ਹੁਸ਼ਿਆਰਪੁਰ: ਆਮ ਆਦਮੀ ਪਾਰਟੀ ਵੱਲੋਂ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੂੰ ‘ਚਿੱਟੇ ਦਾ ਤਸਕਰ’ ਦੱਸਦਿਆਂ ਲਾਏ ਪੋਸਟਰ ਅਕਾਲੀ ਵਰਕਰਾਂ ਲਈ ਮੁਸੀਬਤ ਬਣੀ ਖੜ੍ਹੇ ਹਨ। ਅੱਜ ਹੁਸ਼ਿਆਰਪੁਰ ‘ਚ ਇਨ੍ਹਾਂ ਪੋਸਟਰਾਂ ਨੂੰ ਉਤਾਰ ਅੱਗ ਦੇ ਹਵਾਲੇ ਕਰਦਿਆਂ ਕਈ ਅਕਾਲੀ ਵਰਕਰ ਖੁਦ ਹੀ ਅੱਗ ਦੇ ਸੇਕ ਦੀ ਮਾਰ ਹੇਠ ਆ ਗਏ
ਅੱਜ ਅਕਾਲੀ ਦਲ ਦੇ ਦੁਆਬਾ ਜ਼ੋਨ ਦੇ ਸੀਨੀਅਰ ਵਾਈਸ ਪ੍ਰਧਾਨ ਬਲਰਾਜ ਸਿੰਘ ਚੌਹਾਨ ਦੀ ਅਗਵਾਈ ‘ਚ ਅਕਾਲੀ ਵਰਕਰ ‘ਆਪ’ ਵੱਲੋਂ ਮਜੀਠੀਆ ਖਿਲਾਫ ਲਾਏ ਪੋਸਟਰ ਉਤਾਰਨ ਪਹੁੰਚੇ ਸਨ। ਦਰਅਸਲ ਆਮ ਆਦਮੀ ਪਾਰਟੀ ਦੇ ਦਫਤਰ ਬਾਹਰ ਵੱਢਾ ਪੋਸਟਰ ਲੱਗਾ ਹੋਇਆ ਸੀ। ਜਦ ਅਕਾਲੀ ਵਰਕਰਾਂ ਨੇ ਇਸ ਪੋਸਟਰ ਨੂੰ ਹੇਠਾਂ ਉਤਾਰਿਆ ਤਾਂ ਇੱਕ ਵਰਕਰ ਨੇ ਪੋਸਟਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸੇ ਦੌਰਾਨ ਉਥੇ ਮੌਜੂਦ ਇੱਕ ਹੋਰ ਵਰਕਰ ਨੇ ਇਸ ਅੱਗ ‘ਤੇ ਪੈਟਰੋਲ ਛਿੜਕ ਦਿੱਤਾ। ਪੈਟਰੋਲ ਪੈਂਦਿਆਂ ਹੀ ਅੱਗ ਭੜਕ ਉੱਠੀ। ਇਸ ਅੱਗ ‘ਚ ਕਈ ਅਕਾਲੀ ਵਰਕਰ ਜ਼ਖਮੀ ਹੋ ਗਏ।
ਦਰਅਸਲ ਪੰਜਾਬ ਦੇ ਕਈ ਹਿੱਸਿਆਂ ‘ਚ ਆਮ ਆਦਮੀ ਪਾਰਟੀ ਵਰਕਰਾਂ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਤੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਪੋਸਟਰ ਲਾਏ ਗਏ ਹਨ। ਇਨ੍ਹਾਂ ਪੋਸਟਰਾਂ ‘ਤੇ ਵੱਡੇ ਅੱਖਰਾਂ ‘ਚ ਲਿਖਿਆ ਹੈ, ‘ਮਜੀਠੀਆ ਚਿੱਟੇ ਦਾ ਤਸਕਰ ਹੈ’। ਹਾਲਾਂਕਿ ਮਜੀਠੀਆ ਨੇ ਨਸ਼ਾ ਤਸਕਰਾਂ ਨਾਲ ਸਬੰਧਾਂ ਦੇ ਲਾਏ ਇਲਜ਼ਾਮਾਂ ਦੇ ਚੱਲਦੇ ਮਜੀਠੀਆ ਨੇ ‘ਆਪ’ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਹੋਰ ਆਪ ਲੀਡਰਾਂ ਖਿਲਾਫ ਮਾਣਹਾਨੀ ਦਾ ਕੇਸ ਵੀ ਦਾਇਰ ਕੀਤਾ ਹੋਇਆ ਹੈ। ਫਿਲਹਾਲ ਮਾਮਲਾ ਅਦਾਲਤ ‘ਚ ਵਿਚਾਰ ਅਧੀਨ ਹੈ।