਖ ਵਿਰੋਧੀ ਪਾਰਟੀ ‘ਆਪ’ ਦੀ ਝੋਲੀ ਵਿੱਚ ਡਿੱਗਣਾ ਬੇਹੱਦ ਸ਼ਰਮਨਾਕ ਹੈ ਜਦੋਂ ਕਿ ਜਥੇਦਾਰ ਟੌਹੜਾ ਖੁਦ ਤਾ-ਉਮਰ ਪੰਥ ਵਿਰੋਧੀ ਪਾਰਟੀਆਂ ਨਾਲ ਲੋਹਾ ਲੈਂਦੇ ਰਹੇ ਹਨ । ਪਿੰਡ ਵਾਸ਼ੀਆਂ ਨੇ ਜਥੇ.ਟੌਹੜਾ ਦੀ ਯਾਦ ਵਿੱਚ ਬਣੇ ਖੇਡ ਸਟੇਡੀਅਮ ਵਿੱਚ ਮੈਦਾਨ ਨੂੰ ਵਾਹ ਕੇ ਬੀਜਿਆ ਝੋਨਾ ਤੇ ਸੰਸਕਾਰ ਸਥੱਲ ਤੇ ਬਣੇ ਪਾਰਕ ਦਾ ਬੁਰਾ ਹਾਲ ਦਿਖਾਉਂਦਿਆਂ ਕਿਹਾ ਕਿ ਪਿੰਡ ਵਿੱਚ ਪੰਥ ਰਤਨ ਦੀਆਂ ਯਾਦਗਾਰਾਂ ਨੂੰ ਮਲ਼ੀਆ-ਮੇਟ ਕਰਨ ਵਿੱਚ ਖੁਦ ਉਕਤ ਪਰਿਵਾਰ ਸਿੱਧੇ ਤੌਰ ਤੇ ਜਿੰਮੇਵਾਰ ਹੈ ਜਦੋਂਕਿ ਜਥੇਦਾਰ ਦੇ ਸਿਆਸੀ ਵਾਰਿਸ਼ ਹੋਣ ਦੇ ਝੂਠੇ ਦਾਅਵੇ ਕੀਤੇ ਜਾ ਰਹੇ ਹਨ । ਪਿੰਡ ਵਾਸੀਆਂ ਨੇ ਕਿਹਾ ਕਿ ਸਦਾ ਸਿੱਖ ਕੌਮ ਦੀ ਪ੍ਰਫੁੱਲਤਾ ਲਈ ਕੰਮ ਕਰਨ ਵਾਲੇ ਜਥੇਦਾਰ ਟੌਹੜਾ ਪੰਥ ਰਤਨ ਸਨ ਨਾ ਕਿ ਪਰਿਵਾਰ ਰਤਨ । ਅਜਿਹੇ ਵਿੱਚ ਟੌਹੜਾ ਪਰਿਵਾਰ ਨੂੰ ਪੰਥ ਵਿਰੋਧੀ ਪਾਰਟੀ ਵਿੱਚ ਸਾਮਿਲ ਹੋਣ ਦੀ ਗਲਤੀ ਤੁਰੰਤ ਬਖਸ਼ਾ ਕੇ ਪੂਰੀ ਸਿੱਖ ਕੌਮ ਤੋਂ ਮੁਆਫੀ ਮੰਗਣੀ ਚਾਹੀਦੀ ਹੈ । ਅਗਾਮੀ ਦਿਨਾਂ ਵਿੱਚ ਆਪ ਪ੍ਰਮੁੱਖ ਕੇਜਰੀਵਾਲ ਦੁਆਰਾ ਪਿੰਡ ਵਿੱਚ ਰੈਲੀ ਕਰਨ ਦੀ ਖਬਰ ਤੇ ਪ੍ਰਤੀਕਰਮ ਦਿੰਦਿਆਂ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਵਰਗੀਆਂ ਘਟਨਾਵਾਂ ਦੇ ਜਿੰਮੇਵਾਰ ਕੇਜਰੀਵਾਲ ਦਾ ਉਹ ਸਖਤ ਵਿਰੋਧ ਕਰਾਂਗੇ ਤੇ ਅਜਿਹੇ ਵਿਅਕਤੀ ਨੂੰ ਪਿੰਡ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ ।