ਪਟਿਆਲਾ : ਪਟਿਆਲਾ ਪੁਲਿਸ ਨੇ ਨਸ਼ਿਆਂ ਦੇ ਸੌਦਾਗਰਾਂ ਖਿਲਾਫ਼ ਵਿੱਢੀ ਵੱਡੀ ਮੁਹਿੰਮ ਤਹਿਤ ਅੱਜ ਦੋ ਵੱਖ ਵੱਖ ਮਾਮਲਿਆਂ ਵਿੱਚ ਅਫ਼ਰੀਕੀ ਮੂਲ ਦੇ ਇੱਕ ਵਿਦੇਸ਼ੀ ਨਾਗਰਿਕ ਸਮੇਤ 4 ਵਿਅਕਤੀਆਂ ਨੂੰ 255 ਗਰਾਂਮ ਹੈਰੋਇਨ ਅਤੇ 260 ਗਰਾਂਮ ਨਸ਼ੀਲੇ ਪਾਊਡਰ ਸਮੇਤ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਇਸ ਬਾਰੇ ਪੁਲਿਸ ਲਾਈਨ ਵਿਖੇ ਕੀਤੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਐਸ.ਪੀ. ਇਨਵੈਸਟੀਗੇਸ਼ਨ ਸ਼੍ਰੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਜ਼ਿਲ੍ਹੇ ਦੇ ਪੁਲਿਸ ਮੁਖੀ ਸ਼੍ਰੀ ਗੁਰਮੀਤ ਸਿੰਘ ਚੌਹਾਨ ਵੱਲੋਂ ਦਿੱਤੀਆਂ ਹਦਾਇਤਾਂ ਤਹਿਤ ਥਾਣਾ ਸਿਵਲ ਲਾਈਨ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਦੀ ਅਗਵਾਈ ‘ਚ ਏ.ਐਸ.ਆਈ. ਜਸਪਾਲ ਸਿੰਘ ਵੱਲੋਂ ਆਪਣੀ ਪੁਲਿਸ ਪਾਰਟੀ ਸਮੇਤ ਨਾਭਾ ਰੋਡ ‘ਤੇ ਸਥਿਤ ਪੀ.ਆਰ.ਟੀ.ਸੀ. ਦੀ ਵਰਕਸ਼ਾਪ ਕੋਲ ਵਿਸ਼ੇਸ਼ ਨਾਕਾਬੰਦੀ ਦੌਰਾਨ ਪੀ.ਬੀ.11-ਬੀ.ਟੀ. 3704 ਸਵਿੱਫਟ ਕਾਰ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਵਿੱਚ ਸਵਾਰ 2 ਵਿਅਕਤੀਆਂ ਜਿਹਨਾਂ ਦੀ ਪਹਿਚਾਣ ਸੰਜੀਵ ਕੁਮਾਰ ਉਰਫ ਸੰਜੇ ਯਾਦਵ ਉਰਫ ਦਾਣਾ ਪੁੱਤਰ ਕੌਸ਼ਵ ਯਾਦਵ ਵਾਸੀ ਪਾਤੜਾਂ ਅਤੇ ਕੁਲਦੀਪ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਕਲਵਾਣੂ ਰੋਡ ਘੱਗਾ ਵਜੋਂ ਹੋਈ ਅਤੇ ਤਲਾਸ਼ੀ ਦੌਰਾਨ ਉਹਨਾਂ ਦੇ ਕਬਜੇ ‘ਚੋਂ 260 ਗਰਾਂਮ ਚਿੱਟਾ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ । ਜਿਸ ਸਬੰਧੀ ਉਹਨਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਜਦੋਂ ਪੁੱਛ ਗਿੱਛ ਕੀਤੀ ਗਈ ਤਾਂ ਉਹਨਾਂ ਮੰਨਿਆਂ ਕਿ ਉਹ ਇਹ ਨਸ਼ੀਲਾ ਪਾਊਡਰ ਜੰਮੂ ਕਸ਼ਮੀਰ ਤੋਂ ਲੈ ਕੇ ਆਏ ਸਨ ਅਤੇ ਇਸ ਨੂੰ ਪਟਿਆਲਾ ਨੇੜੇ ਵੇਚਣਾ ਸੀ। ਐਸ.ਪੀ. ਨੇ ਦੱਸਿਆ ਕਿ ਇਸ ਸਬੰਧੀ ਥਾਣਾ ਸਿਵਲ ਲਾਈਨ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਨੰਬਰ 135 ਦਰਜ ਕੀਤਾ ਗਿਆ ਹੈ।
ਐਸ.ਪੀ. ਇਨਵੈਸਟੀਗੇਸ਼ਨ ਨੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਦੂਸਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਚੌਂਕੀ ਮਾਡਲ ਟਾਊਨ ਦੇ ਇੰਚਾਰਜ ਏ.ਐਸ.ਆਈ. ਗੁਰਨਾਮ ਸਿੰਘ ਦੀ ਅਗਵਾਈ ਵਿੱਚ ਏ.ਐਸ.ਆਈ. ਗੁਰਮੇਜ ਸਿੰਘ, ਏ.ਐਸ.ਆਈ. ਗੁਰਮੇਲ ਸਿੰਘ ਅਤੇ ਏ.ਐਸ.ਆਈ. ਬਰਿੰਦਰਪਾਲ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਸਿਵਲ ਲਾਈਨ ਇਲਾਕੇ ਵਿੱਚ ਵਾਹਨਾਂ ਦੀ ਵਿਸ਼ੇਸ਼ ਚੈਕਿੰਗ ਦੌਰਾਨ ਡੀ.ਐਲ. 9 ਸੀ. ਏ.ਬੀ.-0564 ਨੰਬਰ ਦੀ ਚਿੱਟੇ ਰੰਗ ਦੀ ਬੈਗਨਾਰ ਕਾਰ ਨੂੰ ਜਦੋਂ ਰੋਕ ਕੇ ਚੈਕ ਕੀਤਾ ਗਿਆ ਤਾਂ ਉਸ ਵਿੱਚ ਸਵਾਰ 2 ਵਿਅਕਤੀਆਂ ਦੀ ਪਹਿਚਾਣ ਕਾਰ ਚਾਲਕ ਰਾਕੇਸ਼ ਕੁਮਾਰ ਸ਼ਰਮਾਂ ਪੁੱਤਰ ਗਰੀਬ ਦਾਸ ਸ਼ਰਮਾ ਵਾਸੀ ਮਕਾਨ ਨੰ: ਈ-270 ਭਾਰਤ ਵਿਹਾਰ ਕਕਰੋਲਾ ਸਾਊਥ ਵੈਸਟ ਨਵੀਂ ਦਿੱਲੀ ਅਤੇ ਅਗਲੀ ਸੀਟ ‘ਤੇ ਬੈਠੇ ਵਿਅਕਤੀ ਦੀ ਪਹਿਚਾਣ ਯੌਸਫ ਜੇਮਜ ਪੁੱਤਰ ਪਾਸਟਰ ਕਲਿਫ ਈਮੈਟੋ ਵਾਸੀ ਅਬਾਆਬੀਆ ਨਾਈਜ਼ੇਰੀਆ ਹਾਲ ਵਾਸੀ ਓਮ ਵਿਹਾਰ ਮਕਾਨ ਨੰ: 3, ਫੇਸ ਨੰਬਰ 3 ਨਵੀਂ ਦਿੱਲੀ ਵਜੋਂ ਹੋਈ। ਸ੍ਰੀ ਵਿਰਕ ਨੇ ਦੱਸਿਆ ਕਿ ਵਿਦੇਸ਼ੀ ਨਾਗਰਿਕ ਜੌਸਫ ਜੇਮਜ ਦੀ ਗੋਦੀ ਵਿੱਚ ਰੱਖੇ ਕਾਲੇ ਰੰਗ ਦੇ ਤਣੀਦਾਰ ਬੈਗ ਨੂੰ ਜਦੋਂ ਚੈਕ ਕੀਤਾ ਗਿਆ ਤਾਂ ਉਸ ਵਿੱਚੋਂ 255 ਗਰਾਂਮ ਹੈਰੋਇਨ ਬਰਾਮਦ ਹੋਈ। ਇਸ ਸਬੰਧੀ ਇਹਨਾਂ ਦੋਵਾਂ ਕਥਿਤ ਦੋਸ਼ੀਆਂ ਦੇ ਖਿਲਾਫ ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਨੰਬਰ 137 ਦਰਜ ਕੀਤਾ ਗਿਆ। ਐਸ.ਪੀ. ਨੇ ਦੱਸਿਆ ਕਿ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਮੰਨਿਆਂ ਹੈ ਕਿ ਉਹ ਇਹ ਹੈਰੋਇਨ ਦਿੱਲੀ ਤੋਂ ਲੈ ਕੇ ਆਏ ਸਨ ਅਤੇ ਇਸ ਨੂੰ ਉਹਨਾਂ ਨੇ ਪਟਿਆਲਾ ਨੇੜਲੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਨਸ਼ਾ ਲੈਂਦੇ ਲੜਕਿਆਂ ਨੂੰ ਮਹਿੰਗੇ ਭਾਅ ‘ਤੇ ਵੇਚਣਾ ਸੀ। ਉਹਨਾਂ ਦੱਸਿਆ ਕਿ 2 ਵੱਖ-ਵੱਖ ਮਾਮਲਿਆਂ ਵਿੱਚ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਅੰਤਰ ਰਾਸ਼ਟਰੀ ਬਾਜ਼ਾਰ ਵਿੱਚ ਕੀਮਤ 55 ਲੱਖ ਰੁਪਏ ਬਣਦੀ ਹੈ। ਉਹਨਾਂ ਦੱਸਿਆ ਕਿ ਪੁਲਿਸ ਰਿਮਾਂਡ ਹਾਸਲ ਕਰਕੇ ਸਾਰੇ ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਤਾਂ ਕਿ ਨਸ਼ਿਆਂ ਦੇ ਮੁੱਖ ਸਰਗਣਿਆਂ ਤੱਕ ਪਹੁੰਚਿਆ ਜਾ ਸਕੇ। ਅੱਜ ਦੇ ਪੱਤਰਕਾਰ ਸੰਮੇਲਨ ਵਿੱਚ ਐਸ.ਪੀ. ਇਨਵੈਸਟੀਗੇਸ਼ਨ ਦੇ ਨਾਲ ਡੀ.ਐਸ.ਪੀ. ਸਿਟੀ 1 ਸ਼੍ਰੀ ਹਰਪਾਲ ਸਿੰਘ, ਥਾਣਾ ਸਿਵਲ ਲਾਈਨ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ, ਏ.ਐਸ.ਆਈ. ਜਸਪਾਲ ਸਿੰਘ, ਏ.ਐਸ.ਆਈ. ਸ਼੍ਰੀ ਗੁਰਨਾਮ ਸਿੰਘ, ਏ.ਐਸ.ਆਈ ਸ਼੍ਰੀ ਗੁਰਮੇਜ ਸਿੰਘ, ਏ.ਐਸ.ਆਈ. ਸ਼੍ਰੀ ਗੁਰਮੇਜ਼ ਸਿੰਘ, ਏ.ਐਸ.ਆਈ. ਸ਼੍ਰੀ ਬਰਿੰਦਰਪਾਲ ਸਿੰਘ ਵੀ ਹਾਜ਼ਰ ਸਨ।