ਐਸ.ਡੀ.ਐਮ. ਅਮਲੋਹ ਦੇ ਰੀਡਰ ਲਕਸ਼ਮੀ ਕਾਂਤ ਨੂੰ ਪਟਿਆਲਾ ਰੇਂਜ ਵਿਜੀਲੈਂਸ ਬਿਊਰੋ ਦੀ ਟੀਮ ਨੇ ਡੀ.ਐਸ.ਪੀ. ਕੇ.ਡੀ. ਸ਼ਰਮਾ ਦੀ ਅਗਵਾਈ ਹੇਠ, ਜਮੀਨ ਦਾ ਫੈਸਲਾ ਮੁੱਦਈ ਸੁਰਿੰਦਰ ਸਿੰਘ ਦੇ ਹੱਕ ਵਿੱਚ ਕਰਵਾਉਣ ਬਦਲੇ 25 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ। ਇਹ ਜਾਣਕਾਰੀ ਦਿੰਦਿਆਂ ਪਟਿਆਲਾ ਰੇਂਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਦੱਈ ਸੁਰਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਭਰਪੂਰਗੜ ਤਹਿਸੀਲ ਅਮਲੋਹ ਦੇ ਪਰਿਵਾਰ ਕੋਲ 39 ਕਿਲੇ ਦੇ ਕਰੀਬ ਖੇਤੀਬਾੜੀ ਯੋਗ ਜਮੀਨ ਹੈ, ਜਿਸ ਵਿੱਚੋਂ 36 ਕਿੱਲਿਆਂ ਦਾ ਆਪਣੇ 6 ਭੈਣ ਭਰਾਵਾਂ ਵਿੱਚੋਂ 2 ਨਾਲ ਤਕਸੀਮ ਦਾ ਕੇਸ ਤਹਿਸੀਲਦਾਰ ਅਮਲੋਹ ਵਿਖੇ ਲਗਾਇਆ ਗਿਆ ਸੀ। ਜਿਨ ਨੇ ਇੱਕ ਤਰਫਾ ਫੈਸਲਾ ਸੁਣਾ ਦਿੱਤਾ ਸੀ। ਜਿਸ ਦੇ ਸਬੰਧ ਵਿੱਚ ਮੁਦੱਈ ਸੁਰਿੰਦਰ ਸਿੰਘ ਨੇ ਐਸ.ਡੀ.ਐਮ. ਅਮਲੋਹ ਕੋਲ ਅਪੀਲ ਕਰ ਦਿੱਤੀ। ਬੁਲਾਰੇ ਨੇ ਹੋਰ ਦੱਸਿਆ ਕਿ ਐਸ.ਡੀ.ਐਮ. ਅਮਲੋਹ ਦੇ ਰੀਡਰ ਲਕਸ਼ਮੀ ਕਾਂਤ ਨੇ ਮੁਦੱਈ ਸੁਰਿੰਦਰ ਸਿੰਘ ਦਾ ਕੇਸ ਜਲਦੀ ਤੇ ਉਸ ਦੇ ਹੱਕ ਵਿੱਚ ਕਰਵਾਉਣ ਲਈ 25,000 ਰੁਪਏ ਦੀ ਮੰਗ ਕੀਤੀ । ਜਿਸ ‘ਤੇ ਮੁਦੱਈ ਸੁਰਿੰਦਰ ਸਿੰਘ ਨੇ ਇਸ ਦੀ ਜਾਣਕਾਰੀ ਵਿਜੀਲੈਂਸ ਬਿਊਰੋ ਪਟਿਆਲਾ ਨੂੰ ਦਿੱਤੀ। ਜਾਣਕਾਰੀ ਮਿਲਣ ਉਪਰੰਤ ਅੱਜ ਵਿਜੀਲੈਂਸ ਪਟਿਆਲਾ ਦੀ ਟੀਮ ਨੇ ਗਵਾਹਾਂ ਦੀ ਮੌਜੂਦਗੀ ਵਿੱਚ ਟਰੈਪ ਲਗਾ ਕੇ ਰੀਡਰ ਲਕਸ਼ਮੀ ਕਾਂਤ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ।
ਰੀਡਰ ਲਕਸ਼ਮੀ ਕਾਂਤ ਨੂੰ ਗ੍ਰਿਫਤਾਰ ਕਰਨ ਲਈ ਵਿਜੀਲੈਂਸ ਬਿਊਰੋ ਦੀ ਟੀਮ ਵਿੱਚ ਡੀ.ਐਸ.ਪੀ. ਵਿਜੀਲੈਂਸ ਤੋਂ ਇਲਾਵਾ ਐਸ.ਆਈ. ਪ੍ਰਿਤਪਾਲ ਸਿੰਘ, ਏ.ਐਸ.ਆਈ. ਪਵਿੱਤਰ ਸਿੰਘ, ਹੌਲਦਾਰ ਰਜਨੀਸ਼ ਕੌਸ਼ਲ, ਸ਼ਾਮ ਸੁੰਦਰ, ਵਿਜੈ ਸ਼ਾਰਦਾ, ਹਰਵਿੰਦਰ ਸਿੰਘ, ਸਤਨਾਮ ਸਿੰਘ ਤੇ ਮਨਦੀਪ ਸਿੰਘ ਸ਼ਾਮਲ ਸਨ।