ਪਟਿਆਲਾ,:ਪੰਜਾਬ ਸਰਕਾਰ ਵੱਲੋਂ ਗੁਰੂਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਨੇੜੇ ਜੇਲ੍ਹ ਰੋਡ ‘ਤੇ ਰੈਡ ਕਰਾਸ ਅਤੇ ਸਰਬੱਤ ਦਾ ਭੱਲਾ ਟਰੱਸਟ ਦੇ ਸਾਂਝੇ ਉਦਮ ਸਦਕਾ ਉਸਾਰਿਆ ਜਾ ਰਿਹਾ ‘ਰੈਡ ਕਰਾਸ ਸਨੀ ਓਬਰਾਏ ਓਲਡ ਏਜ ਹੋਮ’ 15 ਅਕਤੂਬਰ ਤੱਕ ਬਣ ਕੇ ਤਿਆਰ ਹੋ ਜਾਵੇਗਾ। ਇਹ ਪ੍ਰਗਟਾਵਾ ਅੱਜ ਇਥੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਸਿੰਘ ਨੇ ਸਰਬੱਤ ਦਾ ਭੱਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ.ਐਸ. ਓਬਰਾਏ ਨਾਲ ਓਲਡ ਏਜ ਹੋਮ ਦੀ ਉਸਾਰੀ ਦੇ ਚੱਲ ਰਹੇ ਕੰਮ ਦਾ ਜਾਇਜਾ ਲੈਣ ਉਪਰੰਤ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਉਪਲਭਦ ਕਰਵਾਈ ਗਈ ਕਰੀਬ 4400 ਵਰਗ ਗਜ ਥਾਂ ‘ਤੇ 1.75 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾ ਰਹੇ ਇਸ ਬਿਰਧ ਘਰ ਵਿੱਚ 64 ਬਜ਼ੁਰਗਾਂ ਦੀ ਰਿਹਾਇਸ਼ ਦਾ ਪ੍ਰਬੰਧ ਹੋਵੇਗਾ ਅਤੇ ਨਾਲ ਹੀ ਇੱਕ ਸੁੰਦਰ ਪਾਰਕ ਵੀ ਬਣਾਇਆ ਜਾਵੇਗਾ। ਉਹਨਾਂ ਦੱਸਿਆ ਕਿ ਇਹ ਬਿਰਧ ਘਰ ਸਰਬੱਤ ਦਾ ਭੱਲਾ ਟਰੱਸਟ ਨੂੰ 10 ਸਾਲ ਲਈ ਲੀਜ ‘ਤੇ ਦੇਣ ਲਈ ਕੇਸ ਸਰਕਾਰ ਨੂੰ ਭੇਜਿਆ ਗਿਆ ਹੈ। ਇਸ ਮੌਕੇ ਸਰਬੱਤ ਦਾ ਭੱਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ.ਐਸ ਓਬਰਾਏ ਨੇ ਦੱਸਿਆ ਕਿ ਇਹ ਬਿਰਧ ਘਰ ਜਿਥੇ ਗੁਰੂਦੁਆਰਾ ਦੁਖਨਿਵਾਰਨ ਸਾਹਿਬ ਦੇ ਬਿਲਕੁਲ ਨਜਦੀਕ ਹੈ ਉਥੇ ਹੀ ਇਸ ਵਿਚੋਂ ਇੱਕ ਰਸਤਾ ਵਾਤਾਵਰਣ ਪਾਰਕ ਵਿੱਚ ਵੀ ਦਿੱਤਾ ਜਾਵੇਗਾ ਤਾਂ ਕਿ ਇਸ ਵਿੱਚ ਰਹਿਣ ਵਾਲੇ ਬਜ਼ੁਰਗ ਸਵੇਰੇ ਸ਼ਾਮ ਵਾਤਾਵਰਣ ਪਾਰਕ ਵਿੱਚ ਸੈਰ ਵੀ ਕਰ ਸਕਣ। ਉਹਨਾਂ ਦੱਸਿਆ ਕਿ ਪੂਰੇ ਰਾਜ ਭਰ ਵਿੱਚ ਆਪਣੇ ਆਪ ਵਿੱਚ ਵਿਲੱਖਣ ਇਸ ਇਮਾਰਤ ਵਿੱਚ ਲਿਫਟ ਸਮੇਤ ਸਾਰੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਇਸ ਮੌਕੇ ਟਰੱਸਟ ਦੇ ਪੰਜਾਬ ਯੂਨਿਟ ਦੇ ਪ੍ਰਧਾਨ ਸ. ਜੱਸਾ ਸਿੰਘ ਸੰਧੂ, ਜਨਰਲ ਸਕੱਤਰ ਸ. ਗਗਨਦੀਪ ਸਿੰਘ ਆਹੂਜਾ, ਟਰੱਸਟ ਦੇ ਡਾਇਰੈਕਟਰ ਸਿਹਤ ਡਾਕਟਰ ਅਮਰ ਆਜ਼ਾਦ, ਮੈਂਬਰਾਂ ਵਿੱਚ ਡਾ. ਆਰ.ਐਸ. ਅਟਵਾਲ, ਡਾ. ਦਲਜੀਤ ਸਿੰਘ ਗਿੱਲ, ਰੈਡ ਕਰਾਸ ਦੇ ਸਕੱਤਰ ਸ. ਪ੍ਰਿਤਪਾਲ ਸਿੰਘ ਸਿੱਧੂ ਵੀ ਹਾਜਰ ਸਨ।