ਪਟਿਆਲਾ : ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਦੇ ਚੇਅਰਮੈਨ ਸ਼੍ਰੀ ਹਰਮਿੰਦਰ ਸਿੰਘ ਮਦਾਨ ਦੀ ਸਰਪ੍ਰਸਤੀ ਹੇਠ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਮੈਰਾਥਨ ਦੌੜ ਫੂਲ ਸਿਨੇਮਾ ਤੋਂ ਬਾਰਾਦਰੀ ਗਾਰਡਨ ਮਹਾਰਾਣੀ ਕਲੱਬ ਤੱਕ ਕੀਤੀ ਗਈ। ਇਸ ਮੈਰਾਥਨ ਦੌੜ ਵਿੱਚ ਸਕੂਲਾਂ ਦੇ 200 ਤੋਂ ਵੱਧ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਹਿੱਸਾ ਲਿਆ, । ਰੈਲੀ ਨੂੰ ਰਵਾਨਾ ਕਰਨ ਸਮੇਂ ਸੰਬੋਧਨ ਕਰਦੇ ਹੋਏ ਪਟਿਆਲਾ ਦੇ ਡਵੀਜ਼ਨਲ ਕਮਿਸ਼ਨਰ ਸ਼੍ਰੀ ਅਜੀਤ ਸਿੰਘ ਪੰਨੂ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਇਸ ਉਦਮ ਕਦਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਜੰਗ ਨਾਲ ਪੰਜਾਬ ਨਸ਼ਾ ਮੁਕਤ ਹੋ ਰਿਹਾ ਹੈ। ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਸ ਦੇਸ਼ ਵਿੱਚ ਗਰੀਬੀ, ਬੇਰੁਜ਼ਗਾਰੀ ਅਤੇ ਅਨਪੜ੍ਹਤਾ ਵੀ ਬਹੁਤ ਹੀ ਗੰਭੀਰ ਮਸਲਾ ਹੈ। ਇਸ ਤੋਂ ਇਲਾਵਾ ਨਸ਼ਿਆਂ ਨੇ ਇਨ੍ਹਾਂ ਮੁਸੀਬਤਾਂ ਵਿੱਚ ਹੋਰ ਵਾਧਾ ਕੀਤਾ ਹੈ।
ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਐਚ.ਐਸ. ਮਦਾਨ ਨੇ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੇ ਅਪਰਾਧ ਤੋਂ ਬਚਾਉਣਾ ਸਾਡਾ ਸਾਰਿਆਂ ਦਾ ਫਰਜ਼ ਹੈ ਕਿਉਂਕਿ ਸਿਹਤਮੰਦ ਸਮਾਜ ਦੇ ਨਿਰਮਾਣ ਵਿੱਚ ਹਰੇਕ ਨਾਗਰਿਕ ਦਾ ਯੋਗਦਾਨ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਨਸ਼ਿਆਂ ਕਰਕੇ ਅਪਰਾਧਾਂ ਦੀ ਗਿਣਤੀ ਵੱਧ ਰਹੀ ਹੈ, ਪਰਿਵਾਰ ਟੁੱਟ ਰਹੇ ਹਨ, ਲੋਕਾਂ ਦੀ ਮਨ ਦੀ ਸ਼ਾਂਤੀ, ਸਨਮਾਨ, ਸਿਹਤ ਅਤੇ ਧਨ ਦੀ ਬੁਰੀ ਤਰ੍ਹਾਂ ਬਰਬਾਦੀ ਹੋ ਰਹੀ ਹੈ। ਇਸ ਮੌਕੇ ‘ਤੇ ਸ਼੍ਰੀ ਅਸ਼ੀਸ਼ ਕੁਮਾਰ ਬਾਂਸਲ, ਸੀ.ਜੇ.ਐਮ ਕਮ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਨੇ ਵੀ ਵਿਦਿਆਰਥੀਆਂ ਨੂੰ ਕਿਹਾ ਕਿ ਨਸ਼ੇ ਕਰਨ ਵਾਲਾ ਵਿਅਕਤੀ ਕੇਵਲ ਆਪਣਾ ਹੀ ਨਹੀਂ ਆਪਣੇ ਪਰਿਵਾਰ ਅਤੇ ਸਮਾਜ ਦਾ ਵੀ ਬੁਰਾ ਕਰਦਾ ਹੈ ਅਤੇ ਇਸ ਤੋਂ ਬਚਣਾ ਚਾਹੀਦਾ ਹੈ। ਸਿਵਲ ਸਰਜਨ ਪਟਿਆਲਾ ਡਾ.ਰਾਜੀਵ ਭੱਲਾ ਨੇ ਨਸ਼ਿਆਂ ਨਾਲ ਹੋਣ ਵਾਲੀਆਂ ਬੀਮਾਰੀਆਂ ਬਾਰੇ ਦੱਸਿਆ ਅਤੇ ਕਿਹਾ ਕਿ ਕੈਂਸਰ ਹੋਣ ਦਾ ਮੁੱਖ ਕਾਰਨ ਹੀ ਨਸ਼ਾ ਅਤੇ ਤੰਬਾਕੂ ਹੈ। ਨਸ਼ਿਆਂ ਤੋਂ ਬੱਚਣਾ ਚਾਹੀਦਾ ਹੈ ਜੇਕਰ ਕੋਈ ਇਸ ਦੀ ਚਪੇਟ ਵਿੱਚ ਆ ਗਿਆ ਹੈ ਤਾਂ ਇਸ ਦਾ ਇਲਾਜ ਨਸ਼ਾ ਮੁਕਤ ਕੇਂਦਰ ‘ਤੇ ਕੀਤਾ ਜਾ ਸਕਦਾ ਹੈ।
ਇਸ ਮੌਕੇ ‘ਤੇ ਨਸ਼ਿਆਂ ਵਿਰੁੱਧ ਦਸਤਖਤ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਗਈ ਅਤੇ ਅੰਤ ਵਿੱਚ ਗੁੱਬਾਰੇ ਹਵਾ ਵਿੱਚ ਛੱਡੇ ਗਏ। ਨਸ਼ਿਆਂ ਵਿਰੁੱਧ ਇਸ ਮੈਰਾਥਨ ਦੌੜ ‘ਚ ਸ਼੍ਰੀ ਮਹਿੰਦਰਪਾਲ ਸਿੰਘ ਏ.ਡੀ.ਸੀ., ਸ਼੍ਰੀ ਅਸ਼ੀਸ਼ ਕੁਮਾਰ ਬਾਂਸਲ, ਸੀ.ਜੇ.ਐਮ ਕਮ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ, ਪਟਿਆਲਾ ਦੇ ਜੱਜ ਸਾਹਿਬਾਨ, ਬਾਰ ਕੌਂਸਲਾਂ ਦੇ ਪ੍ਰਧਾਨ, ਵਕੀਲ ਭਾਈਚਾਰਾ ਅਤੇ ਮੈਂਬਰ, ਡਾ. ਰਾਜੀਵ ਭੱਲਾ, ਸਿਵਲ ਸਰਜਨ ਪਟਿਆਲਾ ਅਤੇ ਸ਼੍ਰੀਮਤੀ ਸ਼ਾਇਨਾ ਕਪੂਰ ਨੇ ਵੀ ਹਿੱਸਾ ਲਿਆ।