ਬਠਿੰਡਾ : ਮੁੱਖ ਸੰਸਦੀ ਸਕੱਤਰ ਕਰ ਤੇ ਆਬਕਾਰੀ ਸ਼੍ਰੀ ਸਰੂਪ ਚੰਦ ਸਿੰਗਲਾ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਨੂੰ ਗੁੰਮਰਾਹਕੁੰਨ ਪ੍ਰਚਾਰ ਰਾਹੀਂ ਬਦਨਾਮ ਕਰਨ ਵਾਲੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਮੁਕੰਮਲ ਸਿਆਸੀ ਸਫ਼ਾਇਆ ਤੈਆ ਹੈ ਕਿਉਂਕਿ ਪੰਜਾਬ ਦੇ ਲੋਕ ਇਨ੍ਹਾਂ ਪਾਰਟੀਆਂ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ।
ਸਥਾਨਕ ਭਾਗੂ ਰੋਡ ‘ਤੇ 14 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਵਾਟਰ ਵਰਕਸ ਅਤੇ ਟਰੀਟਮੈਂਟ ਪਲਾਂਟ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਸਿੰਗਲਾ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸੂਬੇ ‘ਚ ਰਿਕਾਰਡ ਵਿਕਾਸ ਕਰਵਾਉਣ ਦੀ ਵਚਨਬੱਧਤਾ ‘ਤੇ ਪਹਿਰਾ ਦਿੰਦਾ ਹੋਇਆ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹ ਰਿਹਾ ਹੈ। ਉਨ੍ਹਾਂ ਕਿਹਾ ਕਿ ਗੱਠਜੋੜ ਵਲੋਂ ਕਰਵਾਏ ਗਏ ਵਿਕਾਸ ਦੀ ਹਨ੍ਹੇਰੀ ਸਾਹਮਣੇ ਦਿਸ਼ਾਹੀਣ ਸਿਆਸੀ ਧਿਰਾਂ ਕਾਂਗਰਸ ਅਤੇ ਆਪ ਬੁਰੀ ਤਰ੍ਹਾਂ ਬੁਖਲਾਅ ਗਈਆਂ ਹਨ ਅਤੇ ਬੇਆਧਾਰ ਪੰਜਾਬ ਵਿਰੋਧੀ ਪ੍ਰਚਾਰ ਰਾਹੀਂ ਸਿਆਸੀ ਲਾਹਾ ਲੈਣ ਦੀ ਤਾਕ ‘ਚ ਹਨ। ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਨੂੰ 2017 ‘ਚ ਪੰਜਾਬੀ ਸਿਆਸੀ ਨਕਸ਼ੇ ਤੋਂ ਲਾਂਭੇ ਕਰ ਦੇਣਗੇ।
Êਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਵੱਖ-ਵੱਖ ਪ੍ਰੋਗਰਾਮਾਂ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ‘ਚ ਸ਼੍ਰੀ ਸਿੰਗਲਾ ਨੇ ਕਿਹਾ ਕਿ ਮਹਿਲਾਂ ‘ਚ ਰਹਿਣ ਵਾਲੇ ਕੈਪਟਨ ਨੂੰ ਵੋਟਾਂ ਨੇੜੇ ਆਉਣ ‘ਤੇ ਆਮ ਲੋਕਾਂ ਦਾ ਹੇਜ ਜਾਗਿਆ ਹੈ ਜੋ ਕਿ ਸਿਰਫ਼ ਤੇ ਸਿਰਫ਼ ਸਿਆਸੀ ਸਟੰਟ ਤੋਂ ਬਿਨ੍ਹਾ ਕੁੱਝ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਯਾਦ ਕਰਵਾਇਆ ਕਿ ਇਹ ਉਹ ਹੀ ਕੈਪਟਨ ਅਮਰਿੰਦਰ ਸਿੰਘ ਹਨ ਜਿਹੜੇ ਮੁੱਖ ਮੰਤਰੀ ਹੁੰਦਿਆਂ ਆਮ ਲੋਕਾਂ ਨੂੰ ਤਾਂ ਕੀ ਸਗੋਂ ਆਪਣੇ ਹੀ ਮੰਤਰੀਆਂ, ਵਿਧਾਇਕਾਂ ਅਤੇ ਪਾਰਟੀ ਦੇ ਮੁੱਖ ਆਗੂਆਂ ਨੂੰ ਵੀ ਨਹੀਂ ਮਿਲਦੇ ਸਨ। ਉਨ੍ਹਾਂ ਕਿਹਾ ਕਿ ਅੱਜ ਕੈਪਟਨ ਲੋਕਾਂ ਦੀ ਭਲਾਈ ਨਹੀਂ ਸਗੋਂ ਸੱਤਾ ਪ੍ਰਾਪਤੀ ਦੇ ਏਜੰਡੇ ‘ਤੇ ਚਲਦੇ ਹੋਏ ਢਾਬਿਆਂ ਤੇ ਖਾਣਾ ਖਾਣ ਨੂੰ ਮਜ਼ਬੂਰ ਹਨ।
