ਸਮਾਣਾ, (ਪਟਿਆਲਾ) :ਗਰੀਬ ਲੋਕਾਂ ਦਾ ਘਰ ਬਣਾਉਣ ਦਾ ਸੁਪਨਾ ਅੱਜ ਉਸ ਵੇਲੇ ਸਾਕਾਰ ਹੋਇਆ ਜਦੋਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਹਲਕਾ ਸਮਾਣਾ ਦੇ ਵਿਧਾਇਕ ਸ. ਸੁਰਜੀਤ ਸਿੰਘ ਰੱਖੜਾ ਨੇ ਸਮਾਣਾ ਉਪ ਮੰਡਲ ਦੇ ਕਰੀਬ 5 ਪਿੰਡਾਂ ਚੁੱਪਕੀ, ਚੱਕ ਅੰਮਰਿਤਸਰ, ਅਸਰਪੁਰ, ਰੇਤਗੜ ਅਤੇ ਮਾਜਰੀ ਦੇ ਕਰੀਬ 255 ਪਰਿਵਾਰਾਂ ਨੂੰ ਘਰ ਬਣਾਉਣ ਲਈ 5-5 ਮਰਲੇ ਦੇ ਪਲਾਟ ਮੁਹੱਈਆਂ ਕਰਵਾਏ।
ਸ. ਰੱਖੜਾ ਨੇ ਅੱਜ ਚੁੱਪਕੀ ਪਿੰਡ ਦੇ 150 ਗਰੀਬ ਪਰਿਵਾਰਾਂ, ਚੱਕ ਅੰਮਰਿਤਸਰ ਦੇ 15, ਅਸਰਪੁਰ, ਰੇਤਗੜ ਤੇ ਮਾਜਰੀ ਪਿੰਡਾਂ ਦੇ ਕਰੀਬ 90 ਗਰੀਬ ਪਰਿਵਾਰਾਂ ਨੂੰ ਘਰ ਬਣਾਉਣ ਲਈ ਪਲਾਟ ਤਕਸੀਮ ਕੀਤੇ। ਇਸ ਮੌਕੇ ਸੰਬੋਧਨ ਕਰਦਿਆਂ ਸ. ਰੱਖੜਾ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਘਰ ਮੁਹੱਈਆ ਕਰਾਉਣ ਦੇ ਆਪਣੇ ਵਾਅਦੇ ਨੂੰ ਅਮਲੀ ਜਾਮਾ ਪਹਿਨਾਇਆ ਹੈ। ਉਹਨਾਂ ਦੱਸਿਆ ਕਿ ਰਾਜ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਵੱਧ ਹੈ। ਉਹਨਾਂ ਦੱਸਿਆ ਕਿ ਸਮਾਣਾ ਵਿਧਾਨ ਸਭਾ ਹਲਕੇ ਦੇ ਬਾਕੀ ਪਿੰਡਾਂ ਵਿੱਚ ਵੀ ਗਰੀਬ ਪਰਿਵਾਰਾਂ ਨੂੰ ਘਰ ਬਣਾਉਣ ਲਈ ਪਲਾਟ ਮੁਹੱਈਆ ਕਰਾਏ ਜਾਣਗੇ। ਇਸ ਮੌਕੇ ਸ. ਰੱਖੜਾ ਦੇ ਨਾਲ ਸ. ਨਾਜਮ ਸਿੰਘ ਸਾਬਕਾ ਸਰਪੰਚ, ਰਣਧੀਰ ਸਿੰਘ ਜੋੜੇ ਮਾਜਰਾ, ਸ. ਦਲਜੀਤ ਸਿੰਘ, ਸ੍ਮਤੀ ਅਨੂਪ ਕੌਰ, ਸ. ਗੁਰਨਾਮ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਸ. ਨਰਮਿੰਦਰ ਸਿੰਘ ਗਰੇਵਾਲ, ਸ੍ਮਤੀ ਸੁਰੇਸ਼ ਰਾਣੀ , ਸ. ਤਰਲੋਚਨ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।