ਪਟਿਆਲਾ : ਭਾਜਪਾ ਸਰਕਾਰ ਵੱਲੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਮੇਤ ਦੇਸ਼ ਦੇ ਹੋਰ ਵਿਦਿਅਕ ਅਦਾਰਿਆਂ ਉਪਰ ਆਰ.ਐਸ.ਐਸ ਦਾ ਫਿਰਕੂ-ਫਾਸੀਵਾਦੀ ਅਜੰਡਾ ਥੋਪਣ ਵਿਰੁੱਧ ਅਤੇ ਜੈ.ਐਨ.ਯੂ. ਦੇ ਵਿਦਿਆਰਥੀ ਆਗੂਆਂ ਕਨੱਈਆਂ ਕੁਮਾਰ ਉੁਮਰ ਖਾਲਿਦ ਸਮੇਤ ਹੋਰ ਵਿਦਿਆਰਥੀਆਂ ਉੱਪਰ ਦੇਸ਼ ਧਰੋਹ ਦੇ ਮੁਕੱਦਮੇ ਰੱਦ ਕਰਨ ਅਤੇ ਬਸਤੀਵਾਦੀ ਕਾਨੂੰਨ ਦੇਸ਼ ਧਰੋਹ ਨੂੰ ਖਤਮ ਕਰਨ ਆਦਿ ਮੰਗਾਂ ਨੂੰ ਲੈ ਕੇ 27 ਫਰਵਰੀ ਨੂੰ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਸਾਂਝੇ ਰੂਪ ‘ਚ ਵਿਰੋਧ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ। ਸੀਟੂ ਆਗੂ ਸੁੱਚਾ ਸਿੰਘ ਦੀ ਪ੍ਧਾਨਗੀ ਹੇਠ ਹੋਈ ਮੀਟਿੰਗ ਵਿੱਚ ਏਟਕ, ਸੀਟੂ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਜਮਹੂਰੀ ਕਿਸਾਨ ਸਭਾ,ਕੁਲ ਹਿੰਦ ਕਿਸਾਨ ਫੈਡਰੇਸ਼ਨ, ਨੌਜਵਾਨ ਭਾਰਤ ਸਭਾ, ਦਿਹਾਤੀ ਮਜਦੂਰ ਸਭਾ, ਪੰਜਾਬ ਨਿਰਮਾਣ ਮਜਦੂਰ ਯੂਨੀਅਨ, ਟੈਕਨੀਕਤਲ ਸਰਵਿਸਜ਼ ਯੂਨੀਅਨ, (ਹਿਰਾਵਲ ਦਸਤਾ) ਗਰੁੱਪ, ਡੈਮੋਕਰੇਟਿਕ ਸਟੂਡੈਂਟਸ ਯੂਨੀਅਨ (ਡੀ.ਐਸ.ਓ), ਦੋਧੀ ਡੈਅਰੀ ਯੂਨੀਅਨ, ਲੋਕ ਸੰਗਰਾਮ ਮੰਚ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਤੀਨਿਧ ਸ਼ਾਮਲ ਹੋਏ। ਮੀਟਿੰਗ ਨੇ ਮਤਾ ਪਾਸ ਕਰਕੇ ਮੋਦੀ ਹਕੂਮਤ ਦੇ ਭਗਵਾਕਰਨ ਦੇ ਅਜੰਡੇ ਵਿਰੁੱਧ ਮੁਹਿੰਮ ਚਲਾਉਣ ਦਾ ਫੈਸਲਾ ਕਰਦੇ ਹੋਏ ਯੂਨੀਵਰਸਿਟੀ ਵਿੱਚ ਸਰਕਾਰ ਦੇ ਪੁਲੀਸ ਦੀ ਦਖਲ-ਅੰਦਾਜ਼ੀ ਬੰਦ ਕੀਤੇ ਜਾਣ ਅਤੇ ਗ੍ਰਿਫਤਾਰ ਕੀਤੇ ਵਿਦਿਆਰਥੀ ਤੇ ਅਧਿਆਪਕਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ।
ਪਰੈੱਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਅਮਰਜੀਤ ਸਿੰਘ ਘਨੌਰ ਨੇ ਕਿਹਾ ਕਿ ਆਰ.ਐਸ.ਐਸ. ਤੇ ਕਾਰਪੋਰੇਟ ਦੇ ਪਿੱਲਰਾਂ ਤੇ ਖੜੀ ਮੋਦੀ ਸਰਕਾਰ ਵੱਲੋਂ ਦੇਸ਼ ਭਰ ‘ਚ ਘੱਟ ਗਿਣਤੀਆਂ, ਦਲਿਤਾਂ, ਅਗਾਹਵਧੂ ਤੇ ਜਮਹੂਰੀ ਪਸੰਦ ਬੁੱਧੀਜੀਵੀਆਂ ਤੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਇੱਕ ਮੁਹਿੰਮ ਛੇੜ ਰੱਖੀ ਹੈ। ਉਨਾ ਨੂੰ ਦੇਸ਼ ਧਰੋਹੀ ਸਾਬਤ ਕਰਨ ਲਈ ਹੱਥਕੰਡੇ ਅਪਣਾਏ ਜਾ ਰਹੇ ਹਨ। ਇਸੇ ਕੜੀ ਤਹਿਤ ਸੰਸਾਰ ਪ੍ਸਿੱਧ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਤੇ ਅਧਿਆਪਕਾਂ ਨੂੰ ਬਦਨਾਮ ਕਰਨ ਦੀ ਕੋਝੀ ਕੌਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ। ਇਸ ਵਿਰੁੱਧ ਜਿਲਾ ਭਰ’ਚ ਜੋਰਦਾਰ ਮੁਹਿੰਮ ਚਲਾਈ ਜਾਵੇਗੀ। ਉਨਾ ਕਿਹਾ ਕਿ ਜੱਥੇਬੰਦੀਆਂ ਵੱਲੋਂ ਵਿਦਿਆਰਥੀਆਂ ਤੇ ਅਧਿਆਪਕਾਂ ਤੇ ਦਰਜ਼ ਕੇਸ ਰੱਦ ਕਰਨ ਆਦਿ ਸਮੇਤ ਹੋਰ ਸਬੰਧੀ ਮੰਗ ਪੱਤਰ ਵੀ ਦਿੱਤਾ ਜਾਵੇਗਾ।
ਮੀਟਿੰਗ ਵਿੱਚ ਨਿਰਮਲ ਸਿੰਘ ਧਾਲੀਵਾਲ, ਡਾ. ਦਰਸ਼ਨ ਪਾਲ, ਰਮਿੰਦਰ ਪਟਿਆਲਾ, ਸੁਰੇਸ਼ ਆਲਮਪੁਰ, ਪੂਰਨ ਚੰਦ ਨਨਹੇੜਾ, ਹਰਭਜਨ ਸਿੰਘ, ਮਨੋਹਰ ਲਾਲ ਸ਼ਰਮਾ, ਗੁਰਦੀਪ ਸਿੰਘ, ਅਮਰਜੀਤ ਸਿੰਘ ਬਾਜੋਕੇ, ਪਰੇਮ ਸਿੰਘ ਨਨਵਾਂ, ਸਤਵੰਤ ਸਿੰਘ, ਪਵਨ ਸੋਗਲਪੁਰ, ਮਹਿੰਦਰ ਸਿੰਘ, ਹਰਜਿੰਦ ਸਿੰਘ, ਰਣਜੀਤ ਸਿੰਘ, ਸਵਾਜਪੁਰ ਅਤੇ ਹੋਰ ਸਾਥੀ ਹਾਜ਼ਰ ਸਨ।