ਕਾਂਗਰਸੀ ਆਗੂ ਹਰਮੰਦਰ ਸਿੰਘ ਜੱਸੀ ਵਲੋਂ ਜਾਅਲੀ ਵੋਟਾਂ ਬਣਾਉਣ ਦੇ ਲਾਈ ਦੋਸ਼ਾਂ ਸਬੰਧੀ ਪੁੱਛੇ ਜਾਣ ‘ਤੇ ਸ਼੍ਰੀ ਸਿੰਗਲਾ ਨੇ ਕਿਹਾ ਕਿ ਆਉਂਦੀਆਂ ਚੋਣਾਂ ‘ਚ ਪਹਿਲਾਂ ਤੋਂ ਦਿਖ ਰਹੀ ਆਪਣੀ ਹਾਰ ਨੂੰ ਸਮਝਦਿਆਂ ਸ਼੍ਰੀ ਜੱਸੀ ਅਜਿਹੇ ਬੇਬੁਨਿਆਦ ਦੋਸ਼ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਨੂੰ 4 ਸਾਲ ਬਾਅਦ ਬੋਗਸ ਵੋਟਾਂ ਦਾ ਚੇਤਾ ਆ ਗਿਆ ਹੈ ਜਿਸ ਵਿਚ ਕੋਈ ਸਚਾਈ ਨਹੀਂ ਹੈ, ਇਹ ਸਭ ਉਹ ਆਪਣੀ ਅਗਾਊਂ ਹਾਰ ਨੂੰ ਦੇਖਦਿਆਂ ਬਿਆਨ ਕਰ ਰਹੇ ਹਨ।
ਵਿਕਾਸ ਪ੍ਰੋਜੈਕਟ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਸਿੰਗਲਾ ਨੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਵਲੋਂ ਲੋਕਾਂ ਦੀ ਸਹੂਲਤ ਲਈ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਵਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਸ਼ਹਿਰ ਦੇ ਕਈ ਵਾਰਡਾਂ ਜਿਨ੍ਹਾਂ ‘ਚ 6,7,8,9,10,11,14 ਅਤੇ 17 ਵਿਚੋਂ ਪਾਣੀ ਦੀ ਕਿੱਲਤ ਦੀ ਸਮੱਸਿਆ ਪੂਰੀ ਤਰ੍ਹਾਂ ਹੱਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ 14 ਕਰੋੜ ਦੀ ਲਾਗਤ ਵਾਲੇ ਇਸ ਵਾਟਰ ਵਰਕਸ ਅਤੇ ਟਰੀਟਮੈਂਟ ਪਲਾਂਟ ਨਾਲ ਸ਼ਹਿਰ ਦੇ ਹੋਰਨਾਂ ਖੇਤਰਾਂ ‘ਚ ਵੀ ਪੀਣ ਵਾਲੀ ਪਾਣੀ ਦੀ ਸਪਲਾਈ ਹੋਰ ਬੇਹਤਰ ਹੋ ਜਾਵੇਗੀ। ਪ੍ਰੋਜੈਕਟ ਦੀ ਸਾਂਭ-ਸੰਭਾਲ ਬਾਰੇ ਪੁੱਛੇ ਜਾਣ ‘ਤੇ ਸ਼੍ਰੀ ਸਿੰਗਲਾ ਨੇ ਕਿਹਾ ਕਿ ਇਸ ਸਬੰਧੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਅਤੇ ਲੋੜੀਂਦਾ ਸਟਾਫ਼ ਮੁਹੱਈਆ ਕਰਵਾਇਆ ਗਿਆ ਹੈ ਤਾਂ ਜੋ ਆਮ ਲੋਕਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਅਰ ਨਗਰ ਨਿਗਮ ਬਠਿੰਡਾ ਸ਼੍ਰੀ ਬਲਵੰਤ ਰਾਏ ਨਾਥ, ਕਮਿਸ਼ਨਰ ਨਗਰ ਨਿਗਮ ਸ਼੍ਰੀ ਅਨਿਲ ਗਰਗ, ਡਾ. ਓਮ ਪ੍ਰਕਾਸ਼ ਸ਼ਰਮਾ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਕੌਂਸਲਰ ਵੀ ਮੌਜੂਦ ਸਨ