ਪਟਿਆਲਾ,:ਆਪਣੀ ਸੁਰੀਲੀ ਆਵਾਜ਼ ਸਦਕਾ ਦੇਸ਼-ਵਿਦੇਸ਼ ਦੇ ਕਲਾ ਪਰੇਮੀਆਂ ਦੇ ਮਨਾਂ ‘ਚ ਆਪਣੀ ਵਿਸ਼ੇਸ਼ ਪਛਾਣ ਸਥਾਪਤ ਕਰਨ ਵਾਲੀ ਪ੍ਸਿੱਧ ਲੋਕ ਗਾਇਕਾ ਸ਼੍ਮਤੀ ਮਨਪਰੀਤ ਅਖ਼ਤਰ ਦਾ ਅੱਜ ਪਟਿਆਲਾ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ ਕਰੀਬ 52 ਵਰ੍ਹਿਆਂ ਦੇ ਸਨ। ਉਨਾਂ ਦੀ ਮਰਿਤਕ ਦੇਹ ਨੂੰ ਬਡੂੰਗਰ ਨੇੜੇ ਸਥਿਤ ਕਬਰਿਸਤਾਨ ‘ਚ ਸਪੁਰਦ-ਏ-ਖ਼ਾਕ ਕੀਤਾ ਗਿਆ।
ਲੋਕ ਗਾਇਕਾ ਬੀਬਾ ਮਨਪਰੀਤ ਅਖ਼ਤਰ ਦੇ ਦਿਹਾਂਤ ‘ਤੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਸੋਹਨ ਸਿੰਘ ਠੰਡਲ ਤੇ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਦੁੱਖ ਦਾ ਪ੍ਗਟਾਵਾ ਕਰਦਿਆਂ ਪੀੜਤ ਪਰਿਵਾਰ ਨਾਲ ਹਮਦਰਦੀ ਜਤਾਈ ਹੈ। ਮੁੱਖ ਮੰਤਰੀ ਸ. ਬਾਦਲ ਨੇ ਬੀਬਾ ਅਖ਼ਤਰ ਦੇ ਅਕਾਲ ਚਲਾਣੇ ‘ਤੇ ਡੂੰਘਾ ਅਫ਼ਸੋਸ ਜ਼ਾਹਿਰ ਕੀਤਾ। ਉਨਾਂ ਕਿਹਾ ਕਿ ਆਪਣੀ ਸਾਫ਼ ਸੁਥਰੀ ਗਾਇਕੀ ਦੇ ਰਾਹੀਂ ਵੱਡਾ ਮੁਕਾਮ ਹਾਸਲ ਕਰਕੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਵਾਲੇ ਬੀਬਾ ਮਨਪਰੀਤ ਅਖ਼ਤਰ ਦੇ ਅਕਾਲ ਚਲਾਣੇ ਨਾਲ ਵੱਡਾ ਘਾਟਾ ਪਿਆ ਹੈ ਜਿਸ ਨੂੰ ਪੂਰਾ ਕਰਨਾ ਔਖਾ ਹੈ।
ਆਪਣੇ ਭਰਾ ਸਵ. ਦਿਲਸ਼ਾਦ ਅਖ਼ਤਰ ਦੀ ਮੌਤ ਤੋਂ ਬਾਅਦ ਗਾਇਕੀ ਦੇ ਖੇਤਰ ‘ਚ ਨਾਮ ਕਮਾਉਣ ਵਾਲੀ ਸ਼੍ਮਤੀ ਮਨਪਰੀਤ ਅਖ਼ਤਰ ਨੇ ਜਿਥੇ ਮਾਂ ਬੋਲੀ ਪੰਜਾਬੀ ‘ਚ ਗਾਏ ਗੀਤਾਂ ਨਾਲ ਕਾਫ਼ੀ ਚਰਚਾ ਖੱਟੀ ਉਥੇ ਹੀ ਹਿੰਦੀ ਫ਼ਿਲਮ ‘ਕੁਛ ਕੁਛ ਹੋਤਾ ਹੈ’ ਵਿੱਚ ਉਨਾਂ ਦੁਆਰਾ ਗਾਇਆ ਗੀਤ ‘ਤੁਝੇ ਯਾਦ ਨਾ ਮੇਰੀ ਆਈ’ ਅੱਜ ਵੀ ਸਰੋਤਿਆਂ ਦੀ ਜ਼ੁਬਾਨ ‘ਤੇ ਹੈ। ਇਸ ਤੋਂ ਇਲਾਵਾ ਦਰਜਨਾਂ ਹੀ ਅਜਿਹੇ ਗੀਤ ਹਨ ਜਿਹੜੇ ਕਾਫ਼ੀ ਮਕਬੂਲ ਹੋਏ। ਉਹ ਆਪਣੇ ਪਤੀ ਸ਼੍ ਸੰਜੀਵ ਕੁਮਾਰ ਤੇ ਦੋ ਲੜਕਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਪਟਿਆਲਾ ਦੇ ਸਰਕਾਰੀ ਕੰਨਿਆ ਮਲਟੀਪਰਪਜ਼ ਸਕੂਲ ਵਿਖੇ ਸੰਗੀਤ ਅਧਿਆਪਕਾ ਵਜੋਂ ਸੇਵਾਵਾਂ ਨਿਭਾਉਣ ਵਾਲੇ ਮਨਪਰੀਤ ਅਖ਼ਤਰ ਨੂੰ ਅੰਤਿਮ ਵਿਦਾਇਗੀ ਦੇਣ ਮੌਕੇ ਲੋਕ ਗਾਇਕ ਤੇ ਅਦਾਕਾਰ ਹਰਭਜਨ ਮਾਨ, ਪੰਮੀ ਬਾਈ, ਰਣਜੀਤ ਕੌਰ, ਰਾਜ ਤਿਵਾੜੀ, ਗੀਤਕਾਰ ਬਾਬੂ ਸਿੰਘ ਮਾਨ, ਕੱਵਾਲ ਸ਼ੌਕਤ ਅਲੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਗਾਇਕ, ਗੀਤਕਾਰ, ਸਮਾਜ ਸੇਵਕ ਤੇ ਕਲਾ ਪਰੇਮੀ ਵੀ ਹਾਜ਼ਰ ਸਨ।