ਪਟਿਆਲਾ : ਡੈਮੋਕਰੇਟਿਕ ਲਾਇਰਜ਼ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਸੀਨੀਅਰ ਐਡਵੋਕੇਟ ਸ੍ਰ. ਕਪੂਰ ਸਿੰਘ ਚੀਮਾ ਜੀ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਹੈਦਰਾਬਾਦ ਯੂਨੀਵਰਸਿਟੀ ਦੇ ਪੀ.ਐਚ.ਡੀ. ਦੇ ਖੋਜ ਵਿਦਿਆਰਥੀ ਰੋਹਿਤ ਵਿਮੁਲਾ ਦੀ ਹੋਈ ਮੌਤ ਉੱਤੇ ਦੁੱਖ ਦਾ ਇਜ਼ਹਾਰ ਕੀਤਾ। ਇਸ ਸਮੇਂ ਡੈਮੋਕਰੇਟਿਕ ਲਾਇਰਜ਼ ਐਸੋਸੀਏਸ਼ਨ ਦੇ ਸੂਬਾ ਕੋ ਕਨਵੀਨਰ ਐਡਵੋਕੇਟ ਰਾਜੀਵ ਲੋਹਟਬੱਦੀ ਨੇ ਕਿਹਾ ਕਿ ਦੇਸ਼ ਅੰਦਰ ਲਗਾਤਾਰ ਅਸ਼ਹਿਣਸ਼ੀਲਤਾ ਦਾ ਮਾਹੌਲ ਵੱਧਦਾ ਜਾ ਰਿਹਾ ਹੈ ਅਤੇ ਸੋਚੀ ਸਮਝੀ ਸਾਜਿਸ਼ ਤਹਿਤ ਦੇਸ਼ ਦੀਆਂ ਵਿਦਿਅਕ ਅਤੇ ਸਭਿਆਚਾਰਕ ਸੰਸਥਾਵਾਂ ਦਾ ਭਗਵਾਕਰਨ ਕੀਤਾ ਜਾ ਰਿਹਾ ਹੈ। ਜਿਸ ਕਰਕੇ ਰੋਹਿਤ ਵਿਮੁਲਾ ਦੀ ਇਹ ਮੌਤ ਜਿੱਥੇ ਸੰਵੇਦਨਸ਼ੀਲ ਲੋਕਾਂ ਦੇ ਮਨਾਂ ਉਪਰ ਡੂੰਘਾ ਅਸਰ ਪਾ ਰਹੀ ਹੈ ਇਹ ਘਟਨਾ ਨੇ ਸਿੱਧ ਕਰ ਦਿੱਤਾ ਹੈ ਰਾਜਨੀਤਿਕ ਸਾਜਿਸ਼ ਤਹਿਤ ਹੋਣਹਾਰ ਦਲਿਤ ਵਿਦਿਆਰਥੀਆਂ ਨੂੰ ਲਗਾਤਾਰ ਘੇਰਾਬੰਦੀ ਕਰਕੇ ਖੁਦਕੁਸ਼ੀ ਵਰਗੇ ਕਦਮ ਉਠਾਉਣੇ ਪੈ ਰਹੇ ਹਨ। ਇਹ ਖੁਦਕਸ਼ੀ ਨਾ ਹੋ ਕੇ ਨਵੇਂ ਪੈਦਾ ਹੋ ਰਹੇ ਡਾਕਟਰ ਅੰਬੇਦਕਰ ਵਰਗੇ ਮਹਾਨ ਸ਼ਖਸ਼ੀਅਤਾਂ ਦਾ ਕਤਲ ਹੈ। ਜਿਸ ਦੀ ਡੈਮੋਕਰੇਟਿਕ ਲਾਇਰਜ਼ ਐਸੋਸੀਏਸ਼ਨ ਪੁਰਜੋਰ ਨਿਖੇਧੀ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਕੇਂਦਰੀ ਸਿੱਖਿਆ ਮੰਤਰੀ ਸਮਰਿਤੀ ਇਰਾਨੀ, ਕੇਂਦਰੀ ਮੰਤਰੀ ਦੱਤਾ ਰਾਏ ਅਤੇ ਹੈਦਰਾਬਾਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਨੂੰ ਫੌਰੀ ਬਰਖਾਸਤ ਕੀਤਾ ਜਾਵੇ ਅਤੇ ਐਸ.ਸੀ.ਐਸ.ਟੀ. ਐਕਟ ਤਹਿਤ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਐਡਵੋਕੇਟ ਬਲਜਿੰਦਰ ਸਿੰਘ ਖੇੜੀ, ਅਲੰਕਾਰ ਅਰੋੜਾ, ਨਵਕਿਰਨ ਸਿੰਘ ਸੋਢੀ, ਦਲਜੀਤ ਸਿੰਘ, ਕੁਲਦੀਪ ਸਿੰਘ ਜੋਸ਼ਨ, ਰਾਜੀਵ ਲੋਹਟਬੱਦੀ, ਕਪੂਰ ਸਿੰਘ ਚੀਮਾ ਅਤੇ ਰਣਜੀਤ ਸਿੰਘ ਹਾਜਰ ਸਨ।